ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 673

ਧਨਾਸਰੀ ਮਹਲਾ ੫ ॥ ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥ {ਪੰਨਾ 673}

ਪਦਅਰਥ: ਜਿਹ ਕਰਣੀ = ਜਿਸ ਕਰਤੂਤ ਨਾਲ। ਹੋਵਹਿ = ਤੂੰ ਹੋਵੇਂਗਾ। ਰੀਤਿ = ਮਰਯਾਦਾ, ਚਾਲ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਪੂਜਾ = ਆਦਰ = ਸਤਕਾਰ। ਬਿਪਰੀਤਿ = ਉਲਟੀ ਚਾਲ।੧।

ਭੂਲੋ = ਕੁਰਾਹੇ ਪਿਆ ਰਿਹਾ। ਅਵਰੈ = (ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ = ਹਿਤ, ਮੋਹ। ਹਰਿਚੰਦਉਰੀ = ਹਰਿ = ਚੰਦ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੍ਹਾ। ਬਨ ਹਰ ਪਾਤ = ਜੰਗਲ ਦੇ ਹਰੇ ਪੱਤੇ। ਰੇ = ਹੇ ਭਾਈ! ਬੀਤ = ਵਿਤ, ਪਾਇਆਂ।੧।ਰਹਾਉ।

ਦੇਹ ਕਉ = ਸਰੀਰ ਨੂੰ। ਗਰਧਭ = ਖੋਤਾ। ਭਸਮ = ਸੁਆਹ, ਮਿੱਟੀ। ਸੰਗੀਤਿ = ਨਾਲ। ਸੰਗਿ = ਨਾਲ। ਰਚੁ = ਪਿਆਰ। ਬਿਖੈ = ਵਿਸ਼ੇ। ਠਗਉਰੀ = ਠਗ = ਮੂਰੀ, ਠਗਬੂਟੀ।੨।

ਭਲੇ ਸੰਜੋਗੀ = ਭਲੇ ਸੰਜੋਗਾਂ ਨਾਲ (ਮਿਲਦੇ ਹਨ) ਜੁਗ = ਜਗਤ, ਸੰਸਾਰ। ਪੁਨੀਤ = ਪਵਿਤ੍ਰ। ਜਾਤ ਅਕਾਰਥ = ਵਿਅਰਥ ਜਾ ਰਿਹਾ ਹੈ। ਕਾਚ = ਕੱਚ। ਬਾਦਰੈ = ਬਦਲੇ ਵਿਚ, ਵੱਟੇ ਵਿਚ। ਜੀਤ = ਜਿੱਤਿਆ ਜਾ ਰਿਹਾ ਹੈ।੩।

ਕਿਲਵਿਖ = ਪਾਪ। ਗੁਰਿ = ਗੁਰੂ ਨੇ। ਅੰਜਨੁ = ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਨੇਤ੍ਰ = ਅੱਖਾਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤੇ = ਤੋਂ, ਵਿਚੋਂ। ਨਿਕਸਿਓ = ਨਿਕਲ ਗਿਆ।੪।

ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।

ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ।੧।

ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।

ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।

ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ। ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ {ਪੰਨਾ 673}

ਪਦਅਰਥ: ਪੀਸਉ = ਪੀਸਉਂ, ਮੈਂ (ਆਟਾ) ਪੀਹਾਂ। ਸੰਤ ਆਗੈ = ਸੰਤਾਂ ਦੀ ਸੇਵਾ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਈ = ਗਈਂ, ਮੈਂ ਗਾਵਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਯਾਦ ਕਰਦਾ ਰਹੇ। ਬਿਸ੍ਰਾਮ ਨਿਧਿ = ਸੁਖ ਦਾ ਖ਼ਜ਼ਾਨਾ। ਪਾਈ = ਪਾਈਂ, ਮੈਂ ਹਾਸਲ ਕਰ ਲਵਾਂ।੧।

ਮੇਰੇ ਸਾਈ = ਹੇ ਮੇਰੇ ਸਾਈਂ! ਠਾਕੁਰ = ਹੇ ਮਾਲਕ! ਧਿਆਈ = ਧਿਆਈਂ, ਮੈਂ ਧਿਆਵਾਂ।੧।ਰਹਾਉ।

ਤੇ = ਤੋਂ, ਨਾਲ। ਛੁਟੈ = ਮੁੱਕ ਜਾਏ। ਭਰਮਾਈ = ਭਟਕਣਾ। ਅਨਦ = ਆਨੰਦ। ਰਵਿਓ = ਵਿਆਪਕ। ਮਧੇ = ਵਿਚ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਾਂ। ਜਾਈ = ਜਾਇ, ਜਾ ਕੇ।੨।

ਨਿਧਿ = ਖ਼ਜ਼ਾਨਾ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਗੋਸਾਈ = ਹੇ ਧਰਤੀ ਦੇ ਖਸਮ! ਕੋਟਿ = ਕ੍ਰੋੜਾਂ। ਤੇ = ਤੋਂ, ਨਾਲ। ਮੁਖ ਤੇ = ਮੂੰਹੋਂ। ਨਿਮਖ = ਅੱਖ ਝਮਕਣ ਜਿਤਨੇ ਸਮੇ ਲਈ। ਬੁਲਾਈ = ਬੁਲਾਈਂ, ਮੈਂ (ਤੇਰਾ ਨਾਮ) ਉਚਾਰਾਂ।੩।

ਸਾ = ਉਹ {ਇਸਤ੍ਰੀ ਲਿੰਗ}ਕੈ ਮਨਿ = ਦੇ ਮਨ ਵਿਚ। ਭਾਈ = ਪਸੰਦ ਆਉਂਦੀ ਹੈ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਈਦਾ ਹੈ।੪।

ਅਰਥ: ਹੇ ਮੇਰੇ ਖਸਮ-ਪ੍ਰਭੂ! ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।੧।ਰਹਾਉ।

(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧।

ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।੨।

ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ।੩।

ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।੪।੧੦।

ਧਨਾਸਰੀ ਮਹਲਾ ੫ ॥ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥ {ਪੰਨਾ 673}

ਪਦਅਰਥ: ਜਿਨਿ = ਜਿਸ (ਮਾਇਆ) ਨੇ। ਅਪੁਨੈ ਵਸਿ = ਆਪਣੇ ਵੱਸ ਵਿਚ। ਤ੍ਰੈਗੁਣ ਭਵਨ = ਮਾਇਆ ਦੇ ਤਿੰਨ ਗੁਣ ਵਾਲੇ ਜਗਤ ਨੂੰ। ਚਤੁਰ ਸੰਸਾਰਾ = ਚਾਰ ਕੂਟ = ਸੰਸਾਰ ਨੂੰ। ਖੰਡੇ = ਤੋੜ ਦਿੱਤੇ, ਜਿੱਤ ਲਏ ਹਨ।੧।

ਗਹੀ = ਪਕੜੀ। ਓਟ = ਆਸਰਾ। ਤਉ = ਤਦੋਂ। ਛੂਟੋ = ਬਚਿਆ। ਸਾਧ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬਿਖੈ ਬਿਆਧਿ = ਵਿਸ਼ਿਆਂ ਦਾ ਰੋਗ। ਹੂਟੋ = ਮੁੱਕਿਆ, ਥੱਕਿਆ।੧।ਰਹਾਉ।

ਸੁਣੀਐ = ਆਵਾਜ਼ ਸੁਣੀ ਜਾਂਦੀ। ਮੁਖ ਤੇ = ਮੂੰਹੋਂ। ਬਕੀਐ = ਬੋਲਦੀ। ਡੀਠੀ = ਦਿੱਸਦੀ। ਉਹ = {ਇਸਤ੍ਰੀ ਲਿੰਗ} ਉਹ ਮਾਇਆ। ਠਗਉਰੀ = ਠਗਮੂਰੀ, ਠਗਬੂਟੀ, ਨਸ਼ੀਲੀ ਚੀਜ਼। ਭੁਲਾਵੈ = ਕੁਰਾਹੇ ਪਾ ਦੇਂਦੀ ਹੈ। ਕੈ ਮਨਿ = ਦੇ ਮਨ ਵਿਚ।੨।

ਮਾਇ = ਮਾਂ। ਹਿਤ = ਹਿਤ ਕਰਨ ਵਾਲੇ, ਮਿੱਤਰ। ਉਨਿ = ਉਸ (ਮਾਇਆ) ਨੇ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਦੇ ਹਿਰਦੇ = ਘਰ ਵਿਚ। ਦੂਆ = ਦ੍ਵੈਤ, ਵਿਤਕਰਾ। ਵਾਧਿ = ਵੱਧ, ਬਹੁਤੀ। ਘਾਟਿ = ਘੱਟ, ਥੋੜੀ।੩।

ਹਉ = ਮੈਂ। ਜਿਨਿ = ਜਿਸ (ਗੁਰੂ) ਨੇ। ਚਲਤੁ = ਤਮਾਸ਼ਾ। ਗੂਝੀ = ਲੁਕੀ ਹੋਈ। ਭਾਹਿ = ਅੱਗ। ਨਾ ਬਿਆਪੈ = ਜ਼ੋਰ ਨਹੀਂ ਪਾ ਸਕਦੀ।੪।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਗਲੇ = ਸਾਰੇ। ਅਪੁਨੈ ਘਰਿ = ਆਪਣੇ ਹਿਰਦੇ = ਘਰ ਵਿਚ। ਖਾਟੇ = ਖਾਟਿ, ਖੱਟ ਕੇ।੫।

ਅਰਥ: ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ।੧।ਰਹਾਉ।

ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ) ?੧।

ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ। ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ।੨।

ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ। ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ।੩।

ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ। (ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ।੪।

ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ਉਹ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ।੫।੧੧।

TOP OF PAGE

Sri Guru Granth Darpan, by Professor Sahib Singh