ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 700

ਜੈਤਸਰੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ {ਪੰਨਾ 700}

ਪਦਅਰਥ: ਕੋਈ = ਕੋਈ ਵਿਰਲਾ। ਈਹਾ ਜਗਿ = ਇਥੇ ਜਗਤ ਵਿਚ। ਸੋਈ = ਉਹੀ ਮਨੁੱਖ। ਬਿਧਿ = ਜੁਗਤਿ। ਤਾ ਕੀ = ਉਸ ਮਨੁੱਖ ਦੀ। ਰੀਤਿ = ਜੀਵਨ = ਜੁਗਤਿ।੧।ਰਹਾਉ।

ਬਨਿਤਾ = ਇਸਤ੍ਰੀ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਇਸਟ = ਪਿਆਰੇ, ਇਸ਼ਟ। ਅਰੁ = ਅਤੇ। ਪੂਰਬ = ਪਹਿਲੇ। ਸੰਜੋਗੀ = ਸੰਜੋਗਾਂ ਨਾਲ। ਅੰਤਹਿ = ਅਖ਼ੀਰ ਵੇਲੇ। ਕੋ = ਕੋਈ ਭੀ। ਸਹਾਈ = ਸਾਥੀ।੧।

ਮੁਕਤਿ = {मौक्ितक} ਮੋਤੀ। ਕਨਿਕ = ਸੋਨਾ। ਮਨ ਰੰਜਨ ਕੀ = ਮਨ ਨੂੰ ਖ਼ੁਸ਼ ਕਰਨ ਵਾਲੀ। ਬਿਹਾਨੀ = ਬੀਤ ਗਈ। ਅਵਧਹਿ = ਉਮਰ। ਤਾ ਮਹਿ = ਇਹਨਾਂ ਪਦਾਰਥਾਂ ਵਿਚ। ਸੰਤੋਖੁ = ਸ਼ਾਂਤੀ, ਰੱਜ।੨।

ਹਸਤਿ = ਹਾਥੀ। ਅਸ੍ਵ = ਘੋੜੇ। ਪਵਨ ਤੇਜ = ਹਵਾ ਦੇ ਵੇਗ ਵਾਲੇ। ਧਣੀ = ਧਨ ਦਾ ਮਾਲਕ। ਭੂਮਨ = ਜ਼ਿਮੀ ਦਾ ਮਾਲਕ। ਚਤੁਰਾਂਗਾ = ਚਾਰ ਅੰਗਾਂ ਵਾਲੀ ਫ਼ੌਜ = ਹਾਥੀ, ਰਥ, ਘੋੜੇ, ਪੈਦਲ। ਸੰਗਿ = ਨਾਲ। ਕਛੂਐ = ਕੁਝ ਭੀ। ਸਿਧਾਇਓ = ਤੁਰ ਪਿਆ।੩।

ਪ੍ਰਿਅ = ਪਿਆਰੇ। ਤਾ ਕੈ = ਉਹਨਾਂ ਦੀ ਸੰਗਤਿ ਵਿਚ। ਗਾਈਐ = ਗਾਣਾ ਚਾਹੀਦਾ ਹੈ। ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਊਜਲ = ਰੌਸ਼ਨ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ।੪।

ਅਰਥ: ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ (ਕਿ) ਇਥੇ ਜਗਤ ਵਿਚ (ਅਸਲੀ) ਮਿੱਤਰ ਕੌਣ ਹੈ। ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, (ਫਿਰ) ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ।੧।

ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੀ ਮਾਇਆ-ਇਹਨਾਂ ਵਿਚ (ਲੱਗਿਆਂ) ਸਾਰੀ ਉਮਰ 'ਹਾਇ, ਹਾਇ' ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ।੨।

ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ) , ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ।੩।

ਹੇ ਨਾਨਕ! ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ।੪।੧।

ਜੈਤਸਰੀ ਮਹਲਾ ੫ ਘਰੁ ੩ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥ {ਪੰਨਾ 700}

