ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 707 ਪਉੜੀ ॥ ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥ ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥ ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥ ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥ {ਪੰਨਾ 707} ਪਦਅਰਥ: ਕੋਟਿ = ਕ੍ਰੋੜ। ਅਘ = ਪਾਪ। ਪਾਈਅਹਿ = ਪਾਈਦੇ ਹਨ। ਮਨ ਚਿੰਦੇ = ਮਨ = ਇੱਛਤ, ਮਨ ਦੇ ਚਿਤਵੇ ਹੋਏ। ਕਟੀਅਹਿ = ਕੱਟੇ ਜਾਂਦੇ ਹਨ। ਨਿਹਚਲ = ਅਟੱਲ। ਪੂਰਬਿ = ਮੁੱਢ ਤੋਂ। ਸਮਾਉ = ਸਮਾਈ। ਅਰਥ: ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ, ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ। (ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ। (ਇਸ ਵਾਸਤੇ) ਹੇ ਨਾਨਕ! ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ।੫। ਸਲੋਕ ॥ ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥ ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥ ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥ ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥ {ਪੰਨਾ 707} ਪਦਅਰਥ: ਗ੍ਰਿਹ ਰਚਨਾ ਅਪਾਰੰ = ਘਰ ਦੀਆਂ ਬੇਅੰਤ ਸਜਾਵਟਾਂ। ਮਨਿ = ਮਨ ਵਿਚ। ਬਿਲਾਸ = ਚਾਉ ਖ਼ੁਸ਼ੀਆਂ। ਰਸਹ ਸੁਆਦੰ = ਸੁਆਦਲੇ ਪਦਾਰਥਾਂ ਦੇ ਚਸਕੇ। ਕਦਾਂਚ ਨਹ = ਕਦੇ ਭੀ ਨਹੀਂ। ਕ੍ਰਿਮਹ = ਕੀੜੇ। ਮੁਚੁ = ਵੱਡਾ, ਬੜਾ। ਅਡੰਬਰੁ = ਖਿਲਾਰਾ, ਸਜ = ਧਜ। ਹਭੁ ਕਿਹੁ = ਹਰੇਕ ਸ਼ੈ। ਮੰਝਿ = (ਹਿਰਦੇ) ਵਿਚ। ਨੇਹ = ਪਿਆਰ। ਜੈਂ = ਜਿਸ ਬੰਦੇ ਨੂੰ। ਤਨੁ = ਸਰੀਰ। ਖੇਹ = ਸੁਆਹ। ਅਰਥ: ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ) ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ।੧। ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ, ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ।੨। ਪਉੜੀ ॥ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥ ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥ ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥ ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥ {ਪੰਨਾ 707} ਪਦਅਰਥ: ਪੂਰੇ = ਮੁਕੰਮਲ। ਗ੍ਰਿਹ ਸੋਇਨ = ਸੋਨੇ ਦੇ ਘਰ। ਸੁਗੰਧ = ਖ਼ੁਸ਼ਬੂ। ਵਿਸੂਰੇ = ਫ਼ਿਕਰ, ਚਿੰਤਾ, ਝੋਰੇ। ਚਿਤਿ = ਚਿੱਤ ਵਿਚ। ਕੀਰੇ = ਕੀੜੇ। ਕਿਤੁ ਬਿਧਿ = ਕਿਸ ਵਿਧੀ ਨਾਲ? ਧੀਰੇ = ਧੀਰਜ ਫੜਦਾ। ਅਰਥ: ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ।੬। ਸਲੋਕ ॥ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥ ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥ ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥ {ਪੰਨਾ 707} ਪਦਅਰਥ: ਚਰਨ ਕਮਲ ਬਿਰਹੰ = ਪ੍ਰਭੂ ਦੇ ਸੋਹਣੇ ਚਰਨਾਂ ਦੇ ਬਿਰਹੋਂ ਵਿਚ। ਬਿਰਹ = ਮਿਲਣ ਦੀ ਖਿੱਚ। ਦਹ = ਦਸ। ਦਿਸਹ = ਪਾਸੇ। ਦਹ ਦਿਸਹ = ਦਸੀਂ ਪਾਸੀਂ। ਬੈਰਾਗੀ = ਵੈਰਾਗ = ਵਾਨ, ਆਸ਼ਿਕ, ਪ੍ਰੇਮੀ। ਕਪਟ = ਛਲ। ਸਾਧ ਸੰਗਮਹ = ਸਾਧ ਸੰਗਤਿ।੧। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਵਤਾ = ਭੌਂਦਾ ਹਾਂ। ਹਭੇ ਲੋਅ = ਸਾਰੇ ਲੋਕਾਂ ਵਿਚ, ਸਾਰੇ ਜਗਤ ਵਿਚ। ਹਭੀ = ਸਾਰੇ। ਕੂੜਿਆ = ਨਾਸਵੰਤ। ਸੋਇ = ਖ਼ਬਰ।੨। ਅਰਥ: ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ, ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ।੧। ਹੇ ਨਾਨਕ! ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ, ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ) ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ।੨। ਪਉੜੀ ॥ ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥ ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥ ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥ {ਪੰਨਾ 707} ਪਦਅਰਥ: ਝੁੰਪੜੀ = ਕੁੱਲੀ। ਚੀਰ = ਕਪੜੇ। ਛਿੰਨਾ = ਪਾਟੇ ਹੋਏ। ਪਤਿ = ਇੱਜ਼ਤ। ਉਦਿਆਨ = ਜੰਗਲ। ਭ੍ਰਮਿੰਨਾ = ਭਟਕਣਾ। ਇਠ = ਪਿਆਰਾ। ਸਿੰਨਾ = ਸੈਣ, ਸਨਬੰਧੀ। ਭਿੰਨਾ = ਭਿੱਜਾ। ਉਧਰੈ = (ਵਿਕਾਰਾਂ ਤੋਂ) ਬਚਦਾ ਹੈ। ਨਾਮਿ = ਨਾਮ ਵਿਚ। ਅਰਥ: ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ, ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ) । ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ, (ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ। ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ।੭। ਸਲੋਕ ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥ ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥ ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥ {ਪੰਨਾ 707} ਪਦਅਰਥ: ਲੀਲਾ = ਚੋਜ ਤਮਾਸ਼ੇ। ਰਾਜ ਰਸ = ਰਾਜ ਦੀਆਂ ਮੌਜਾਂ। ਰੂਪ = ਸੁੰਦਰਤਾ। ਛਤ੍ਰ = (ਸਿਰ ਤੇ) ਛਤਰ। ਚਮਰ = ਚਉਰ। ਤਖਤ ਆਸਨੰ = ਬੈਠਣ ਨੂੰ ਸ਼ਾਹੀ ਤਖ਼ਤ। ਮੂੜ = ਮੂਰਖ। ਅੰਧਹ = ਅੰਨੇ। ਮਨੋਰਥ = {ਮਨੋ+ਰਥ} ਮਨ ਦੀਆਂ ਦੌੜਾਂ, ਮਨ = ਬਾਂਛਤ ਪਦਾਰਥ ੧। ਹਭਿ = ਸਾਰੇ। ਸੁੰਦਰਿ ਮਾਇਆ = ਸੋਹਣੀ ਮਾਇਆ। ਧ੍ਰੋਹੁ = ਛਲ, ਧੋਖਾ।੨। ਅਰਥ: ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ।੧। ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ (ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ) ।੨। ਪਉੜੀ ॥ ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥ ਆਰਜਾ ਗਈ ਵਿਹਾਇ ਧੰਧੈ ਧਾਇਆ ॥ ਪੂਰਨ ਭਏ ਨ ਕਾਮ ਮੋਹਿਆ ਮਾਇਆ ॥ ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥ {ਪੰਨਾ 707} ਪਦਅਰਥ: ਸੇਤੀ = ਨਾਲ। ਮੂਰਖਿ = ਮੂਰਖ ਨੇ। ਜਾਗਤ = ਜਾਗਦਾ ਹੀ। ਭਖਲਾਇਆ = ਬਰੜਾਉਂਦਾ ਹੈ। ਆਰਜਾ = ਉਮਰ। ਧੰਧੈ = ਧੰਧੇ ਵਿਚ। ਧਾਇਆ = ਭਟਕਦਾ ਫਿਰਦਾ ਹੈ। ਪੂਰਨ ਭਏ ਨ = ਮੁੱਕਦੇ ਨਹੀਂ, ਸਿਰੇ ਨਹੀਂ ਚੜ੍ਹਦੇ। ਅਰਥ: ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ। ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ। ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ, ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ। ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।੮। ਸਲੋਕ ॥ ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥ ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥ ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥ {ਪੰਨਾ 707} ਪਦਅਰਥ: ਬਸੰਤਿ = ਵੱਸਦੇ ਹੋਣ। ਸ੍ਵਰਗ ਲੋਕਹ = ਸੁਰਗ ਵਰਗੇ ਦੇਸਾਂ ਵਿਚ। ਜਿਤਤੇ = ਜਿੱਤ ਲੈਣ। ਨਵ ਖੰਡਣਹ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ। ਗੋਪਾਲ = {ਗੋ+ਪਾਲ} ਧਰਤੀ ਦਾ ਰੱਖਕ। ਉਦਿਆਨ = ਜੰਗਲ।੧। ਕਉਤਕ = ਖੇਲ, ਚੋਜ। ਕੋਡ = ਕ੍ਰੋੜਾਂ। ਚਿਤਿ = ਚਿੱਤ ਵਿਚ। ਨ ਆਵਸੁ = ਜੇ ਉਸ ਨੂੰ ਨਾਹ ਆਵੇ। ਕੋੜੀ ਨਰਕ = ਘੋਰ ਭਿਆਨਕ ਨਰਕ। ਉਜੜੁ = ਉਜੜਿਆ ਹੋਇਆ, ਉਜਾੜ।੨। ਅਰਥ: ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ।੧। ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।੨। ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥ ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥ {ਪੰਨਾ 707} ਪਦਅਰਥ: ਮਹਾ ਭਇਆਨ = ਬੜਾ ਡਰਾਉਣਾ। ਉਦਿਆਨ = ਜੰਗਲ। ਨਗਰ = ਸ਼ਹਿਰ। ਸਮਗ੍ਰੀ = ਪਦਾਰਥ। ਝੂਠ = ਨਾਸ ਹੋ ਜਾਣ ਵਾਲੇ। ਪੇਖਿ = ਵੇਖ ਕੇ। ਸਚੁ = ਸਦਾ-ਥਿਰ ਰਹਿਣ ਵਾਲੇ। ਕ੍ਰੋਧਿ = ਕ੍ਰੋਧ ਵਿਚ। ਦੇਵਾਨਿਆ = ਪਾਗਲ, ਝੱਲੇ। ਸਿਰਿ = ਸਿਰ ਉੱਤੇ। ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। (ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। (ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।੯। |
Sri Guru Granth Darpan, by Professor Sahib Singh |