ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 705

ਸਲੋਕੁ ॥ ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥ ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥ ਛੰਤੁ ॥ ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥ ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥ ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥ ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥ ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥ ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥ {ਪੰਨਾ 705}

ਪਦਅਰਥ: ਚਿਤਿ = ਚਿੱਤ ਵਿਚ। ਜਿ = ਜੋ ਕੁਝ। ਚਿਤਵਿਆ = ਸੋਚਿਆ, ਧਾਰਿਆ, ਮੰਗਿਆ। ਸਬਾਇਆ = ਸਾਰੇ।੪।

ਛੰਤੁ। ਅਬ = ਹੁਣ। ਛੂਟਿ ਗਇਆ = (ਮਾਇਆ ਦੇ ਮੋਹ ਤੋ) ਆਜ਼ਾਦ ਹੋ ਗਿਆ। ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੋਤੀ = ਪ੍ਰਭੂ ਦੀ ਜੋਤੀ ਵਿਚ। ਜੋਤਿ = ਸੁਰਤਿ, ਜਿੰਦ। ਕਿਲਬਿਖ = ਪਾਪ। ਤਪਤਿ = ਵਿਕਾਰਾਂ ਦੀ ਸੜਨ। ਅਘਾਨਿਆ = ਰੱਜ ਗਏ। ਗਹਿ = ਫੜ ਕੇ। ਭੁਜਾ = ਬਾਂਹ। ਕਰਿ = ਬਣਾ ਕੇ। ਮਾਨਿਆ = ਆਦਰ ਦਿੱਤਾ। ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਜਲੇ = ਸੜ ਜਾਂਦੇ ਹਨ। ਧਾਰੀ = ਕੀਤੀ। ਇਕ ਪਲੇ = ਇਕ ਪਲ ਵਿਚ।੨।

ਅਰਥ: ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ) , ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ।੪।

ਛੰਤੁ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ। (ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ। ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ, ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ।੪।੨।

ਜੈਤਸਰੀ ਛੰਤ ਮਃ ੫ ॥ ਪਾਧਾਣੂ ਸੰਸਾਰੁ ਗਾਰਬਿ ਅਟਿਆ ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥ ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥ ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥ ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥ {ਪੰਨਾ 705}

ਪਦਅਰਥ: ਪਾਧਾਣੂ = ਪਾਂਧੀ, ਮੁਸਾਫ਼ਿਰ, ਰਾਹੀ। ਗਾਰਬਿ = ਅਹੰਕਾਰ ਨਾਲ। ਅਟਿਆ = ਲਿਬੜਿਆ ਹੋਇਆ। ਰੰਗ ਰਟਿਆ = ਰੰਗ ਵਿਚ ਰੱਤੇ ਹੋਏ। ਲੋਭਿ = ਲੋਭ ਵਿਚ। ਬੂਡੇ = ਡੁੱਬੇ ਹੋਏ। ਮਰਣੁ = ਮੌਤ। ਚੀਤਿ = ਚਿੱਤ ਵਿਚ। ਆਵਏ = ਆਵੈ, ਆਉਂਦਾ। ਬਨਿਤਾ = ਇਸਤ੍ਰੀ। ਬਿਉਹਾਰ = ਵਰਤਣ ਵਿਹਾਰ, ਮੇਲ = ਜੋਲ। ਕਰਤ = ਕਰਦਿਆਂ। ਪੁਜਿ ਆਏ = ਮੁੱਕ ਗਏ। ਦਿਵਸ = ਜ਼ਿੰਦਗੀ ਦੇ ਦਿਨ। ਮਾਏ = ਹੇ ਮਾਂ। ਕਿਰਤ = ਕੀਤੇ ਹੋਏ।੧।

