ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 712 ਟੋਡੀ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਧਾਇਓ ਰੇ ਮਨ ਦਹ ਦਿਸ ਧਾਇਓ ॥ ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥ ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥ ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥੧॥ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥ ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥ ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥੩॥ ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥ ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥੪॥ ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥ ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥੫॥੧॥੩॥ {ਪੰਨਾ 712} ਪਦਅਰਥ: ਰੇ ਮਨ = ਹੇ ਮਨ! ਦਹ ਦਿਸ = ਦਸੀਂ ਪਾਸੀਂ। ਸੁਆਦਿ = ਸੁਆਦ ਵਿਚ। ਲੋਭਿ = ਲੋਭ ਵਿਚ। ਤਿਨਿ = ਉਸ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਭੁਲਾਇਓ = ਕੁਰਾਹੇ ਪਾ ਦਿੱਤਾ ਹੈ।ਰਹਾਉ। ਜਸ ਸਿਉ = ਸਿਫ਼ਤਿ-ਸਾਲਾਹ ਨਾਲ। ਮੁਹਤੁ = ਮੁਹੂਰਤ, ਅੱਧੀ ਘੜੀ {मुहुर्त}। ਬਿਗਸਿਓ = ਖ਼ੁਸ਼ ਹੁੰਦਾ ਹੈ। ਪੇਖਿ = ਵੇਖ ਕੇ। ਕੋ = ਦਾ। ਪਰ ਗ੍ਰਿਹ = ਪਰਾਏ ਘਰ। ਜੋਹਨਿ = ਤੱਕਣ ਵਾਸਤੇ।੧। ਭਾਉ = ਪਿਆਰ। ਸਤ ਪੁਰਖੁ = ਮਹਾ ਪੁਰਖ, ਗੁਰੂ। ਮਨਾਇਓ = ਪ੍ਰਸੰਨ ਕੀਤਾ। ਧਾਵਤ ਕਉ = ਨਾਸਵੰਤ (ਪਦਾਰਥਾਂ) ਦੀ ਖ਼ਾਤਰ। ਧਾਵਹਿ = ਤੂੰ ਦੌੜਦਾ ਹੈਂ। ਬਹੁ ਭਾਤੀ = ਕਈ ਤਰੀਕਿਆਂ ਨਾਲ।੨। ਇਸਨਾਨੁ = ਪਵਿਤ੍ਰ ਜੀਵਨ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਕੀਰਤਿ = ਸਿਫ਼ਤਿ-ਸਾਲਾਹ। ਨਾਨਾ = ਕਈ ਕਿਸਮਾਂ ਦੇ। ਝੂਠਿ = ਝੂਠ ਵਿਚ। ਤੋਖਿਓ = ਖ਼ੁਸ਼ ਕੀਤਾ। ਅਪਨਾਇਓ = ਆਪਣੀ ਅਸਲ ਚੀਜ਼ ਨੂੰ।੩। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਗੋਸਟਿ = ਮੇਲ = ਮਿਲਾਪ। ਮਤਵਾਰੋ = ਮਤ = ਵਾਲਾ, ਮਸਤ। ਮਦ = ਨਸ਼ਾ।੪। ਕਰਉ = ਕਰਉਂ, ਮੈਂ ਕਰਦਾ ਹਾਂ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਭਾਗਿ = ਭੱਜ ਕੇ। ਲਾਜ = ਇੱਜ਼ਤ।੫। ਅਰਥ: ਹੇ ਮਨ! ਜੀਵ ਦਸੀਂ ਪਾਸੀਂ ਦੌੜਦਾ ਫਿਰਦਾ ਹੈ, ਮਾਇਆ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਲੋਭ ਵਿਚ ਮੋਹਿਆ ਰਹਿੰਦਾ ਹੈ, (ਪਰ ਜੀਵ ਦੇ ਭੀ ਕੀਹ ਵੱਸ?) ਉਸ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾ ਰੱਖਿਆ ਹੈ।ਰਹਾਉ। ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਨਾਲ, ਸਾਧ ਸੰਗਤਿ ਨਾਲ, ਇਕ ਪਲ ਵਾਸਤੇ ਭੀ ਆਪਣਾ ਇਹ ਮਨ ਨਹੀਂ ਜੋੜਦਾ। ਕਸੁੰਭੇ ਦੇ ਫੁੱਲ ਦੇ ਰੰਗ ਵੇਖ ਕੇ ਖ਼ੁਸ਼ ਹੁੰਦਾ ਹੈ, ਪਰਾਏ ਘਰ ਤੱਕਣ ਤੁਰ ਪੈਂਦਾ ਹੈ।੧। ਹੇ ਮਨ! ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ, ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ। ਨਾਸਵੰਤ ਪਦਾਰਥਾਂ ਦੀ ਖ਼ਾਤਰ ਤੂੰ ਦੌੜਦਾ ਫਿਰਦਾ ਹੈਂ (ਇਹ ਤੇਰੀ ਭਟਕਣਾ ਕਦੇ ਮੁੱਕਦੀ ਨਹੀਂ) ਜਿਵੇਂ ਤੇਲੀ ਦਾ ਬਲਦ (ਕੋਹਲੂ ਅੱਗੇ ਜੁੱਪ ਕੇ) ਤੁਰਦਾ ਰਹਿੰਦਾ ਹੈ (ਉਸ ਕੋਹਲੂ ਦੇ ਦੁਆਲੇ ਹੀ ਉਸ ਦਾ ਪੈਂਡਾ ਮੁੱਕਦਾ ਨਹੀਂ, ਮੁੜ ਮੁੜ ਉਸੇ ਦੇ ਦੁਆਲੇ ਤੁਰਿਆ ਫਿਰਦਾ ਹੈ) ।