ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 702

ਜੈਤਸਰੀ ਮਹਲਾ ੫ ॥ ਚਾਤ੍ਰਿਕ ਚਿਤਵਤ ਬਰਸਤ ਮੇਂਹ ॥ ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥ ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥ ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥ ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥ ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥ {ਪੰਨਾ 702}

ਪਦਅਰਥ: ਚਾਤ੍ਰਿਕ = ਪਪੀਹਾ। ਚਿਤਵਤ = ਚਿਤਾਰਦਾ ਰਹਿੰਦਾ ਹੈ। ਬਰਸਤ ਮੇਂਹ = (ਕਿ) ਮੀਂਹ ਵਰ੍ਹੇ, ਮੀਂਹ ਦਾ ਵਰ੍ਹਨਾ। ਸਿੰਧੁ = ਸਮੁੰਦਰ। ਕ੍ਰਿਪਾ ਸਿੰਧੁ = ਹੇ ਕਿਰਪਾ ਦੇ ਸਮੁੰਦਰ! ਕਰੁਣਾ = ਤਰਸ, ਦਇਆ। ਕੌ = ਦਾ। ਨੇਂਹ = ਪ੍ਰੇਮ, ਲਗਨ, ਸ਼ੌਕ।੧।ਰਹਾਉ।

ਚਾਹਤ = ਚਾਹੁੰਦੀ। ਅਨਦ = ਆਨੰਦ, ਸੁਖ। ਪੇਖਿ = ਵੇਖ ਕੇ। ਦੇਂਹ = ਦਿਨ। ਆਨ = {अन्य} ਹੋਰ ਹੋਰ। ਮੀਨਾ = ਮੱਛੀ। ਤੇਂਹ = ਉਸ ਦਾ। ਮਰਨਾ = ਮੌਤ।੧।

ਨਾਥ = ਹੇ ਨਾਥ! ਕਰੇਂਹ = ਕਰ। ਨਾਨਕੁ ਆਰਾਧੈ = ਨਾਨਕ ਆਰਾਧਦਾ ਰਹੇ। ਤਿਸੁ ਬਿਨੁ = ਉਸ (ਆਰਾਧਨ) ਤੋਂ ਬਿਨਾ। ਆਨ = ਹੋਰ। ਕੇਂਹ = ਕੁਝ ਭੀ।੨।

ਅਰਥ: ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ) , ਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ।੧।ਰਹਾਉ।

ਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ। (ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ।੧।

ਹੇ ਨਾਥ! ਤੈਥੋਂ ਬਿਨਾ) ਅਸੀ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ। (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ।੨।੬।੧੦।

ਜੈਤਸਰੀ ਮਹਲਾ ੫ ॥ ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥ ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥ ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥ ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥ ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥ ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥ {ਪੰਨਾ 702}

ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਦਾ ਆਸਰਾ ਪ੍ਰਭੂ। ਕਰਿ = ਕਰ ਕੇ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਭੇਟੇ = ਮਿਲ ਪਏ। ਪੂਰਨ = ਸਰਬ = ਗੁਣ = ਭਰਪੂਰ। ਪੁਰਖ = ਸਰਬ = ਵਿਆਪਕ।੧।ਰਹਾਉ।

ਠਗਉਰੀ = ਠਗ = ਮੂਰੀ, ਠਗ = ਬੂਟੀ, ਉਹ ਬੂਟੀ ਜੇਹੜੀ ਖਵਾ ਕੇ ਠੱਗ ਓਭੜ ਰਾਹੀਆਂ ਨੂੰ ਲੁੱਟ ਲੈਂਦੇ ਹਨ। ਕਉ = ਨੂੰ। ਪੀਅਉ = ਪੀ ਲਿਆ। ਤਾ ਕੀ = ਉਸ (ਰਸ) ਦੀ। ਕੁਦਰਤਿ = ਤਾਕਤ।੧।

ਲੜਿ = ਲੜ ਨਾਲ, ਪੱਲੇ ਨਾਲ। ਉਧਰੇ = ਬਚਾ ਲਏ। ਉਧਰਨਹਾਰੇ = ਬਚਾਣ ਦੀ ਸਮਰਥਾ ਵਾਲੇ ਹਰੀ ਨੇ। ਸਿਮਰਿ = ਸਿਮਰ ਕੇ। ਦੁਆਰੇ = ਦਰ ਤੇ।

