ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 701

ਜੈਤਸਰੀ ਮਹਲਾ ੫ ਘਰੁ ੪ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥ ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥ ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥ ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥ {ਪੰਨਾ 701}

ਪਦਅਰਥ: ਆਗ੍ਯ੍ਯਿ = ਆਗਿਆ {आज्ञा} ਵਿਚ। ਤਜੀ = ਛੱਡ ਦਿੱਤੀ ਹੈ। ਸਿਆਨਪ = ਚਤੁਰਾਈ। ਵਿਸਾਰੀ = ਭੁਲਾ ਦਿੱਤੀ ਹੈ। ਅਹੰ = {अहं } ਹਉਮੈ। ਤਿਆਗ੍ਯ੍ਯਿ = ਤਿਆਗ ਕੇ {ਅੱਖਰ 'ਗ' ਦੇ ਨਾਲ ਅੱਧਾ 'ਯ' ਭੀ ਹੈ}੧।ਰਹਾਉ।

ਜਉ = ਜਦੋਂ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਗਲ = ਸਾਰੀ ਲੁਕਾਈ। ਮੋਹਿ = ਮੋਹ ਵਿਚ। ਮੋਹੀਅਉ = ਫਸੀ ਹੋਈ ਹੈ। ਭਾਗਿ = ਭੱਜ ਕੇ। ਕਰਿ = ਕਰ ਕੇ। ਤਉ = ਤਦੋਂ। ਜਮਿ = ਜਮ ਨੇ। ਮੋਰੀ ਲਾਗਿ = ਮੇਰਾ ਪਿੱਛਾ।੧।

ਸਾਗਰੁ = ਸਮੁੰਦਰ। ਪਾਵਕ = ਅੱਕ। ਕੋ = ਦਾ। ਵਡ ਭਾਗਿ = ਵੱਡੀ ਕਿਸਮਤ ਨਾਲ। ਸਰਬ ਸੁਖ = ਸਾਰੇ ਸੁਖ {ਲਫ਼ਜ਼ 'ਸੁਖੁ' ਅਤੇ 'ਸੁਖ' ਦਾ ਫ਼ਰਕ ਚੇਤੇ ਰੱਖੋ}ਮੋਰੋ ਚਿਤੁ = ਮੇਰਾ ਚਿੱਤ। ਲਾਗਿ = ਲੱਗ ਗਿਆ ਹੈ।੨।

ਅਰਥ: ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ। ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ।੧।ਰਹਾਉ।

ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ। (ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ।੧।

ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ। ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।੨।੧।੫।

ਜੈਤਸਰੀ ਮਹਲਾ ੫ ॥ ਮਨ ਮਹਿ ਸਤਿਗੁਰ ਧਿਆਨੁ ਧਰਾ ॥ ਦ੍ਰਿੜ੍ਹ੍ਹਿਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥ ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥ ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥ ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ ॥ ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥ {ਪੰਨਾ 701}

ਪਦਅਰਥ: ਦ੍ਰਿੜ੍ਹ੍ਹੀਓ = (ਹਿਰਦੇ ਵਿਚ) ਪੱਕਾ ਕਰ ਲਿਆ ਹੈ। ਗਿਆਨੁ = ਆਤਮਕ ਜੀਵਨ ਦੀ ਸੂਝ। ਮਇਆ = ਦਇਆ।੧।ਰਹਾਉ।

ਕਾਲ ਜਾਲ = ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ। ਅਰੁ = ਅਤੇ। ਛੁਟਕੇ = ਮੁੱਕ ਗਏ। ਜਮਹਿ = ਜਮਾਂ ਦਾ। ਦੁਖ ਹਰਣ = ਦੁੱਖਾਂ ਦਾ ਨਾਸ ਕਰਨ ਵਾਲਾ। ਕਰੁਣਾ = ਤਰਸ। ਕਰੁਣਾ ਪਤਿ = ਤਰਸ ਦਾ ਮਾਲਕ। ਗਹਿਓ = ਫੜਿਆ ਹੈ।੧।

