ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 703

ਜੈਤਸਰੀ ਮਹਲਾ ੯ ॥ ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ {ਪੰਨਾ 703}

ਪਦਅਰਥ: ਹਰਿ ਜੂ = ਹੇ ਪ੍ਰਭੂ ਜੀ! ਪਤਿ = ਇੱਜ਼ਤ। ਜਮ ਕੋ ਤ੍ਰਾਸ = ਮੌਤ ਦਾ ਡਰ। ਉਰ = {उरस} ਹਿਰਦਾ। ਗਹੀ = ਫੜੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!੧।ਰਹਾਉ।

ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਪਾਪੀ। ਮੁਗਧ = ਮੂਰਖ। ਫੁਨਿ = ਅਤੇ {पुन: }, ਫਿਰ, ਭੀ। ਹਾਰਾ = ਥੱਕ ਗਿਆ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਡਰ। ਕੋ = ਦਾ। ਤਿਹ = ਉਸ ਦੀ। ਜਾਰਾ = ਸਾੜ ਦਿੱਤਾ ਹੈ।੧।

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਮੁਕਤਿ = (ਡਰ ਤੋਂ) ਖ਼ਲਾਸੀ। ਕੇ ਕਾਰਨਿ = ਦੇ ਵਾਸਤੇ। ਦਹ ਦਿਸਿ = ਦਸੀਂ ਪਾਸੀਂ। ਉਠਿ = ਉੱਠ ਕੇ। ਨਿਰੰਜਨੁ = {ਨਿਰ = ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਤਾ ਕੋ = ਉਸ ਦਾ। ਮਰਮੁ = ਭੇਦ।੨।

ਅਬ = ਹੁਣ। ਕੀਜੈ = ਕੀਤਾ ਜਾਏ। ਸਰਨਾਗਤਿ = ਸਰਨ ਆਇਆ ਹਾਂ। ਅਭੈ ਦਾਨੁ = ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ। ਪ੍ਰਭ = ਹੇ ਪ੍ਰਭੂ! ਦੀਜੈ = ਦੇਹ।੩।

ਅਰਥ: ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ।੧।ਰਹਾਉ।

ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ।੧।

ਹੇ ਭਾਈ! ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ। (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ।੨।

ਹੇ ਨਾਨਕ! ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ।੩।੨।

ਜੈਤਸਰੀ ਮਹਲਾ ੯ ॥ ਮਨ ਰੇ ਸਾਚਾ ਗਹੋ ਬਿਚਾਰਾ ॥ ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ {ਪੰਨਾ 703}

ਪਦਅਰਥ: ਰੇ = ਹੇ! ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਗਹੋ = ਗਹੁ, ਫੜ, ਹਿਰਦੇ ਵਿਚ ਸੰਭਾਲ। ਮਿਥਿਆ = ਨਾਸਵੰਤ। ਮਾਨੋ = ਮਾਨਹੁ, ਜਾਣੋ। ਸਗਰੋ = ਸਾਰਾ।੧।ਰਹਾਉ।

ਜਾ ਕਉ = ਜਿਸ (ਪ੍ਰਭੂ) ਨੂੰ। ਤਿਹ ਪਾਰਾ = ਉਸ (ਦੇ ਸਰੂਪ) ਦਾ ਅੰਤ। ਨਿਕਟਿ = ਨੇੜੇ। ਰੇਖ = ਚਿਹਨ। ਤੇ = ਤੋਂ। ਨਿਆਰਾ = ਵੱਖਰਾ।੧।

ਪਾਵਨ = ਪਵਿਤ੍ਰ ਕਰਨ ਵਾਲਾ। ਮਹਿ = ਵਿਚ। ਕੋ = ਦਾ। ਕਬ ਹੂ = ਕਦੇ ਭੀ। ਸੰਭਾਰਾ = (ਹਿਰਦੇ ਵਿਚ) ਸਾਂਭਿਆ। ਜਗ ਬੰਦਨ = ਹੇ ਜਗ = ਬੰਦਨ! ਜਗਤ ਦੇ ਨਮਸਕਾਰ = ਜੋਗ! ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਤੁਹਾਰਾ = ਤੇਰਾ।੨।

ਅਰਥ: ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ।੧।ਰਹਾਉ।

ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ, ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ।੧।

ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ। ਹੇ ਨਾਨਕ! ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ੨।੩।

ਜੈਤਸਰੀ ਮਹਲਾ ੫ ਛੰਤ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}

ਪਦਅਰਥ: ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ। ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ।੧।

ਛੰਤ। ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ। ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ। ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ। ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ = ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ। ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ। ਤਿਖਾ = ਤ੍ਰੇਹ, ਪਿਆਸ।੧।

ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।

ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ {ਪੰਨਾ 703}

ਪਦਅਰਥ: ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ। ਡੂੰ = ਤੋਂ। ਹਿਕਿ = ਇਕਿ {ਲਫ਼ਜ਼ 'ਇਕ' ਤੋਂ ਬਹੁ-ਵਚਨ}ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ? ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ। ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ। ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ। ਨਾਨਕੁ ਕਹੈ– ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ।੨।

ਅਰਥ: ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ। (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ।੨।

TOP OF PAGE

Sri Guru Granth Darpan, by Professor Sahib Singh