ਅਰਥ: ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ। ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ।੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ। ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ) ?੧।

ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ। ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ।੨।੭।੧੧।

ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥ {ਪੰਨਾ 702}

ਪਦਅਰਥ: ਭ੍ਰਮਿ = ਭਟਕ ਕੇ, ਭੌਂ ਕੇ। ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ = ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ।੧।ਰਹਾਉ।

ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤਿ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ। ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ।੧।

ਸੰਪਤਿ = ਧਨ। ਮਹਿ = ਵਿਚ। ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ।੨।

ਅਰਥ: ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ।

ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧।

ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ।੨।੮।੧੨।

ਜੈਤਸਰੀ ਮਹਲਾ ੫ ॥ ਹਰਿ ਜਨ ਸਿਮਰਹੁ ਹਿਰਦੈ ਰਾਮ ॥ ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥ ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥ ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥ ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥ ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥ {ਪੰਨਾ 702}

ਪਦਅਰਥ: ਹਰਿ ਜਨ = ਹੇ ਹਰਿ ਜਨੋ! ਹਿਰਦੇ = ਹਿਰਦੇ ਵਿਚ। ਅਪਦਾ = ਬਿਪਤਾ, ਮੁਸੀਬਤ। ਨਿਕਟਿ = ਨੇੜੇ। ਪੂਰਨ = ਸਫਲ।੧।ਰਹਾਉ।

ਕੋਟਿ = ਕ੍ਰੋੜਾਂ। ਬਿਘਨ = ਔਕੜਾਂ, ਰੁਕਾਵਟਾਂ। ਬਿਨਸਹਿ = ਨਾਸ ਹੋ ਜਾਂਦੇ ਹਨ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਧਾਮ = ਘਰ, ਟਿਕਾਣਾ। ਕਉ = ਨੂੰ। ਜਾਮ = ਜਮਰਾਜ।੧।

ਤਜਿ = ਛੱਡ ਕੇ। ਆਨ = {अन्य} ਹੋਰ ਹੋਰ। ਖਾਮ = ਖ਼ਾਮ, ਕੱਚੀ। ਗਹੁ = ਫੜ ਰੱਖ। ਸੁਖ ਸਮੂਹ = ਸਾਰੇ ਹੀ ਸੁਖ। ਬਿਸਰਾਮ = ਟਿਕਾਣਾ।੨।

ਅਰਥ: ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ, ਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ।੧।ਰਹਾਉ।

ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ) ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ।੧।

ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ (ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ।੨।੯।੧੩।

ਜੈਤਸਰੀ ਮਹਲਾ ੯    ੴ ਸਤਿਗੁਰ ਪ੍ਰਸਾਦਿ ॥ ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥ ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥ ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥ {ਪੰਨਾ 702}

ਪਦਅਰਥ: ਭੂਲਿਓ = (ਸਹੀ ਜੀਵਨ = ਰਸਤਾ) ਭੁੱਲ ਚੁਕਾ ਹੈ। ਉਰਝਾਇਓ = ਫਸ ਰਿਹਾ ਹੈ। ਲਾਲਚ = ਲਾਲਚ ਵਿਚ। ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਬੰਧਾਇਓ = ਬਨ੍ਹਾ ਰਿਹਾ ਹੈ, ਫਸਾ ਰਿਹਾ ਹੈ।੧।ਰਹਾਉ।

ਬਿਖੈ ਰਸ = ਵਿਸ਼ਿਆਂ ਦੇ ਸੁਆਦ ਵਿਚ। ਜਸੁ = ਸਿਫ਼ਤਿ-ਸਾਲਾਹ। ਕੋ = ਦਾ। ਸੰਗਿ = ਨਾਲ। ਬਨੁ = ਜੰਗਲ। ਧਾਇਓ = ਦੌੜਦਾ ਹੈ।੧।

ਭੀਤਰਿ = ਅੰਦਰ। ਤਾ ਕੋ = ਉਸ ਦਾ। ਗਿਆਨੁ = ਸਮਝ। ਬਿਰਥਾ = ਵਿਅਰਥ।੨।

ਅਰਥ: ਹੇ ਭਾਈ! ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ, (ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ।੧।ਰਹਾਉ।

(ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ। ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ।੧।

ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ। ਹੇ ਦਾਸ ਨਾਨਕ! ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ।੨।੧।

TOP OF PAGE

Sri Guru Granth Darpan, by Professor Sahib Singh