ਨਾਵ = ਬੇੜੀ। ਨਾਵ ਰੂਪ ਭਇਓ = ਬੇੜੀ ਦਾ ਰੂਪ ਬਣ ਗਿਆ ਹੈ, ਬੇੜੀ ਦਾ ਕੰਮ ਦੇ ਦਿੱਤਾ ਹੈ। ਰੰਗੁ = ਸਾਥ, ਸੰਗਤਿ। ਭਵ ਨਿਧਿ = ਸੰਸਾਰ = ਸਮੁੰਦਰ। ਅਪਿਓ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਗਤੁ ਥੀਓ = ਚਲਾ ਗਿਆ ਹੈ। ਅਜਰੁ = ਜਰਾ = ਰਹਿਤ ਆਤਮਕ ਦਰਜਾ, ਉਹ ਆਤਮਕ ਦਰਜਾ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ। ਜਰਾ = ਪ੍ਰਾਪਤ ਕਰ ਲਿਆ ਹੈ।੨।

ਅਰਥ: ਹੇ ਭਾਈ! ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ, ਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ।੧।ਰਹਾਉ।

(ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ। ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ।੧।

ਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ। ਹੇ ਨਾਨਕ! ਆਖ-ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ।੨।੨।੬।

ਜੈਤਸਰੀ ਮਹਲਾ ੫ ॥ ਜਾ ਕਉ ਭਏ ਗੋਵਿੰਦ ਸਹਾਈ ॥ ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥ ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥ ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥ ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥ {ਪੰਨਾ 701}

ਪਦਅਰਥ: ਜਾ ਕਉ = ਜਿਨ੍ਹਾਂ (ਮਨੁੱਖਾਂ) ਵਾਸਤੇ। ਸਹਾਈ = ਮਦਦਗਾਰ। ਸਹਜ = ਆਤਮਕ ਅਡੋਲਤਾ। ਸਗਲ = ਸਾਰੇ। ਸਿਉ = ਨਾਲ। ਵਾ ਕਉ = ਉਹਨਾਂ ਨੂੰ। ਕਾਈ ਬਿਆਧਿ = ਕੋਈ ਭੀ ਰੋਗ।੧।ਰਹਾਉ।

ਦੀਸਹਿ = ਦਿੱਸਦੇ ਹਨ। ਸੰਗਿ = ਨਾਲ। ਰਹਹਿ = ਰਹਿੰਦੇ ਹਨ। ਅਲੇਪਾ = ਨਿਰਲੇਪ, ਨਿਰਾਲੇ। ਵਿਆਪੈ = ਜ਼ੋਰ ਪਾਂਦੀ। ਊਨ = ਉਹਨਾਂ ਨੂੰ। ਮਾਈ = ਮਾਇਆ। ਰੰਗਿ = ਪ੍ਰੇਮ ਵਿਚ। ਤਤ = ਅਸਲੀਅਤ। ਬੇਤੇ = ਜਾਣਨ ਵਾਲੇ। ਤੇ = ਤੋਂ। ਬੁਧਿ = ਅਕਲ।੧।

ਮਇਆ = ਮੇਹਰ। ਸੇਈ = ਉਹੀ। ਸੁਭਾਈ = ਪ੍ਰੇਮ = ਭਰੇ ਹਿਰਦੇ ਵਾਲੇ। ਭਾਉ = ਪ੍ਰੇਮ। ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਰਸਿ = ਪ੍ਰੇਮ ਨਾਲ।੨।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ (ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ।੧।ਰਹਾਉ।

ਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ।੧।

ਹੇ ਨਾਨਕ! ਉਹੀ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੩।੭।

ਜੈਤਸਰੀ ਮਹਲਾ ੫ ॥ ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥ ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥ ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥ ਹਾਰਿ ਪਰਿਓ ਤੁਮ੍ਹ੍ਹਰੈ ਪ੍ਰਭ ਦੁਆਰੈ ਦ੍ਰਿੜ੍ਹ੍ਹੁ ਕਰਿ ਗਹੀ ਤੁਮ੍ਹ੍ਹਾਰੀ ਲੂਕ ॥ ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥ {ਪੰਨਾ 701}

ਪਦਅਰਥ: ਗੋਬਿੰਦ = ਹੇ ਗੋਬਿੰਦ! ਜੀਵਨ = ਜ਼ਿੰਦਗੀ। ਰੂਪ = ਸੁਹਣੱਪ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਮਗਨ = ਡੁੱਬੇ ਹੋਏ, ਮਸਤ। ਦੀਪ = ਦੀਵਾ।੧।ਰਹਾਉ।

ਸਫਲ = ਫਲ ਦੇਣ ਵਾਲਾ। ਪ੍ਰਭ = ਹੇ ਪ੍ਰਭੂ! ਆਨੂਪ = ਬੇ = ਮਿਸਾਲ, ਜਿਨ੍ਹਾਂ ਦੀ ਉਪਮਾ ਨਾਹ ਹੋ ਸਕੇ, ਜਿਨ੍ਹਾਂ ਵਰਗਾ ਹੋਰ ਕੋਈ ਨਹੀਂ। ਕਰਉ = ਕਰਉਂ, ਮੈਂ ਕਰਦਾ ਹਾਂ। ਤਿਹ = ਉਹਨਾਂ (ਚਰਨਾਂ) ਨੂੰ। ਮਨਹਿ = ਮਨ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾਂਦਾ ਹਾਂ, ਭੇਟਾ ਕਰਦਾ ਹਾਂ।੧।

ਹਾਰਿ = ਥੱਕ ਕੇ। ਦੁਆਰੈ = ਦਰ ਤੇ। ਦ੍ਰਿੜੁ ਕਰਿ = ਪੱਕੀ ਕਰ ਕੇ। ਗਹੀ = ਫੜੀ। ਲੂਕ = ਖ਼ਤਰਿਆਂ ਤੋਂ ਬਚਣ ਵਾਸਤੇ ਲੁਕਵੀਂ ਥਾਂ, ਓਟ। ਪਾਵਕ = ਅੱਗ। ਕੂਪ = ਖੂਹ।੨।

ਅਰਥ: ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ। ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ।੧।ਰਹਾਉ।

ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ। ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ।੧।

ਹੇ ਪ੍ਰਭੂ! ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ। ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ।੨।੪।੮।

ਜੈਤਸਰੀ ਮਹਲਾ ੫ ॥ ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥ ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥ ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥ ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ {ਪੰਨਾ 701}

ਪਦਅਰਥ: ਸਿਉ = ਨਾਲ। ਜੋਰਿ = ਜੋੜਿ। ਗਹਉ = ਗਹਉਂ, ਮੈਂ ਫੜ ਲਵਾਂ। ਬਕਉ = ਬਕਉਂ, ਮੈਂ ਬੋਲਾਂ। ਸਭੁ = ਮਿੱਠੇ ਬੋਲ। ਰਸਨਾ = ਜੀਭ (ਨਾਲ) ਅਕੋਰਿ = ਭੇਟਾ।੧।ਰਹਾਉ।

ਕਿਆਰੋ = ਕਿਆਰਾ। ਸਿੰਚੈ = ਸਿੰਜਦਾ ਹੈ। ਸੁਧਾ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸੰਜੋਰਿ = ਚੰਗੀ ਤਰ੍ਹਾਂ ਜੋੜ ਕੇ। ਇਆ ਰਸ ਮਹਿ = ਇਸ ਰਸ ਵਿਚ। ਮਗਨੁ = ਮਸਤ। ਤੇ = ਤੋਂ, ਨਾਲ। ਬਿਖਿਆ = ਮਾਇਆ। ਤੋਰਿ = ਤੋੜ ਕੇ।੧।

ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਓਰਿ = ਪਾਸਾ, ਓਟ। ਅਭੈ ਪਦੁ = ਨਿਰਭੈਤਾ ਦੀ ਅਵਸਥਾ। ਕੋ = ਦਾ। ਛੋਰਿ = ਛੁੜਾ ਕੇ।੨।

ਅਰਥ: ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ, ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ।੧।ਰਹਾਉ।

ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ, ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ।੧।

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ। ਹੇ ਪ੍ਰਭੂ! ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼।੨।੫।੯।

TOP OF PAGE

Sri Guru Granth Darpan, by Professor Sahib Singh