ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 708 ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ {ਪੰਨਾ 708} ਪਦਅਰਥ: ਕਪਟੰ = ਛਲ। ਗਰਬਤਹ = ਮਾਣ। ਸੰਚੰਤਿ = ਇਕੱਠੀ ਕਰਦੇ ਹਨ। ਬਿਖਿਆ = ਮਾਇਆ। ਛਿਦ੍ਰ = ਐਬ, ਦੋਸ।੧। ਪੇਖੰਦੜੋ = ਵੇਖਣ ਨੂੰ। ਦਿਸਮੁ = ਮੈਨੂੰ ਦਿੱਸਿਆ। ਅਢੁ = ਅੱਧੀ ਕੌਡੀ। ਨ ਜੁਲਈ = ਨਹੀਂ ਜਾਂਦੀ। ਅਰਥ: ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ।੨। ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ! ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।੨। ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥ {ਪੰਨਾ 708} ਪਦਅਰਥ: ਸੰਜੀਐ = ਇਕੱਠੀ ਕਰੀਏ। ਤਿਸ ਕਾ = ਉਸ ਦੀ ਖ਼ਾਤਰ। ਜਿਸ ਤੇ = ਜਿਸ ਤੋਂ। ਵੰਜੀਐ = ਵਾਂਜੇ ਜਾਣਾ ਹੈ, ਵਿਛੁੜ ਜਾਣਾ ਹੈ। ਕਿਉ ਤ੍ਰਿਪਤਾਵੈ = ਰੱਜ ਨਹੀਂ ਸਕਦਾ। ਰੰਜੀਐ = ਪ੍ਰਸੰਨ ਹੁੰਦਾ। ਅਨ = ਹੋਰ ਪਾਸੇ। ਨਰਕਿ = ਨਰਕ ਵਿਚ। ਸਮੰਜੀਐ = ਸਮਾਈਦਾ ਹੈ। ਨਾਨਕ ਭਉ = ਨਾਨਕ ਦਾ ਸਹਿਮ। ਭੰਜੀਐ = ਨਾਸ ਕਰ। ਅਰਥ: ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ।੧੦। ਸਲੋਕ ॥ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥ ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥ ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥ ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥ {ਪੰਨਾ 708} ਪਦਅਰਥ: ਚ = ਅਤੇ। ਨ ਚ = ਅਤੇ ਨਾਲ ਹੀ। ਮਿਸਟ = ਮਿੱਠਾ। ਰਸ = ਸੁਆਦ, ਚਸਕੇ। ਸਾਧ ਸੰਗਿ = ਸਾਧ ਸੰਗਤਿ ਵਿਚ। ਦਾਸ ਮਿਸਟੰ = ਦਾਸਾਂ ਨੂੰ ਮਿੱਠਾ ਲੱਗਦਾ ਹੈ। ਪ੍ਰਭ ਦਰਸਨੰ = ਪ੍ਰਭੂ ਦਾ ਦੀਦਾਰ।੧। ਨੇਹੁ = ਪ੍ਰੇਮ। ਮਝਾਹੂ = ਅੰਦਰੋਂ। ਰਤਿਆ = ਰੰਗਿਆ ਗਿਆ ਹੈ। ਵਿਧੜੋ = ਵਿੱਝ ਗਿਆ ਹੈ। ਸਚ ਥੋਕਿ = ਸੱਚੇ ਨਾਮ = ਰੂਪ ਪਦਾਰਥ ਨਾਲ। ਧਣੀ = ਮਾਲਕ ਪ੍ਰਭੂ।੨। ਅਰਥ: ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ, ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ।੧। ਹੇ ਨਾਨਕ! ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ, ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ।੨। ਪਉੜੀ ॥ ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥ ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥ ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥ ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥ {ਪੰਨਾ 708} ਪਦਅਰਥ: ਆਨ = ਹੋਰ। ਸਭਿ = ਸਾਰੇ। ਨਿਰਨਉ = ਨਿਰਨਾ, ਨਿਖੇੜਾ, ਪਰਖ। ਬਸੀਠਾ = ਵਕੀਲ, ਵਿਚੋਲਾ। ਚਰਨ ਕਮਲ = ਕੰਵਲ ਫੁੱਲਾਂ ਵਰਗੇ ਸੋਹਣੇ ਚਰਨ। ਬੇਧਿਆ = ਵਿੰਨਿ੍ਹਆ। ਜੀਉ = ਜਿੰਦ। ਸਭਿ = ਹੋਰ ਸਾਰੇ। ਕਛੂ = ਕੁਝ ਭੀ।੧੧। ਅਰਥ: ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ। ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾਂ) ਹੋਰ ਸਾਰੇ ਸੁਆਦ ਫਿੱਕੇ ਹਨ। ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ। ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ। ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ।੧੧। ਸਲੋਕ ॥ ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥ ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥ ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥ ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥ ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥ {ਪੰਨਾ 708} ਪਦਅਰਥ: ਤਿਅਕਤ = ਤਿਆਗਿਆਂ, ਛੱਡਿਆਂ। ਮੀਨ = ਮੱਛੀ। ਤਿਆਗਿ = ਤਿਆਗ ਕੇ। ਚਾਤ੍ਰਿਕ = ਪਪੀਹਾ। ਮੰਡਲ = ਹਲਕਾ, ਇਲਾਕਾ। ਬੇਧੰ = ਵਿੰਨਿ੍ਹਆ ਜਾਂਦਾ ਹੈ। ਚ = ਅਤੇ। ਕੁਰੰਕ = ਹਰਨ। ਨਾਦੰ = ਰਾਗ। ਅਲਿ = ਭੌਰਾ। ਕੁਸਮ = ਫੁੱਲ। ਬਾਸਨਹ = ਸੁਗੰਧੀ। ਆਨ = ਕੋਈ ਹੋਰ। ਰੁਚਤੇ = ਪਸੰਦ ਆਉਂਦਾ, ਭਾਉਂਦਾ।੧। ਡੇਖਾਊ = ਮੈਂ ਵੇਖਾਂ। ਪਲਕ = ਅੱਖ ਫਰਕਣ ਦੇ ਸਮੇ ਲਈ। ਛਡਿ = ਛੱਡ ਕੇ। ਡੇਊ = ਮੈਂ ਦਿਆਂ। ਜੀਵਣ ਸੰਗਮੁ = ਜੀਊਣ ਦਾ ਸੰਗਮ, ਜੀਊਣ ਦਾ ਜੋੜ। ਧਣੀ = ਮਾਲਕ।੨। ਅਰਥ: ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ, ਹਰਨ ਰਾਗ ਦੇ ਤੀਰ ਨਾਲ ਵਿੰਨਿ੍ਹਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ।੧। ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ। ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ।੨। ਪਉੜੀ ॥ ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥ ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥ ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥ ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥ ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥ {ਪੰਨਾ 708} ਪਦਅਰਥ: ਬੂੰਦ = ਮੀਂਹ ਦੀ ਕਣੀ। ਕੁਰੰਕਹਿ = ਹਰਨ ਨੂੰ। ਬੇਧਿਆ = ਵਿੰਨ੍ਹ ਲੈਂਦਾ ਹੈ। ਸਨਮੁਖ = ਨਾਦ ਦੇ ਸਾਹਮਣੇ, ਉਸ ਪਾਸੇ ਵਲ ਜਿਧਰੋਂ ਘੰਡੇਹੇੜੇ ਦੀ ਆਵਾਜ਼ ਆਉਂਦੀ ਹੈ। ਕੁਸਮ = ਫੁੱਲ। ਬਾਸੁ = ਸੁਗੰਧੀ। ਆਪੁ = ਆਪਣੇ ਆਪ ਨੂੰ। ਅਘਾਵੈ = ਰੱਜ ਜਾਂਦੇ ਹਨ। ਚਾਤ੍ਰਿਕੁ = ਪਪੀਹਾ। ਨਾਦ = ਆਵਾਜ਼ {ਹਰਨ ਨੂੰ ਫੜਨ ਲਈ ਘੜੇ ਨੂੰ ਖੱਲ ਨਾਲ ਮੜ੍ਹ ਕੇ ਉਸ ਵਿਚੋਂ ਆਵਾਜ਼ ਕੱਢਦੇ ਹਨ। ਇਹ ਆਵਾਜ਼ ਹਰਨ ਨੂੰ ਪਿਆਰੀ ਲੱਗਦੀ ਹੈ। ਜਿਧਰੋਂ ਇਹ ਆਵਾਜ਼ ਆਉਂਦੀ ਹੈ, ਉਧਰ ਤੁਰ ਪੈਂਦਾ ਹੈ}।