ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 672

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ {ਪੰਨਾ 672}

ਪਦਅਰਥ: ਰਾਜਨ = ਰਾਜੇ। ਭੂਮਨ = ਜ਼ਿਮੀਂ ਦੇ ਮਾਲਕ। ਤਾ ਕੀ = ਉਹਨਾਂ ਦੀ। ਤ੍ਰਿਸਨ = ਲਾਲਚ, ਤ੍ਰੇਹ। ਲਪਟਿ ਰਹੇ = ਚੰਬੜੇ ਰਹਿੰਦੇ ਹਨ। ਮਾਤੇ = ਮਸਤ। ਲੋਚਨ = ਅੱਖਾਂ।੧।

ਬਿਖਿਆ = ਮਾਇਆ। ਕਿਨ ਹੀ = ਕਿਨਿ ਹੀ {ਲਫ਼ਜ਼ 'ਕਿਨਿ ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਕਿਸੇ ਨੇ ਭੀ। ਤ੍ਰਿਪਤਿ = ਸ਼ਾਂਤੀ, ਰਜੇਵਾਂ। ਪਾਵਕੁ = ਅੱਗ। ਈਧਨਿ = ਈਧਨ ਨਾਲ, ਬਾਲਣ ਨਾਲ। ਧ੍ਰਾਪੈ = ਰੱਜਦੀ। ਕਹਾ = ਕਿੱਥੇ? ਅਘਾਈ = ਰੱਜਦਾ ਹੈ।ਰਹਾਉ।

ਦਿਨੁ ਦਿਨੁ = ਹਰ ਰੋਜ਼। ਬਿੰਜਨ = {व्यंजन} ਸੁਆਦਲੇ ਖਾਣੇ। ਤਾ ਕੀ = ਉਸ (ਮਨੁੱਖ) ਦੀ। ਸੁਆਨ = ਕੁੱਤਾ। ਨਿਆਈ = ਵਾਂਗ। ਘੋਖਾ = ਭਾਲਦਾ ਫਿਰਦਾ ਹੈ।੨।

ਕਾਮਵੰਤ = ਕਾਮ = ਵਾਸਨਾ ਵਾਲਾ। ਕਾਮੀ = ਵਿਸ਼ਈ। ਪਰ ਗ੍ਰਿਹ ਜੋਹ = ਪਰਾਏ ਘਰ ਦੀ ਤੱਕ। ਜੋਰ = ਤੱਕ, ਮੰਦ ਦ੍ਰਿਸ਼ਟੀ, ਭੈੜੀ ਵਿਕਾਰ = ਭਰੀ ਨਿਗਾਹ। ਦਿਨ ਪ੍ਰਤਿ = ਹਰ ਰੋਜ਼। ਸੂਕੈ = ਸੁੱਕਦਾ ਜਾਂਦਾ ਹੈ।੩।

ਨਿਧਾਨਾ = ਖ਼ਜ਼ਾਨਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੁ = ਆਤਮਕ ਅਡੋਲਤਾ। ਕੈ = ਦੇ (ਹਿਰਦੇ) ਵਿਚ। ਤੇ = ਤੋਂ, ਪਾਸੋਂ।੪।

ਅਰਥ: ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ। ਰਹਾਉ।

(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧।

ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।੨।

ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ।੩।

ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ, (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ।੪।੬।

ਧਨਾਸਰੀ ਮਃ ੫ ॥ ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥ ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥ ਜਾ ਕਉ ਆਇਓ ਏਕੁ ਰਸਾ ॥ ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥ ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ ॥ ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥ ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥ ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥ ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥ ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗਪਾਲਾ ॥੪॥੭॥ {ਪੰਨਾ 672}

ਪਦਅਰਥ: ਲਵੈ ਨ = ਨੇੜੇ ਨਹੀਂ ਪਹੁੰਚ ਸਕਦੀ। ਕਛੂਐ = ਕੋਈ ਭੀ ਚੀਜ਼। ਜਾ ਕਉ = ਜਿਸ ਦੀ ਖ਼ਾਤਰ। ਫਿਰਿ = ਮੁੜ ਮੁੜ। ਧਾਵੈ = ਦੌੜਦਾ ਹੈ। ਗੁਰਿ = ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਤਿਸ ਹੀ ਕਉ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}ਬਨਿ ਆਵੈ = ਸੋਭਦਾ ਹੈ।੧।

