ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 713 ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥ {ਪੰਨਾ 713} ਪਦਅਰਥ: ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਠਾਕੁਰ = ਹੇ ਮਾਲਕ! ਅਵਰੁ ਕਛੂ = ਹੋਰ ਕੁਝ ਭੀ। ਸੰਗਿ = ਨਾਲ। ਗੁਣ ਗਾਮ = (ਤੇਰੇ) ਗੁਣਾਂ ਦਾ ਗਾਉਣਾ, (ਤੇਰੀ) ਸਿਫ਼ਤਿ-ਸਾਲਾਹ।੧।ਰਹਾਉ। ਤਰਵਰ = ਰੁੱਖ। ਛਾਮ = ਛਾਂ। ਧਾਇ = ਦੌੜ ਕੇ। ਬਹੁ ਬਿਧਿ = ਕਈ ਤਰੀਕਿਆਂ ਨਾਲ। ਧਾਵੈ = ਦੌੜਦਾ ਹੈ। ਧਾਇ ਧਾਇ ਧਾਵੈ = ਸਦਾ ਹੀ ਦੌੜਦਾ ਰਹਿੰਦਾ ਹੈ। ਨਿਰਾਰਥ = ਵਿਅਰਥ, ਨਿਸਫਲ।੧। ਅਵਰੁ = ਹੋਰ। ਚਾਹਉ = ਚਾਹਉਂ, ਮੈਂ ਚਾਹਾਂ, ਮੈਂ ਮੰਗਦਾ ਰਹਾਂ। ਖਾਮ = ਕੱਚੀ, ਨਾਸਵੰਤ। ਨਾਨਕ = ਹੇ ਨਾਨਕ! ਰੇਨ = ਚਰਨ = ਧੂੜ। ਬਿਸ੍ਰਾਮ = (ਭਟਕਣ ਤੋਂ) ਟਿਕਾਉ।੨। ਅਰਥ: ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ। ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ।੧।ਰਹਾਉ। ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ) । ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ।੧। ਹੇ ਨਾਨਕ! ਆਖ-(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ। ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ।੨।੧।੯। ਟੋਡੀ ਮਹਲਾ ੫ ॥ ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥ ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥ ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥ ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥ ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥ ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥ {ਪੰਨਾ 713} ਪਦਅਰਥ: ਕੋ = ਦਾ। ਮਨਹਿ = ਮਨ ਨੂੰ। ਸਾਧਾਰੈ = ਆਧਾਰ = ਸਹਿਤ ਕਰਦਾ ਹੈ, ਆਸਰਾ ਦੇਂਦਾ ਹੈ। ਜੀਅ = ਜਿੰਦ। ਕਉ = ਦੇ ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼। ਹਮਾਰੈ = ