ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 674 ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674} ਪਦਅਰਥ: ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧। ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ। ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ = ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨। ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩। ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨। ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨। ਧਨਾਸਰੀ ਮਹਲਾ ੫ ॥ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥ ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥ {ਪੰਨਾ 674} ਪਦਅਰਥ: ਦੈਨ = ਦੇਣੇ। ਕਹੂੰ = ਕਿਸੇ ਨਾਲ ਭੀ। ਭੀਜੈ = ਭਿੱਜਦਾ, ਖ਼ੁਸ਼ ਹੁੰਦਾ। ਕਹੂੰ ਸੰਜਮ = ਕਿਸੇ ਭੀ ਜੁਗਤਿ ਨਾਲ। ਬੋਲਹਿ = ਬੋਲਦੇ ਹਨ। ਬੈਨ = ਬਚਨ।੧। ਕੋ = ਦਾ। ਮਨ ਚੈਨ = ਮਨ ਦੀ ਸ਼ਾਂਤੀ। ਬਹੁ ਪ੍ਰਕਾਰ = ਕਈ ਤਰੀਕਿਆਂ ਨਾਲ। ਸਭਿ = ਸਾਰੇ ਜੀਵ। ਤਾ ਕਉ = ਉਸ (ਪਰਮਾਤਮਾ) ਨੂੰ। ਬਿਖਮੁ = ਮੁਸ਼ਕਿਲ। ਲੈਨ ਨ ਜਾਈ = ਲੱਭਦਾ ਨਹੀਂ।੧।ਰਹਾਉ। ਬਸੁਧਾ = ਧਰਤੀ। ਭ੍ਰਮਨ ਬਸੁਧਾ ਕਰਿ = ਸਾਰੀ ਧਰਤੀ ਉਤੇ ਚੱਕਰ ਲਾ ਕੇ। ਉਰਧ ਤਾਪ = ਉਲਟੇ ਹੋ ਕੇ ਤਪ ਕਰਨੇ। ਗੈਨ = ਆਕਾਸ਼, ਗਗਨ, ਦਸਮ ਦੁਆਰ। ਲੈ ਗੈਨ = ਦਸਮ ਦੁਆਰ ਵਿਚ ਪ੍ਰਾਣ ਚਾੜ੍ਹ ਕੇ। ਪਤੀਆਨੋ = ਪਤੀਜਦਾ। ਜੈਨ ਜੁਗਿਤ ਕਰਿ = ਜੈਨੀਆਂ ਵਾਲੀ ਜੁਗਤੀ ਕਰ ਕੇ।੨। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਸਕੇ। ਤਿਨਿ = ਉਸ (ਮਨੁੱਖ) ਨੇ। ਜਿਸੁ ਕਿਰਪੈਨ = ਜਿਸ ਜਿਸ ਉਤੇ ਕਿਰਪਾ ਹੁੰਦੀ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰੰਗਿ = ਪ੍ਰੇਮ = ਰੰਗ ਵਿਚ। ਭੇਟੇ = ਮਿਲਦੇ ਹਨ। ਸੁਖਿ = ਸੁਖ = ਆਨੰਦ ਵਿਚ। ਜਨ ਰੈਨ = ਉਸ ਮਨੁੱਖ ਦੀ (ਉਮਰ ਦੀ) ਰਾਤ (ਗੁਜ਼ਰਦੀ ਹੈ) ।੩। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ) ! ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ।੧।ਰਹਉ। ਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ, ਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ।੧। ਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ, ਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ। ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ।੩।੧੩। ਨੋਟ: ਇਥੋਂ ਤਕ ਧਨਾਸਰੀ ਰਾਗ ਵਿਚ 'ਮਹਲਾ ੫' ਦੇ ੧੩ ਸ਼ਬਦ ਆ ਚੁਕੇ ਹਨ। ਇਸ ਤੋਂ ਅਗਲੇ ਸ਼ਬਦ ਦਾ ਜੋੜ-ਅੰਕ ੧੪ ਹੈ। ਇਸ ਦਾ ਭਾਵ ਇਹ ਹੈ ਕਿ ਅੰਕ ੧੩ ਤੋਂ ਅਗਾਂਹ ਨਵਾਂ ਸ਼ਬਦ ਸ਼ੁਰੂ ਹੋਇਆ ਹੈ। ਸਿਰਲੇਖ 'ਧਨਾਸਰੀ ਮਹਲਾ ੫' ਨਾ ਲਿਖਣ ਨਾਲ ਭੀ ਕੋਈ ਭਲੇਖੇ ਵਾਲੀ ਗੱਲ ਨਹੀਂ ਹੈ। ਧਨਾਸਰੀ ਮਹਲਾ ੫ ॥ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥ ਹੈ ਕੋਊ ਐਸੋ ਹਮਰਾ ਮੀਤੁ ॥ ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥ ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥ {ਪੰਨਾ 674} ਪਦਅਰਥ: ਤੇ = ਤੋਂ। ਛੁਟਕਾਵੈ = ਛੁਡਾ ਦੇਵੇ। ਅਸਥਿਰੁ = ਅਡੋਲ। ਨਿਹਚਲੁ = ਚੰਚਲਤਾ = ਹੀਨ। ਬਹੁਰਿ = ਮੁੜ। ਕਤ ਹੂ = ਕਿਤੇ ਭੀ। ਧਾਵੈ = ਦੌੜੇ।੧। ਸਮਗ੍ਰੀ = ਮਾਲ = ਅਸਬਾਬ। ਜੀਉ = ਨਿੰਦ। ਹੀਉ = ਹਿਰਦਾ। ਦੇਉ = ਦੇਉਂ, ਮੈਂ ਦੇ ਦਿਆਂ। ਅਰਪਉ = ਅਰਪਉਂ।੧।ਰਹਾਉ। ਪਰ ਤਨ = ਪਰਾਇਆ ਸਰੀਰ, ਪਰਾਈ ਇਸਤ੍ਰੀ। ਸੰਭਾਖਨੁ = ਬਚਨ = ਬਿਲਾਸ, ਗੋਸ਼ਟਿ। ਕੀਰਤਨਿ = ਕੀਰਤਨ ਵਿਚ।੨। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਪੁਰਖ = ਹੇ ਸਰਬ = ਵਿਆਪਕ! ਨਾਨਕੁ ਮਾਗੈ = ਨਾਨਕ ਮੰਗਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣਾ}। ਗੁਪਾਲਾ = ਹੇ ਗੋਪਾਲ!।੩। ਅਰਥ: ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ) ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ।੧।ਰਹਾਉ। ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ, ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ) ।੧। (ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ। ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ।੨। ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ! ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ।੩।੧੪। ਧਨਾਸਰੀ ਮਹਲਾ ੫ ॥ ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥ ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥ ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥ {ਪੰਨਾ 674} ਪਦਅਰਥ: ਲੀਨੇ ਉਬਾਰਿ = (ਸਦਾ ਹੀ) ਬਚਾ ਲਏ ਹਨ, ਬਚਾਂਦਾ ਆ ਰਿਹਾ ਹੈ। ਚਿਤਵੈ = ਸੋਚਦਾ ਹੈ। ਬੁਰਿਆਈ = ਹਾਨੀ, ਨੁਕਸਾਨ। ਤਿਸ ਹੀ ਕਉ = ਉਸੇ ਨੂੰ ਹੀ। ਮਾਰਿ = ਮਾਰੇ, ਮਾਰ ਦੇਂਦਾ ਹੈ। ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ। ਸਹਾਈ = ਮਦਦਗਾਰ। ਹਾਰਿ = ਹਾਰ ਖਾ ਕੇ, ਅਸਫਲ ਹੋ ਕੇ। ਭ੍ਰਮਤ ਭ੍ਰਮਤ = (ਨਿੰਦਿਆ ਦੇ ਕੰਮ ਵਿਚ) ਭਟਕਦੇ ਭਟਕਦੇ। ਊਹਾਂ ਹੀ = ਉਸ ਨਿੰਦਿਆ ਦੇ ਗੇੜ ਵਿਚ ਹੀ। ਮੂਏ = ਆਤਮਕ ਮੌਤੇ ਮਰ ਗਏ। ਬਾਹੁੜਿ = ਮੁੜ। ਗ੍ਰਿਹਿਨ ਮੰਝਾਰਿ = ਘਰਾਂ ਵਿਚ ਹੀ, ਅਨੇਕਾਂ ਜੂਨਾਂ ਵਿਚ {ਨੋਟ: ਪਾਠ "ਗ੍ਰਿਹਿ ਨ ਮੰਝਾਰਿ" ਗ਼ਲਤ ਹੈ। ਜੇ ਸੰਬੰਧਕ "ਮੰਝਾਰਿ" ਦਾ ਸੰਬੰਧ ਲਫ਼ਜ਼ 'ਗ੍ਰਿਹਿ' ਨਾਲ ਹੁੰਦਾ, ਤਾਂ ਇਹ ਲਫ਼ਜ਼ 'ਗ੍ਰਿਹ' ਹੁੰਦਾ। ਲਫ਼ਜ਼ 'ਗ੍ਰਿਹਿ' ਦਾ ਆਪਣਾ ਹੀ ਅਰਥ ਹੈ 'ਘਰ ਵਿਚ'। ਇਸ ਨੂੰ ਹੋਰ ਸੰਬੰਧਕ ਦੀ ਲੋੜ ਨਹੀਂ ਰਹੀ। ਸੋ, ਅਸਲ ਪਾਠ ਹੈ "ਗ੍ਰਿਹਿਨ ਮੰਝਾਰਿ"। ਲਫ਼ਜ਼ 'ਗ੍ਰਿਹਿਨ' ਲਫ਼ਜ਼ 'ਗ੍ਰਿਹ' ਤੋਂ ਬਹੁ-ਵਚਨ ਬਣਾਇਆ ਗਿਆ ਹੈ}।੧। ਦੁਖ ਭੰਜਨ ਸਰਣਿ = ਦੁੱਖਾਂ ਦੇ ਨਾਸ ਕਰਨ ਵਾਲੇ ਦੀ ਸਰਨ ਵਿਚ। ਅਪਾਰਿ = ਅਪਾਰ ਪ੍ਰਭੂ ਵਿਚ ਲੀਨ ਹੋ ਕੇ। ਕੈ ਦਰਬਾਰਿ = ਦੇ ਦਰਬਾਰ ਵਿਚ।੨। ਅਰਥ: ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ। ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ। ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ।੧। ਹੇ ਨਾਨਕ! ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ।੨।੧੫। ਧਨਾਸਿਰੀ ਮਹਲਾ ੫ ॥ ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥ {ਪੰਨਾ 674-675} ਪਦਅਰਥ: ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਚਿਤਾਰਿਆ = ਚੇਤੇ ਕਰਨਾ ਸ਼ੁਰੂ ਕੀਤਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਖਿਨ ਭੀਤਰਿ = ਇਕ ਛਿਨ ਵਿਚ। ਬਿਦਾਰਿਆ = ਨਾਸ ਕਰ ਦਿੱਤਾ।੧।ਰਹਾਉ। ਗੋਸਟਿ = ਮਿਲਾਪ। ਸਾਧ = ਗੁਰੂ। ਸੰਗਮਿ = ਸੰਗਤਿ ਵਿਚ। ਸਿਮਰਿ = ਸਿਮਰ ਕੇ। ਸੰਗੀ = ਸਾਥੀ।੧। ਅਉਖਧ ਮੂਲ = ਸਭ ਦਵਾਈਆਂ ਦਾ ਮੂਲ। ਮੰਤ੍ਰ ਮੂਲ = ਸਭ ਮੰਤ੍ਰਾਂ ਦਾ ਮੂਲ। ਮਨ = ਹੇ ਮਨ! ਏਕੈ = ਇਕ ਪਰਮਾਤਮਾ ਦਾ (ਨਾਮ ਹੀ) । ਮਨਿ = ਮਨ ਵਿਚ। ਬਿਸ੍ਵਾਸੁ = ਸਰਧਾ, ਨਿਸ਼ਚਾ। ਰੇਨ = ਧੂੜ। ਬਾਂਛੈ = ਲੋਚਦਾ ਹੈ। ਨਾਨਕੁ ਬਾਂਛੈ = ਨਾਨਕ ਮੰਗਦਾ ਹੈ। ਪੁਨਹੁ ਪੁਨਹੁ = ਮੁੜ ਮੁੜ, ਫਿਰ ਫਿਰ।੨। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ। ਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।੧। ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ।੨।੧੬। |
Sri Guru Granth Darpan, by Professor Sahib Singh |