ਪਦਅਰਥ: ਸੰਦੇਸਰੋ = ਪਿਆਰਾ ਸੰਦੇਸ਼। ਕਹੀਅਉ = ਦੱਸੋ। ਪ੍ਰਿਅ ਸੰਦੇਸਰੋ = ਪਿਆਰੇ ਦਾ ਮਿੱਠਾ ਸੁਨੇਹਾ। ਬਿਸਮੁ = ਹੈਰਾਨ। ਭਈ = ਹੋ ਗਈ। ਬਹੁ ਬਿਧਿ = ਕਈ ਕਿਸਮਾਂ। ਕਹਹੁ = ਦੱਸੋ। ਸਹੀਅਉ = ਹੇ ਸਹੇਲੀਹੋ!੧।ਰਹਾਉ।

ਕੋ = ਕੋਈ। ਕਹਤੋ = ਆਖਦਾ ਹੈ। ਮਹੀਅਉ = ਵਿਚ, ਮਾਹਿ। ਬਰਨੁ = ਰੰਗ {वर्ण}ਦੀਸੈ = ਦਿੱਸਦਾ। ਚਿਹਨੁ = ਨਿਸ਼ਾਨ, ਲੱਛਣ। ਲਖੀਐ = ਨਜ਼ਰ ਆਉਂਦਾ। ਸੁਹਾਗਨਿ = ਹੇ ਸੁਹਾਗਣੋ! ਸਾਤਿ = ਸਤਿ, ਸੱਚ। ਬੁਝਹੀਅਉ = ਸਮਝਾਓ।੧।

ਨਿਵਾਸੀ = ਨਿਵਾਸ ਰੱਖਣ ਵਾਲਾ। ਘਟਿ ਘਟਿ = ਹਰੇਕ ਸਰੀਰ ਵਿਚ। ਵਾਸੀ = ਵੱਸਣ ਵਾਲਾ। ਲੇਪੁ = (ਮਾਇਆ ਦਾ) ਅਸਰ। ਅਲਪਹੀਅਉ = ਅਲਪ ਭੀ, ਰਤਾ ਭਰ ਭੀ। ਨਾਨਕੁ ਕਹਤ = ਨਾਨਕ ਆਖਦਾ ਹੈ। ਹੇ ਲੋਗਾ = ਹੇ ਲੋਕੋ! ਸੰਤ ਰਸਨ ਕੋ = ਸੰਤ ਕੋ ਰਸਨ, ਸੰਤਾਂ ਦੀ ਜੀਭ ਉਤੇ। ਬਸਹੀਅਉ = ਵੱਸਦਾ ਹੈ।੨।

ਅਰਥ: ਹੇ ਸੁਹਾਗਵਤੀ ਸਹੇਲੀਹੋ! ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ।

ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧।

ਨਾਨਕ ਆਖਦਾ ਹੈ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ੨।੧।੨।

ਜੈਤਸਰੀ ਮਃ ੫ ॥ ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥ ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥ ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥ ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥ ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥ {ਪੰਨਾ 700}

ਪਦਅਰਥ: ਧੀਰਉ = ਧੀਰਉਂ, ਮੈਂ ਧੀਰਜ ਹਾਸਲ ਕਰਦਾ ਹਾਂ। ਕਉ = ਨੂੰ। ਸੁਨਿ = ਸੁਣ ਕੇ।੧।ਰਹਾਉ।

ਜੀਅ = ਜਿੰਦ। ਸਭੁ = ਹਰੇਕ ਚੀਜ਼, ਸਭ ਕੁਝ। ਅਰਪਉ = ਅਪਰਉਂ, ਮੈਂ ਅਰਪਨ ਕਰਦਾ ਹਾਂ। ਨੀਰਉ = ਨੇੜੇ। ਪੇਖਿ = ਵੇਖ ਕੇ।੧।

