ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 706

ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}

ਪਦਅਰਥ: ਨਿਰੰਜਨੁ = ਨਿਰ = ਅੰਜਨੁ {ਅੰਜਨੁ = ਕਾਲਖ, ਮਾਇਆ} ਮਾਇਆ ਤੋਂ ਨਿਰਲੇਪ। ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ। ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ। ਨਿਰਮਲ = ਪਵਿਤ੍ਰ। ਸੁ = ਸੋ, ਉਹੀ।

ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।

ਸਲੋਕ ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥ {ਪੰਨਾ 706}

ਪਦਅਰਥ: ਜੀਅ ਰਚਨਾ = ਜੀਵਾਂ ਦੀ ਬਨਾਵਟ। ਰਚੰਤਿ = ਬਣਾਉਂਦਾ ਹੈ। ਅਸਥਾਪਨੰ = ਟਿਕਾਉਂਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਮਹਾ ਅਗਨਿ = (ਮਾਂ ਦੇ ਪੇਟ ਦੀ) ਵੱਡੀ ਅੱਗ।੧।

ਤਲੈ = ਹੇਠਾਂ ਨੂੰ। ਕੁਹਥੜੈ ਥਾਇ = ਔਖੇ ਥਾਂ ਵਿਚ। ਧਣੀ = ਮਾਲਕ ਪ੍ਰਭੂ। ਉਧਰਹਿ = ਬਚਦਾ ਹੈਂ। ਜਿਸ ਦੈ ਨਾਇ = ਜਿਸ ਪ੍ਰਭੂ ਦੇ ਨਾਮ ਦੀ ਰਾਹੀਂ।੨।

ਅਰਥ: ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧।

ਹੇ ਨਾਨਕ! ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?੨।

ਪਉੜੀ ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥ {ਪੰਨਾ 706}

ਪਦਅਰਥ: ਰਕਤੁ = ਰੱਤ, ਲਹੂ {ਇਸ ਲਫ਼ਜ਼ ਦੇ ਅਖ਼ੀਰ ਤੇ ਸਦਾ (ੁ) ਆਉਂਦਾ ਹੈ, ਸ਼ਕਲ ਤੋਂ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀ ਲਿੰਗ, ਦੇਖੋ 'ਗੁਰਬਾਣੀ ਵਿਆਕਰਣ'}ਬਿੰਦੁ = ਵੀਰਜ। ਨਿੰਮਿਆ = ਉੱਗਿਆ। ਉਦਰ = ਪੇਟ। ਮਝਾਰਿ = ਵਿਚ। ਉਰਧ = ਉਲਟਾ, ਪੁੱਠਾ। ਕੁਚੀਲ = ਗੰਦਾ। ਬਿਕਲੁ = ਡਰਾਉਣਾ। ਨਰਕਿ = ਨਰਕ ਵਿਚ। ਗੁਬਾਰਿ ਨਰਕਿ = ਹਨੇਰੇ ਨਰਕ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ। ਉਰ = ਹਿਰਦਾ। ਬਿਖਮ = ਔਖਾ। ਥਾਨਹੁ = ਥਾਂ ਤੋਂ।

ਅਰਥ: (ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।

ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ।੨।

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ {ਪੰਨਾ 706}

ਪਦਅਰਥ: ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ। ਕਲਿ = ਝਗੜੇ।੧।

ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ = ਉਸ ਨਾਲ। ਬਿੰਦ = ਰਤਾ ਕੁ ਸਮਾ ਭੀ। ਨ ਵਿਸਰਉ = ਭੁੱਲ ਨਾਹ ਜਾਏ {ਵਿਸਰਉ = ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ}ਜਿਨਿ = ਜਿਸ ਪ੍ਰਭੂ ਨੇ। ਸੁੰਦਰੁ ਦੇਹੁ = ਸੋਹਣਾ ਜਿਸਮ। {ਲਫ਼ਜ਼ 'ਦੇਹੁ' ਪੁਲਿੰਗ ਵਿਚ ਵਰਤਿਆ ਗਿਆ ਹੈ}

ਅਰਥ: ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧।

ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ।੨।

ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥ {ਪੰਨਾ 706}

ਪਦਅਰਥ: ਜੀਉ = ਜਿੰਦ। ਰਸੁ = ਸੁਆਦਲੇ ਪਦਾਰਥ। ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਅਸੁ = ਘੋੜੇ {ਸੰਸਕ੍ਰਿਤ ਲਫ਼ਜ਼ 'ਅਸ੍ਵ' ਹੈ, ਬਹੁ-ਵਚਨ ਵਿਚ ਭੀ 'ਅਸੁ' ਹੀ ਹੈ}ਸੰਜੋਗ = ਭਾਗ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਸਾਜਨ = ਮਿੱਤਰ। ਦੇਵਨ ਜੋਗ = ਜੋ ਦੇਣ ਨੂੰ ਸਮਰੱਥ ਹੈ। ਹਰਿਆ = ਖਿੜਿਆ ਹੋਇਆ। ਵਿਜੋਗ = ਵਿਛੋੜੇ ਦੇ ਦੁੱਖ। ਰਮਹੁ = ਯਾਦ ਰੱਖੋ।