ਅਰਥ: ਹੇ ਭਾਈ! ਜਗਤ ਮੁਸਾਫ਼ਿਰ ਹੈ (ਫਿਰ ਭੀ,) ਅਹੰਕਾਰ ਵਿਚ ਲਿਬੜਿਆ ਰਹਿੰਦਾ ਹੈ। ਮਾਇਆ ਦੇ ਕੌਤਕਾਂ ਵਿਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ। (ਜੀਵ) ਲੋਭ ਵਿਚ, (ਮਾਇਆ ਦੇ) ਮੋਹ ਵਿਚ, ਅਹੰਕਾਰ ਵਿਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ। ਪੁੱਤਰ, ਮਿੱਤਰ, ਇਸਤ੍ਰੀ (ਆਦਿਕ) ਦੇ ਮੇਲ-ਮਿਲਾਪ-ਇਹੀ ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਜਾਂਦੀ ਹੈ। ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁੱਕ ਜਾਂਦੇ ਹਨ, ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲਫ਼ਿ ਹੁੰਦੀ ਹੈ। ਹੇ ਨਾਨਕ! ਮਨੁੱਖ ਇਥੇ) ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਂਦਾ, (ਹੋਰ ਹੋਰ) ਕੀਤੇ ਹੋਏ ਕਰਮਾਂ (ਦਾ ਲੇਖਾ) ਨਹੀਂ ਮਿਟਦਾ।੧।

ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥ ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥ {ਪੰਨਾ 705}

ਪਦਅਰਥ: ਕਰਹਿ = ਕਰਦੇ ਹਨ। ਗਾਵਹੀ = ਗਾਵਹਿ, ਗਾਉਂਦੀ। ਭਰਮਹਿ = ਭਟਕਦੇ ਹਨ। ਅਸੰਖ = ਅਣਗਿਣਤ। ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ। ਜਨਮਹਿ = ਜੰਮਦੇ ਹਨ। ਆਵਹੀ = ਆਵਹਿ, (ਜੂਨਾਂ ਵਿਚ) ਆਉਂਦੇ ਹਨ। ਸੈਲ = ਪੱਥਰ। ਤਰਵਰ = ਰੁੱਖ। ਨ ਆਵਏ = ਨ ਆਵੈ, ਨਹੀਂ ਆਉਂਦੀ। ਬੋਵਸਿ = (ਤੂੰ) ਬੀਜੇਂਗਾ। ਭੋਗਹਿ = (ਤੂੰ) ਭੋਗੇਂਗਾ। ਪਾਵਏ = ਪਾਵੈ, ਪਾਂਦਾ ਹੈ। ਹਾਰੰਤ = ਹਾਰਨ ਵਾਲੇ। ਜੂਐ = ਜੂਏ ਵਿਚ। ਭਾਵਹੀ = ਭਾਵਹਿ, ਚੰਗੇ ਲੱਗਦੇ। ਭਰਮਹਿ = ਭਟਕਦੇ ਹਨ। ਭਰਮਾਏ = ਕੁਰਾਹੇ ਪਾਏ ਹੋਏ। ਨ ਪਾਵਹੀ = ਨ ਪਾਵਹਿ, ਨਹੀਂ ਪਾਂਦੇ।੨।

ਅਰਥ: ਹੇ ਭਾਈ! ਜੇਹੜੇ ਮਨੁੱਖ ਹੋਰ ਹੋਰ ਉੱਦਮ ਤਾਂ ਅਨੇਕਾਂ ਹੀ ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਅਣਗਿਣਤ ਜੂਨਾਂ ਵਿਚ ਭਟਕਦੇ ਫਿਰਦੇ ਹਨ, ਆਤਮਕ ਮੌਤ ਸਹੇੜ ਕੇ (ਮੁੜ ਮੁੜ) ਜੰਮਦੇ ਹਨ (ਮੁੜ ਮੁੜ ਜਗਤ ਵਿਚ) ਆਉਂਦੇ ਹਨ। (ਉਹ ਮਨੁੱਖ) ਪਸ਼ੂ ਪੰਛੀ, ਪੱਥਰ, ਰੁੱਖ (ਆਦਿਕ ਅਨੇਕਾਂ ਜੂਨਾਂ ਵਿਚ ਪੈਂਦੇ ਹਨ, ਜਿਨ੍ਹਾਂ ਦੀ) ਕੋਈ ਗਿਣਤੀ ਹੀ ਨਹੀਂ ਹੋ ਸਕਦੀ। (ਹੇ ਭਾਈ! ਚੇਤੇ ਰੱਖ, ਜਿਹੋ ਜਿਹਾ) ਤੂੰ ਬੀ ਬੀਜੇਂਗਾ (ਉਹੋ ਜਿਹੇ) ਫਲ ਖਾਏਂਗਾ। (ਹਰੇਕ ਮਨੁੱਖ) ਆਪਣਾ ਕੀਤਾ ਪਾਂਦਾ ਹੈ। ਜੇਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਵਿਚ ਹਾਰ ਰਹੇ ਹਨ, ਉਹ ਪਰਮਾਤਮਾ ਨੂੰ ਭੀ ਚੰਗੇ ਨਹੀਂ ਲਗਦੇ। ਨਾਨਕ ਬੇਨਤੀ ਕਰਦਾ ਹੈ ਅਜੇਹੇ ਮਨੁੱਖ (ਮਾਇਆ ਦੀ ਹੱਥੀਂ) ਕੁਰਾਹੇ ਪਏ ਹੋਏ (ਜੂਨਾਂ ਵਿਚ) ਭਟਕਦੇ ਫਿਰਦੇ ਹਨ, (ਜੂਨਾਂ ਦੇ ਗੇੜ ਵਿਚੋਂ) ਇਕ ਛਿਨ ਭਰ ਭੀ ਟਿਕ ਨਹੀਂ ਸਕਦੇ।੨।

ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥ ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥ ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥ ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥ ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥ ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥ {ਪੰਨਾ 705}

ਪਦਅਰਥ: ਜੋਬਨੁ = ਜਵਾਨੀ। ਕਰ = {ਬਹੁ-ਵਚਨ} ਦੋਵੇਂ ਹੱਥ। ਕੰਪਹਿ = ਕੰਬਦੇ ਹਨ। ਡੋਲ = ਝੋਲਾ। ਦੀਸੈ = ਦਿੱਸਦਾ। ਈਸ = ਈਸ਼ਵਰ। ਨ ਮਾਨਹਿ = ਨਹੀਂ ਮੰਨਦੇ। ਸਿਰਿ = ਸਿਰ ਉੱਤੇ। ਸੰਗਿ = ਨਾਲ। ਚਾਲਿਆ = ਸਾੜ ਦਿੱਤਾ। ਰੰਗ = ਪਿਆਰ। ਵੂਠਿਆ = ਵੱਸਿਆ। ਕੋਟਿ = ਕ੍ਰੋੜਾਂ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}ਬਾਰ = ਦੇਰ। ਝੂਠਿਆ = ਨਾਸਵੰਤ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।੩।

ਅਰਥ: ਹੇ ਭਾਈ! ਆਖ਼ਰ ਜਵਾਨੀ ਬੀਤ ਜਾਂਦੀ ਹੈ, (ਉਸ ਦੀ ਥਾਂ) ਬੁਢੇਪਾ ਮੱਲ ਕੇ ਬਹਿ ਜਾਂਦਾ ਹੈ। ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿੱਸਦਾ ਨਹੀਂ। ਅੱਖੀਂ ਕੁਝ ਦਿੱਸਦਾ ਨਹੀਂ, (ਜਿਸ ਮਾਇਆ ਦੀ ਖ਼ਾਤਰ) ਪਰਮਾਤਮਾ ਦੇ ਭਜਨ ਤੋਂ ਵਾਂਜਿਆ ਰਿਹਾ, (ਆਖ਼ਰ ਉਸ) ਮਾਇਆ ਨੂੰ (ਭੀ ਛੱਡ ਕੇ ਤੁਰ ਪੈਂਦਾ ਹੈ। ਜਿਨ੍ਹਾਂ (ਪੁੱਤਰ ਆਦਿਕ ਸੰਬੰਧੀਆਂ ਦੇ) ਨਾਲ (ਆਪਣਾ) ਮਨ (ਆਪਣਾ) ਸਰੀਰ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਿਹਾ; (ਬੁਢੇਪੇ ਵੇਲੇ ਉਹ ਭੀ) ਆਖਾ ਨਹੀਂ ਮੰਨਦੇ, ਸਿਰ ਉਤੇ ਸੁਆਹ ਹੀ ਪਾਂਦੇ ਹਨ (ਗੱਲੇ ਗੱਲੇ ਟਕੇ ਵਰਗਾ ਕੋਰਾ ਜਵਾਬ ਦੇਂਦੇ ਹਨ) । (ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ) ਬੇਅੰਤ, ਸਰਬ-ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇਕ ਛਿਨ ਵਾਸਤੇ ਭੀ ਮਨ ਵਿਚ ਨਾਹ ਵੱਸੀਆਂ। ਨਾਨਕ ਬੇਨਤੀ ਕਰਦਾ ਹੈ-ਇਹ ਨਾਸਵੰਤ (ਸਰੀਰ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕ੍ਰੋੜਾਂ (ਮਣ) ਕਾਗ਼ਜ਼ (ਪਲ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ) ੩।