ਬਡ = ਵੱਡਾ। ਮਨਹਿ = ਮਨ ਵਿਚ। ਗਹੀਰਉ = ਮੈਂ ਗਹਿ ਰੱਖਦਾ ਹਾਂ, ਮੈਂ ਫੜੀ ਰੱਖਦਾ ਹਾਂ।੨।

ਚਾਹਉ = ਚਾਹਉਂ, ਮੈਂ ਚਾਹੁੰਦਾ ਹਾਂ। ਸੋਈ ਸੋਈ = ਉਹੀ ਉਹੀ ਚੀਜ਼। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਮਨਸਾ = {मनीषा} ਮਨ ਦੀ ਮੁਰਾਦ। ਪੂਰਉ = ਪੂਰਉਂ, ਮੈਂ ਪੂਰੀ ਕਰ ਲੈਂਦਾ ਹਾਂ।੩।

ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਦੂਖਿ = (ਕਿਸੇ) ਦੁੱਖ ਵਿਚ। ਝੂਰਉ = ਝੂਰਉਂ, ਮੈਂ ਝੂਰਦਾ ਹਾਂ। ਬੁਝਿ = ਸਮਝ ਕੇ।੪।

ਅਰਥ: ਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ।੧।

ਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ।੧।

ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ।੨।

ਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ।੩।

ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ।੪।੨।੩।

ਜੈਤਸਰੀ ਮਹਲਾ ੫ ॥ ਲੋੜੀਦੜਾ ਸਾਜਨੁ ਮੇਰਾ ॥ ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥ ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥ ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥ {ਪੰਨਾ 700}

ਪਦਅਰਥ: ਲੋੜੀਦੜਾ = ਜਿਸ ਨੂੰ ਹਰੇਕ ਜੀਵ ਲੋੜਦਾ ਹੈ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗਿਆਨ = ਇੰਦ੍ਰੇ ਦੀ ਰਾਹੀਂ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਨੀਕੇ = ਸੋਹਣੇ। ਘਟਿ ਘਟਿ = ਹਰੇਕ ਸਰੀਰ ਵਿਚ। ਤਿਸਹਿ = ਉਸ ਦਾ ਹੀ {ਲਫ਼ਜ਼ 'ਜਿਸੁ' ਦਾ ੁ ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉੱਡ ਗਿਆ ਹੈ}ਬਸੇਰਾ = ਨਿਵਾਸ।੧।ਰਹਾਉ।

ਸੂਖਿ = ਸੁਖ ਵਿਚ। ਅਰਾਧਨੁ = ਸਿਮਰਨ। ਦੂਖਿ = ਦੁਖ ਵਿਚ। ਕਾਹੂ ਬੇਰਾ = ਕਿਸੇ ਭੀ ਵੇਲੇ। ਜਪਤ = ਜਪਦਿਆਂ। ਕੋਟਿ = ਕ੍ਰੋੜਾਂ। ਸੂਰ = ਸੂਰਜ। ਉਜਾਰਾ = ਚਾਨਣ। ਭਰਮੁ = ਭਟਕਣਾ।੧।

ਥਾਨਿ = ਥਾਂ ਵਿਚ। ਥਨੰਤਰਿ = ਥਾਨ ਅੰਤਰਿ, ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਜਾਈ = ਜਾਈਂ, ਥਾਵਾਂ ਵਿਚ। ਸੰਗਿ = ਸੰਗਤਿ ਵਿਚ। ਬਹੁਰਿ = ਫਿਰ, ਮੁੜ। ਫੇਰਾ = ਜਨਮ ਮਰਨ ਦਾ ਗੇੜ।੨।

ਅਰਥ: ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ। ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ।੧।ਰਹਾਉ।

ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ। ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ।੧।

ਹੇ ਨਾਨਕ! ਆਖ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ। ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।੨।੩।੪।

TOP OF PAGE

Sri Guru Granth Darpan, by Professor Sahib Singh