ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 699

ਜੈਤਸਰੀ ਮਃ ੪ ॥ ਰਸਿ ਰਸਿ ਰਾਮੁ ਰਸਾਲੁ ਸਲਾਹਾ ॥ ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥ ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓ‍ੁਮਾਹਾ ਰਾਮ ॥੧॥ ਹਰਿ ਹਰਿ ਗੁਣ ਗੋਵਿੰਦ ਜਪਾਹਾ ॥ ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥ ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥ ਨਾਮੁ ਰਤਨੁ ਹਰਿ ਨਾਮੁ ਜਪਾਹਾ ॥ ਹਰਿ ਗੁਣ ਗਾਇ ਸਦਾ ਲੈ ਲਾਹਾ ॥ ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓ‍ੁਮਾਹਾ ਰਾਮ ॥੩॥ ਜਪਿ ਜਗਦੀਸੁ ਜਪਉ ਮਨ ਮਾਹਾ ॥ ਹਰਿ ਹਰਿ ਜਗੰਨਾਥੁ ਜਗਿ ਲਾਹਾ ॥ ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥ {ਪੰਨਾ 699}

ਪਦਅਰਥ: ਰਸਿ = ਆਨੰਦ ਨਾਲ। ਰਸਾਲੁ = (ਰਸ = ਆਲਯ) ਰਸਾਂ ਦਾ ਘਰ, ਰਸੀਲਾ। ਸਲਾਹਾ = ਅਸੀ ਸਲਾਹੁੰਦੇ ਹਾਂ। ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਲਾਹਾ = ਲਾਭ। ਕਰਹ = ਅਸੀ ਕਰਦੇ ਹਾਂ। ਉਮਾਹਾ = ਉਤਸ਼ਾਹ, ਚਾਉ।੧।

ਜਪਾਹਾ = ਅਸੀ ਜਪਦੇ ਹਾਂ। ਜੀਤਿ = ਜਿੱਤ ਕੇ, ਵੱਸ ਵਿਚ ਕਰ ਕੇ। ਦੂਤ = (ਕਾਮਾਦਿਕ) ਵੈਰੀ। ਵਸਿ = ਵੱਸ ਵਿਚ। ਆਵਹਿ = ਆ ਜਾਂਦੇ ਹਨ।੨।

ਗਾਇ = ਗਾ ਕੇ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮਾਧੋ = ਹੇ ਮਾਇਆ ਦੇ ਪਤੀ!੩।

ਜਗਦੀਸੁ = ਜਗਤ ਦਾ ਮਾਲਕ (ਜਗਤ = ਈਸ਼) ਜਪਉ = ਜਪਉਂ, ਮੈਂ ਜਪਦਾ ਹਾਂ। ਮਾਹਾ = ਵਿਚ। ਜਗੰਨਾਥੁ = ਜਗਤ ਦਾ ਨਾਥ। ਜਗਿ = ਜਗਤ ਵਿਚ। ਧਨੁ ਧਨੁ = ਸਲਾਹੁਣ = ਜੋਗ। ਪ੍ਰਭ = ਹੇ ਪ੍ਰਭੂ!੪।

ਅਰਥ: ਹੇ ਭਾਈ! ਅਸੀ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤਿ-ਸਾਲਾਹ ਕਰਦੇ ਹਾਂ। ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ। ਅਸੀ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ।੧।

ਹੇ ਭਾਈ! ਅਸੀ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ (ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ। ਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ।੨।

ਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀ ਇਹ) ਹਰਿ-ਨਾਮ ਜਪ ਰਹੇ ਹਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ।੩।

ਹੇ ਨਾਨਕ! ਆਖ-) ਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ (ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ, (ਮੇਹਰ ਕਰ, ਤੇਰਾ ਨਾਮ) ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ।੪।੨।੯।

ਜੈਤਸਰੀ ਮਹਲਾ ੪ ॥ ਆਪੇ ਜੋਗੀ ਜੁਗਤਿ ਜੁਗਾਹਾ ॥ ਆਪੇ ਨਿਰਭਉ ਤਾੜੀ ਲਾਹਾ ॥ ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓ‍ੁਮਾਹਾ ਰਾਮ ॥੧॥ ਆਪੇ ਦੀਪ ਲੋਅ ਦੀਪਾਹਾ ॥ ਆਪੇ ਸਤਿਗੁਰੁ ਸਮੁੰਦੁ ਮਥਾਹਾ ॥ ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓ‍ੁਮਾਹਾ ਰਾਮ ॥੨॥ ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥ ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥ ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓ‍ੁਮਾਹਾ ਰਾਮ ॥੩॥ ਆਪੇ ਵਡ ਦਾਣਾ ਵਡ ਸਾਹਾ ॥ ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥ ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓ‍ੁਮਾਹਾ ਰਾਮ ॥੪॥੪॥੧੦॥ {ਪੰਨਾ 699}

ਪਦਅਰਥ: ਆਪੇ = ਆਪ ਹੀ। ਜੁਗਾਹਾ = ਸਾਰੇ ਜੁਗਾਂ ਵਿਚ। ਤਾੜੀ = ਸਮਾਧੀ। ਨਾਮਿ = ਨਾਮ ਵਿਚ (ਜੋੜ ਕੇ) ਓ‍ੁਮਾਹਾ = ਉਤਸ਼ਾਹ, ਚਾਉ।੧।

