ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 671 ਧਨਾਸਰੀ ਮਃ ੫ ॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥ {ਪੰਨਾ 671} ਪਦਅਰਥ: ਕਰਿ = ਕਰ ਕੇ। ਮੋਹਿ = ਮੈਨੂੰ। ਤੇ = ਤੋਂ। ਛੁਟਕਾਏ = ਛੁਡਾ ਲਿਆ। ਤੇ = ਤੋਂ। ਸਗਲੋ ਧੰਧਾ = ਹਰੇਕ ਕਿਸਮ ਦਾ ਝਗੜਾ = ਝੰਬੇਲਾ। ਲਾਏ = ਲਾ ਕੇ।੧। ਸੰਗਿ = ਸੰਗ ਵਿਚ। ਚਿੰਤ = ਆਸ। ਬਿਰਾਨੀ = ਬਿਗਾਨੀ, ਓਪਰੀ। ਅਹੰਬੁਧਿ = ਹਉਮੈ ਵਾਲੀ ਅਕਲ। ਬਾਸਨ = ਵਾਸਨਾ। ਦੇ ਕਰਿ = ਦੇ ਕੇ, ਪੁੱਟ ਕੇ। ਗਡਹਾ = ਟੋਆ। ਗਾਡੀ = ਨੱਪ ਦਿੱਤੀ।੧।ਰਹਾਉ। ਕਿਸ ਕੇ = ਕਿਸੇ ਦੇ। ਬੈਰਾਈ = ਵੈਰੀ। ਪਸਾਰੁ = ਖਿਲਾਰਾ। ਭੀਤਰਿ = (ਹਰੇਕ ਦੇ) ਅੰਦਰ। ਤੇ = ਤੋਂ।੨। ਸਭੁ ਕੋ = ਹਰੇਕ ਪ੍ਰਾਣੀ। ਹਮ = ਅਸਾਂ, ਮੈਂ। ਪਰਾਇਓ = ਚਲਾ ਗਿਆ। ਬਿਰਹਾ = (ਪ੍ਰਭੂ ਤੋਂ) ਵਿਛੋੜਾ। ਤਾ = ਤਦੋਂ। ਮੇਲੁ = ਮਿਲਾਪ। ਮੇਰੈ ਰਾਜਨ = ਮੇਰੇ ਪ੍ਰਭੂ = ਪਾਤਿਸ਼ਾਹ ਨੇ।੩। ਢੀਠਾ = ਢੀਠ = ਪੁਣਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਵੂਠਾ = ਆ ਵੱਸਿਆ। ਸਬਦੁ ਗੁਰ = ਗੁਰੂ ਦਾ ਸ਼ਬਦ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਤੇ ਤਲੇ ਉਪਰ, ਆਕਾਸ਼ ਵਿਚ, ਪੁਲਾੜ ਵਿਚ। ਰਮਈਆ = ਸੋਹਣਾ ਰਾਮ।੪। ਅਰਥ: ਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ। ਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ) ।੧।ਰਹਾਉ। (ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, ਤੇ ਗੁਰੂ ਦੀ ਚਰਨੀਂ ਲਾ ਕੇ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ (ਜਿਸ ਕਰਕੇ ਮੇਰੇ) ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ।੧। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ) , ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ। ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ।੨। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ। ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ।੩। (ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ। ਹੇ ਨਾਨਕ! ਆਖ-ਹੇ ਭਾਈ!) ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ।੪।੩। ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ {ਪੰਨਾ 671} ਪਦਅਰਥ: ਜਬ ਤੇ = ਜਦੋਂ ਤੋਂ। ਭੇਟੇ = ਮਿਲੇ, ਪ੍ਰਾਪਤ ਕੀਤੇ। ਸਾਧੂ ਦਰਸਨ = ਗੁਰੂ ਦੇ ਦਰਸਣ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਕਰਿ = ਕਰ ਕੇ। ਪੁਰਖ ਬਿਧਾਤਾ = ਸਰਬ = ਵਿਆਪਕ ਕਰਤਾਰ। ਮੋਹਿ = ਮੈਂ। ਜਸੋ = ਜਸੁ, ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ।੧।ਰਹਾਉ। ਨਿਧਾਨੁ = ਖ਼ਜ਼ਾਨਾ। ਰਿਦ = ਹਿਰਦਾ। ਅਗੋਚਰ ਵਸਤੁ = ਉਹ ਚੀਜ਼ ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਨੋਟ: ਲਫ਼ਜ਼ 'ਵਸਤੁ' ਇਸਤ੍ਰੀ ਲਿੰਗ ਹੈ}। ਨਾਮਿ = ਨਾਮ ਵਿਚ। ਰੰਗੁ = ਪਿਆਰ।੨। ਅਚਿੰਤਾ = ਚਿੰਤਾ ਤੋਂ ਰਹਿਤ। ਅਸੋਚਾ = ਸੋਚਾਂ ਤੋਂ ਰਹਿਤ। ਸੋਗੁ = ਗ਼ਮ। ਤੇ = ਤੋਂ, ਨਾਲ। ਬਿਬਾਕਾ = ਨਿਡਰ, ਬੇ = ਬਾਕ।੩। ਭਾਣੀ = ਚੰਗੀ ਲੱਗਦੀ ਹੈ। ਜਿਨਿ = ਜਿਸ (ਗੁਰੂ) ਨੇ। ਕੈ = ਤੋਂ। ਕੁਰਬਾਣੀ = ਸਦਕੇ।੪। ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।੨। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।੩। ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ-(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।੪।੪। ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ {ਪੰਨਾ 671} ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧। ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩। ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪। ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ। ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨। (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩। (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫। |
Sri Guru Granth Darpan, by Professor Sahib Singh |