ਖੁਧਿਆ = ਭੁੱਖ। ਆਨ = ਕੋਈ ਹੋਰ। ਤਾ ਕੈ ਚਿਤਿ = ਉਸ ਦੇ ਚਿੱਤ ਵਿਚ।ਰਹਾਉ।

ਮਉਲਿਓ = ਖਿੜ ਪਿਆ। ਜਿਨਿ = ਜਿਸ (ਮਨੁੱਖ) ਨੇ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਤਾ ਕੀ = ਉਸ (ਮਨੁੱਖ) ਦੀ।੨।

ਘਾਲ = ਮੇਹਨਤ। ਅਚਿੰਤਾ = ਉਸ ਦੇ ਚਿਤ = ਚੇਤੇ ਤੋਂ ਬਾਹਰਾ ਹੀ। ਠਾਕੁਰਿ = ਠਾਕੁਰ ਨੇ। ਤਿਨਿ = ਉਸ (ਮਨੁੱਖ) ਨੇ। ਗੁਰਹਿ ਮੰਤਾ = ਗੁਰੂ ਦਾ ਹੀ ਉਪਦੇਸ਼।੩।

ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ। ਗਪਾਲਾ = {ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਪਰਮਾਤਮਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ, ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ।ਰਹਾਉ।

ਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ। ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ।੧।

ਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ। ਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ।੨।

ਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ। ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ, ਤੇ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।੩।

ਹੇ ਨਾਨਕ! ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ੪।੭।

ਧਨਾਸਰੀ ਮਹਲਾ ੫ ॥ ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹ੍ਹਾਯਾ ॥ ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥ ਹਮਰੇ ਪ੍ਰਾਨ ਗੁਪਾਲ ਗੋਬਿੰਦ ॥ ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥ ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥ ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥ ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥ ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹ੍ਹਾ ॥ ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹ੍ਹਾ ॥੪॥੮॥ {ਪੰਨਾ 672}

ਪਦਅਰਥ: ਬਾਰਿ ਜਾਉ = {ਜਾਉਂ} ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ। ਉਦਿਆਨ = ਜੰਗਲ। ਅੰਧਕਾਰ = ਘੁੱਪ ਹਨੇਰਾ। ਮਾਰਗੁ = ਰਸਤਾ।੧।

ਪ੍ਰਾਨ = ਜਿੰਦ, ਜਿੰਦ ਦਾ ਆਸਰਾ। ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣ ਵਾਲਾ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਜਿਸਹਿ = ਜਿਸ (ਪ੍ਰਭੂ) ਨੂੰ। ਚਿੰਦ = ਚਿੰਤਾ, ਫ਼ਿਕਰ, ਧਿਆਨ।੧।ਰਹਾਉ।

ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਨਿਧਾਨ = ਖ਼ਜ਼ਾਨੇ। ਮਾਨੁ = ਆਦਰ। ਮਹਤੁ = ਵਡਿਆਈ। ਪਤਿ = ਇੱਜ਼ਤ। ਲੈਤ = ਲੈਂਦਿਆਂ, ਸਿਮਰਦਿਆਂ। ਅਘ = ਪਾਪ। ਬਾਛਹਿ = ਚਾਹੁੰਦੇ ਹਨ। ਸਭਿ = ਸਾਰੇ। ਧੂਰੀ = ਚਰਨ = ਧੂੜ।੨।

ਮਨੋਰਥ = ਮਨੋ = ਕਾਮਨਾ, ਮਨ ਦੀਆਂ ਮੁਰਾਦਾਂ। ਕੋ = ਕੋਈ ਮਨੁੱਖ। ਸੇਵੈ = ਸਿਮਰਨ ਕਰੇ। ਅਪਰੰਪਰ = ਬੇਅੰਤ। ਪਾਰਿ ਪਰਨਾ = ਪਾਰ ਲੰਘ ਜਾਈਦਾ ਹੈ।੩।

ਸੀਤਲ = ਠੰਢਾ। ਸੰਗਿ = ਸੰਗਤਿ ਵਿਚ। ਓਲ੍ਹ੍ਹਾ = ਪਰਦਾ, ਇੱਜ਼ਤ। ਸੰਚਨੁ = ਇਕੱਠਾ ਕਰਨਾ। ਚੋਲ੍ਹ੍ਹਾ = ਸੁਆਦਲਾ ਖਾਣਾ।੪।

ਅਰਥ: ਹੇ ਭਾਈ! ਜਿਸ ਪਰਮਾਤਮਾ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ਉਹ ਸਾਡੀ ਜਿੰਦ ਦਾ ਆਸਰਾ ਹੈ।੧।ਰਹਾਉ।

ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ; ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ।੧।

ਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ, ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ।੨।

ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ। ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।੩।

ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ, (ਉਸ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ। ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ) ੪।੮।

TOP OF PAGE

Sri Guru Granth Darpan, by Professor Sahib Singh