ਅਰਥ: (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।

ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ।੩।

ਸਲੋਕ ॥ ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥ ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥ ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥ ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥ {ਪੰਨਾ 706}

ਪਦਅਰਥ: ਜਤਨ = ਕੋਸ਼ਿਸ਼ਾਂ। ਅਨੇਕ ਉਦਮਹ = ਕਈ ਆਹਰ। ਭਗਤਿ ਭਾਵ ਹੀਣੰ = ਬੰਦਗੀ ਦੀ ਤਾਂਘ ਤੋਂ ਸੱਖਣੇ। ਪ੍ਰੇਤਤਹ = ਜਿੰਨ ਭੂਤ।੧।

ਤੁਟੜੀਆ = ਟੁੱਟ ਗਈ। ਸਾ = ਉਹ। ਬਿਅੰਨ ਸਿਉ = ਕਿਸੇ ਹੋਰ ਨਾਲ। ਸਚੀ = ਸਦਾ ਕਾਇਮ ਰਹਿਣ ਵਾਲੀ। ਰੀਤਿ = ਮਰਯਾਦਾ। ਸੇਤੀ = ਨਾਲ। ਰਤਿਆ = ਜੇ ਰੱਤੇ ਰਹੀਏ।੨।

ਅਰਥ: ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ।੧।

ਜੇਹੜੀ ਪ੍ਰੀਤਿ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ। ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ।੨।

ਪਉੜੀ ॥ ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥ ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥ ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥ ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥ ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥ {ਪੰਨਾ 706}

ਪਦਅਰਥ: ਜਿਸੁ ਬਿਸਰਤ = ਜਿਸ ਜਿੰਦ ਦੇ ਵਿਛੋੜੇ ਨਾਲ। ਭਸਮ = ਸੁਆਹ। ਪ੍ਰੇਤੁ = ਅਪਵਿਤ੍ਰ ਹਸਤੀ। ਸਭਿ = ਸਾਰੇ ਲੋਕ। ਸੋਈ ਹੇਤੁ = ਇਤਨਾ ਪਿਆਰ। ਅਨਰਥ = ਮੰਦੇ ਕੰਮ। ਦਰਬੁ = ਧਨ। ਸੰਚਿਆ = ਇਕੱਠਾ ਕੀਤਾ। ਕਰਿ = ਕਰ ਕੇ। ਕੇਤੁ ਕਾਰਜਿ = (ਉਸ ਜਿੰਦ ਦੇ) ਕਿਸ ਕੰਮ? ਲੁਣੈ = ਵੱਢਦਾ ਹੈ। ਇਹੁ = ਇਹ ਸਰੀਰ। ਕਰਮ ਖੇਤੁ = ਕਰਮਾਂ ਦਾ ਖੇਤ। ਅਕਿਰਤਘਣਾ = (ਕ੍ਰਿਤਘਨ) ਕੀਤੇ ਨੂੰ ਭੁਲਾਉਣ ਵਾਲਾ।

ਅਰਥ: ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ; ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ। ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।

ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ। ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ।੪।

ਸਲੋਕ ॥ ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥ ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥ ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥ ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥ {ਪੰਨਾ 706}

ਪਦਅਰਥ: ਕੋਟਿ = ਕ੍ਰੋੜਾਂ। ਅਨਿਕ = ਅਨੇਕਾਂ। ਸੋਧਨ = ਸੁੱਚ ਰੱਖਣ ਵਾਲੇ ਸਾਧਨ। ਰਸਨਾ = ਜੀਭ (ਨਾਲ) ਸਰਬ = ਸਾਰੇ। ਬਿਮੁਚਤੇ = ਬਿਮੁੱਚਤੇ, ਨਾਸ ਹੋ ਜਾਂਦੇ ਹਨ।੧।

ਈਧਣੁ = ਬਾਲਣ। ਮੂ = ਮੈਂ। ਘਣਾ = ਬਹੁਤ ਸਾਰਾ। ਭੋਰੀ = ਰਤਾ ਕੁ। ਦਿਤੀਮੁ = ਮੂ ਦਿੱਤੀ, ਮੈਂ ਦਿੱਤੀ। ਭਾਹਿ = ਅੱਗ। ਮਨਿ = ਮਨ ਵਿਚ। ਹਭੇ = ਸਾਰੇ ਹੀ। ਡੁਖੜੇ = ਕੋਝੇ ਦੁੱਖ। ਉਲਾਹਿ = ਦੂਰ ਹੋ ਜਾਂਦੇ ਹਨ।੨।

ਅਰਥ: ਹੇ ਨਾਨਕ! ਜੋ ਮਨੁੱਖ ਜੀਭ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਸੋ, ਉਹਨਾਂ ਨੇ (ਮਾਨੋ) ਕ੍ਰੋੜਾਂ (ਰੁਪਏ) ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ-ਇਸ਼ਨਾਨ ਕਰ ਲਏ ਹਨ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ।੧।

ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੁ ਅੱਗ ਲਾ ਦਿੱਤੀ (ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ, ਇਸੇ ਤਰ੍ਹਾਂ) ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ।੨।

TOP OF PAGE

Sri Guru Granth Darpan, by Professor Sahib Singh