੨। ਹੇ ਮਨ! ਮਾਇਆ ਦੇ ਸੁਆਦ ਵਿਚ ਮਸਤ ਮਨੁੱਖ) ਪ੍ਰਭੂ ਦਾ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਜੀਵਨ ਪਵਿਤ੍ਰ ਨਹੀਂ ਬਣਾਂਦਾ, ਇਕ ਪਲ ਭਰ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਕਈ ਕਿਸਮ ਦੇ ਨਾਸਵੰਤ (ਜਗਤ) ਵਿਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਹੈ, ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ।੩। ਹੇ ਮਨ! ਮਾਇਆ-ਮਗਨ ਮਨੁੱਖ) ਕਦੇ ਹੋਰਨਾਂ ਦੀ ਸੇਵਾ-ਭਲਾਈ ਨਹੀਂ ਕਰਦਾ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ, (ਕਾਮਾਦਿਕ) ਪੰਜਾਂ ਵੈਰੀਆਂ ਨਾਲ ਸਾਥ ਬਣਾਈ ਰੱਖਦਾ ਹੈ, ਮੇਲ-ਮਿਲਾਪ ਰੱਖਦਾ ਹੈ, ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।੪। ਹੇ ਨਾਨਕ! ਆਖ-) ਮੈਂ (ਤਾਂ) ਸਾਧ ਸੰਗਤਿ ਵਿਚ ਜਾ ਕੇ ਬੇਨਤੀ ਕਰਦਾ ਹਾਂ-ਹੇ ਹਰੀ! ਮੈਂ ਇਹ ਸੁਣ ਕੇ ਤੇਰੀ ਸਰਨ ਆਇਆ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈਂ। ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ।੫।੧।੩। ਟੋਡੀ ਮਹਲਾ ੫ ॥ ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥ ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥ ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥੧॥ ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥ ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥੨॥ ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥ ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥ ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥ ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥੪॥੨॥੪॥ {ਪੰਨਾ 712} ਪਦਅਰਥ: ਸਾਜ ਸੀਗਾਰ = ਸਿੰਗਾਰ ਦੀਆਂ ਬਨਾਵਟਾਂ। ਮਿਰਤਕੁ = ਮੁਰਦਾ।ਰਹਾਉ। ਧਾਇ = ਦੌੜ ਕੇ। ਕ੍ਰਿਪਨ = ਕੰਜੂਸ। ਸ੍ਰਮੁ = ਮੇਹਨਤ। ਕਿਤ ਹੀ ਕਾਜਿ = ਕਿਸੇ ਭੀ ਕੰਮ ਵਿਚ।੧। ਆਭਰਣ = ਗਹਣੇ। ਕਾਮਨਿ = ਇਸਤ੍ਰੀ। ਥਾਟੁ = ਬਣਤਰ। ਸੰਗੁ = ਮਿਲਾਪ। ਪੇਖਿ = ਵੇਖ ਕੇ।੨। ਮੂਸਲਹਿ = ਮੂਹਲੀ ਨਾਲ। ਖੇਦੁ = ਦੁੱਖ। ਨਿਆਈ = ਜਿਵੇਂ। ਘਰ ਕੈ ਕਾਮਿ = ਆਪਣੇ ਘਰ ਦੇ ਕੰਮ ਵਿਚ।੩। ਅਨੁਗ੍ਰਹੁ = ਕਿਰਪਾ। ਜਾ ਕਉ = ਜਿਸ (ਮਨੁੱਖ) ਉਤੇ। ਕੋ = ਦੀ। ਹਿਰਦੈ = ਹਿਰਦੇ ਵਿਚ। ਕੈ ਪਾਛੈ = ਦੀ ਸਰਨ।੪। ਅਰਥ: ਹੇ ਭਾਈ! ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ। (ਜਨਮ-ਮਨੋਰਥ ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ (ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ।ਰਹਾਉ। (ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ, (ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ।੧। (ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਇਸਤ੍ਰੀ ਗਹਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, (ਸੁੰਦਰਤਾ ਦਾ) ਅਡੰਬਰ ਕਰਦੀ ਹੈ, ਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ। (ਉਹਨਾਂ ਗਹਣਿਆਂ ਆਦਿ ਨੂੰ) ਵੇਖ ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ।੨। (ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ (ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ।੩। ਹੇ ਦਾਸ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ (ਪਰਮਾਤਮਾ ਆਪਣਾ) ਨਾਮ ਵਸਾਂਦਾ ਹੈ, ਉਹ ਮਨੁੱਖ ਸਾਧ ਸੰਗਤਿ ਦੀ ਸਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ।੪।੨।੪। ਟੋਡੀ ਮਹਲਾ ੫ ॥ ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥ ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥ ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥ ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥ ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥ ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥ ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥ {ਪੰਨਾ 712-713} ਪਦਅਰਥ: ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਰਿਦੈ = ਹਿਰਦੇ ਵਿਚ। ਨੀਤ = ਨਿੱਤ। ਕਰਹੁ ਪਰਗਾਸਾ = ਪਰਗਟ ਕਰੋ। ਸੰਗਿ = ਨਾਲ।ਰਹਾਉ। ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਧੂਰਾ = ਚਰਨ = ਧੂੜ। ਮਸਤਕਿ = ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ। ਪਤਿਤ = ਵਿਕਾਰੀ। ਤੇ = ਤੋਂ। ਹੋਤ = ਹੋ ਜਾਂਦੇ ਹਨ। ਪੁਨੀਤਾ = ਪਵਿਤ੍ਰ। ਗਾਵਉ = ਮੈਂ ਗਾਵਾਂ, ਗਾਵਉਂ।੧। ਆਗਿਆ = ਹੁਕਮ, ਰਜ਼ਾ। ਲਾਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੇ। ਭਾਵਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਚੰਗੀ ਲੱਗੇ, ਪਸੰਦ ਆ ਜਾਏ। ਤਹੀ = ਉਸੇ ਵਿਚ। ਤ੍ਰਿਪਤੈ = ਰੱਜਿਆ ਰਹੇ। ਆਨ = {अन्य} ਹੋਰ ਹੋਰ ਪਾਸੇ। ਆਨ ਕਤ ਹੂ = ਕਿਸੇ ਹੋਰ ਪਾਸੇ। ਧਾਵਉ = ਧਾਵਉਂ, ਮੈਂ ਦੌੜਾਂ।੨। ਸਦ = ਸਦਾ। ਨਿਕਟਿ = ਨੇੜੇ। ਜਾਨਉ = ਜਾਨਉਂ, ਮੈਂ ਜਾਣਾਂ। ਰੇਣ = ਚਰਨ = ਧੂੜ। ਹੋਇ = ਹੋ ਕੇ। ਲਹੀਐ = ਲੱਭ ਸਕੀਦਾ ਹੈ।੩। ਛੋਹਰੇ = ਬੱਚੇ। ਹਮਰੋ = ਸਾਡਾ। ਮੀਰਾ = ਮਾਲਕ। ਬਾਰਿਕ = ਬਾਲਕ। ਮੁਖਿ = ਮੂੰਹ ਵਿਚ। ਖੀਰਾ = ਦੁੱਧ।੪। ਅਰਥ: ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ। ਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤਿ ਬਣੀ ਰਹੇ।ਰਹਾਉ। ਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ। (ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ। (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ।੧। (ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ। ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ।੨। ਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ। ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ।੩। ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ (ਮੇਹਰ ਕਰ) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ।੪।੩।੫। |
Sri Guru Granth Darpan, by Professor Sahib Singh |