ਚਰਨ ਕਮਲ ਸਰਣਾਇ ਨਾਨਕੁ ਆਇਆ ॥ ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥ ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥ ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥ ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥ ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥ {ਪੰਨਾ 705}

ਪਦਅਰਥ: ਚਰਨ ਕਮਲ = ਕੌਲ = ਫੁੱਲਾਂ ਵਰਗੇ ਸੋਹਣੇ ਕੋਮਲ ਚਰਨ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ। ਸੰਗੇ = ਸੰਗਿ, ਸੰਗਤਿ ਵਿਚ। ਸ੍ਰੀਧਰ = ਲੱਛਮੀ ਦਾ ਪਤੀ, ਪਰਮਾਤਮਾ। ਕਰਿ = ਕਰ ਕੇ। ਅੰਗੁ = ਪੱਖ। ਮਾਨਿ ਲੀਏ = ਆਦਰ ਦਿੱਤਾ। ਅਵਰੁ ਕਛੁ = ਕੁਝ ਹੋਰ। ਨਿਧਾਨ = ਖ਼ਜ਼ਾਨਾ। ਮਨਿ = ਮਨ ਵਿਚ। ਲੋੜੀਦਾ = ਜਿਸ ਨੂੰ ਮਿਲਣ ਦੀ ਤਾਂਘ ਰੱਖੀ ਹੋਈ ਸੀ। ਤ੍ਰਿਪਤੇ = ਰੱਜੇ ਰਹਿੰਦੇ ਹਨ।੪।

ਅਰਥ: ਹੇ ਭਾਈ! ਨਾਨਕ (ਤਾਂ ਪ੍ਰਭੂ ਦੇ) ਕੋਮਲ ਚਰਨਾਂ ਦੀ ਸਰਨ ਆ ਪਿਆ ਹੈ। ਇਹ ਸੰਸਾਰ (-ਸਮੁੰਦਰ) ਅਨੇਕਾਂ ਡਰਾਂ ਨਾਲ ਭਰਪੂਰ ਹੈ, ਇਸ ਤੋਂ ਪਾਰ ਲੰਘਣਾ ਔਖਾ ਹੈ, (ਜੇਹੜੇ ਭੀ ਮਨੁੱਖ ਪ੍ਰਭੂ ਦੀ ਸਰਨ ਆ ਪਏ ਉਹਨਾਂ ਨੂੰ ਸਦਾ ਹੀ) ਪ੍ਰਭੂ ਨੇ ਆਪ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਪ੍ਰਭੂ ਨੇ ਸਦਾ ਉਹਨਾਂ ਨੂੰ ਆਦਰ-ਮਾਣ ਦਿੱਤਾ, ਆਪਣੇ ਨਾਮ ਦੀ ਦਾਤਿ ਦਿੱਤੀ ਉਹਨਾਂ ਦੇ ਕਿਸੇ ਹੋਰ (ਗੁਣ ਔਗੁਣ ਦੀ) ਵਿਚਾਰ ਨਾਹ ਕੀਤੀ।

ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੇ (ਆਤਮਕ ਜੀਵਨ ਜ਼ਿੰਦਾ ਰੱਖਣ ਲਈ) ਪਰਮਾਤਮਾ ਦਾ ਨਾਮ-ਭੋਜਨ ਖਾਧਾ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਲਈ ਰੱਜ ਗਏ ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਬੇਅੰਤ ਮਾਲਕ-ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ, ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ।੪।੨।੩।

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਪੰਨਾ 705-706}

ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।

ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

TOP OF PAGE

Sri Guru Granth Darpan, by Professor Sahib Singh