੧੨। ਅਰਥ: ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ, ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ, ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ, ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ। ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ।੧੨। ਸਲੋਕ ॥ ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥ ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥ ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥ ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥ {ਪੰਨਾ 708} ਪਦਅਰਥ: ਚਿਤਵੰਤਿ = ਚੇਤੇ ਕਰਦੇ ਹਨ, ਧਿਆਨ ਧਰਦੇ ਹਨ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਰਾਧਨਹ = ਯਾਦ ਕਰਦੇ ਹਨ। ਅਚੁਤ = {ਅ+ਚਯੁਤ, ਇਸ ਲਫ਼ਜ਼ ਦਾ ਉਚਾਰਨ ਕਰਨ ਵੇਲੇ 'ਅੱਚ' ਨੂੰ 'ਅਧਕ' (ੱ) ਨਾਲ ਪੜ੍ਹਨਾ ਹੈ, ਤਾਂਕਿ ਉਚਾਰਨ ਦਾ ਜ਼ੋਰ ਪਹਿਲੇ ਹਿੱਸੇ ਤੇ ਰਹੇ। ਚਯੁ = ਨਾਸ ਹੋਣਾ। ਚਯੁਤ = ਨਾਸ ਹੋ ਜਾਣ ਵਾਲਾ} ਨਾਹ ਨਾਸ ਹੋਣ ਵਾਲਾ।੧। ਮੰਨ ਮੰਝਾਹਿ = ਮਨ ਵਿਚ। ਨ ਥੀਵੈ = ਨਹੀਂ ਹੁੰਦਾ। ਬਾਹਰਾ = ਜੁਦਾ। ਸਚੁ ਧਣੀ = ਸੱਚਾ ਮਾਲਕ। ਅਰਥ: ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ, ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ।੧। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ, ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ।੨। ਪਉੜੀ ॥ ਆਸਾਵੰਤੀ ਆਸ ਗੁਸਾਈ ਪੂਰੀਐ ॥ ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥ ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥ ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥ ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥ {ਪੰਨਾ 708} ਪਦਅਰਥ: ਆਸਾਵੰਤੀ = ਆਸਵੰਤ, ਜਿਸ ਨੇ ਆਸ ਲਾਈ ਹੋਈ ਹੈ। ਗੁਸਾਈ = ਹੇ (ਗੋ+ਸਾਂਈ) ਧਰਤੀ ਦੇ ਮਾਲਕ! ਪੂਰੀਐ = ਪੂਰੀ ਕਰ। ਗੋਪਾਲ = ਹੇ (ਗੋ+ਪਾਲ) ਧਰਤੀ ਦੇ ਰੱਖਕ! ਨ ਝੂਰੀਐ = ਤੌਖਲਾ ਨਾਹ ਕਰਾਂ। ਮਨਿ = ਮਨ ਵਿਚ। ਵਿਸੂਰੀਐ = ਵਿਸੂਰੇ, ਝੋਰੇ। ਅਰਥ: ਹੇ ਧਰਤੀ ਦੇ ਖਸਮ! ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਂ ਆਸਵੰਤ ਦੀ ਆਸ ਪੂਰੀ ਕਰ, ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ। ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ। ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ। ਹੇ ਪ੍ਰਭੂ! ਹੇ ਗੁਰਦੇਵ! ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ।੧੩। TOP OF PAGE |
Sri Guru Granth Darpan, by Professor Sahib Singh |