ਦੀਪ = ਜਜ਼ੀਰੇ। ਲੋਅ = ਲੋਕ, ਭਵਨ {ਬਹੁ-ਵਚਨ}ਦੀਪਾਹਾ = ਰੌਸ਼ਨੀ ਕਰਨ ਵਾਲਾ। ਮਥਾਹਾ = ਰਿੜਕਦਾ। ਮਥਿ = ਰਿੜਕ ਕੇ। ਤਤੁ = ਮੱਖਣ, ਅਸਲੀਅਤ।੨।

ਸਖੀ = ਹੇ ਸਹੇਲੀਹੋ! ਮਿਲਿ = ਮਿਲ ਕੇ। ਗਾਵਾਹਾ = ਗਾਵੀਏ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਹਾ = ਲਾਭ। ਦ੍ਰਿੜੀ = ਹਿਰਦੇ ਵਿਚ ਪੱਕੀ ਕੀਤੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ।੩।

ਦਾਣਾ = ਦਾਨਾ, ਸਿਆਣਾ। ਸਾਹਾ = ਸ਼ਾਹ। ਪੂੰਜੀ = ਸਰਮਾਇਆ। ਵਿਸਾਹਾ = ਖ਼ਰੀਦਦਾ। ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ!੪।

ਅਰਥ: ਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ, ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ। ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ।੧।

ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ। ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ। ਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ।੨।

ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ। ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ। ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ।੩।

ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ। ਹੇ ਨਾਨਕ! ਆਖ-) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ।੪।੪।੧੦।

ਜੈਤਸਰੀ ਮਹਲਾ ੪ ॥ ਮਿਲਿ ਸਤਸੰਗਤਿ ਸੰਗਿ ਗੁਰਾਹਾ ॥ ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥ ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓ‍ੁਮਾਹਾ ਰਾਮ ॥੧॥ ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥ ਕਰਿ ਕਿਰਪਾ ਸਤਿਗੁਰੂ ਮਿਲਾਹਾ ॥ ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓ‍ੁਮਾਹਾ ਰਾਮ ॥੨॥ ਸਭਿ ਤੀਰਥ ਵਰਤ ਜਗ ਪੁੰਨ ਤਲਾਹਾ ॥ ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥ ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓ‍ੁਮਾਹਾ ਰਾਮ ॥੩॥ ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥ ਕਿਲਵਿਖ ਮੈਲੁ ਪਾਪ ਧੋਵਾਹਾ ॥ ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥ {ਪੰਨਾ 699}

ਪਦਅਰਥ: ਮਿਲਿ = ਮਿਲ ਕੇ। ਸੰਗਿ ਗੁਰਾਹਾ = ਗੁਰੂ ਦੀ ਸੰਗਤਿ ਵਿਚ। ਸੰਗਿ = ਨਾਲ। ਪੂੰਜੀ = ਸਰਮਾਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਿਸਾਹਾ = ਖ਼ਰੀਦੋ, ਇਕੱਠਾ ਕਰੋ। ਹਰਿ = ਹੇ ਹਰੀ! ਮਧੁ ਸੂਦਨ = {ਮਧੂ ਦੈਂਤ ਨੂੰ ਮਾਰਨ ਵਾਲਾ} ਹੇ ਪ੍ਰਭੂ! ਓ‍ੁਮਾਹਾ = ਉਤਸ਼ਾਹ।੧।

ਸ੍ਰਵਣਿ = ਕੰਨ ਨਾਲ। ਗਾਵਹੁ = ਅਸੀ ਗਾਵੀਏ। ਬੋਲਹ = ਅਸੀ ਬੋਲੀਏ।੨।

ਸਭਿ = ਸਾਰੇ {ਬਹੁ-ਵਚਨ}ਲਾਹਾ = ਜੇ ਤੋਲੀਏ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ ਅਸਲ ਲਫ਼ਜ਼ 'ਤੋਲਾਹਾ' ਹੈ, ਇਥੇ 'ਤੁਲਾਹਾ' ਪੜ੍ਹਨਾ ਹੈ। ਪੁਜਹਿ = ਅੱਪੜਦੇ। ਜਪਿ = ਜਪ ਕੇ।੩।

ਕਿਲਵਿਖ = ਪਾਪ। ਦੀਨ ਜਨ = ਨਿਮਾਣੇ ਦਾਸ।੪।

ਅਰਥ: ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ, ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ।੧।

ਹੇ ਹਰੀ! ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ (ਤਾਂ ਕਿ) ਤੇਰੇ ਗੁਣਾਂ ਵਾਲੀ ਬਾਣੀ ਅਸੀ ਕੰਨ ਨਾਲ ਸੁਣੀਏ, ਗੁਰੂ ਦੀ ਬਾਣੀ ਦੀ ਰਾਹੀਂ ਅਸੀ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ।੨।

ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ) , ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ, ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ। ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ।੩।

ਹੇ ਨਾਨਕ! ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀ ਤੇਰਾ ਨਾਮ ਜਪੀਏ, ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ, (ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ।੪।੫।੧੧।

TOP OF PAGE

Sri Guru Granth Darpan, by Professor Sahib Singh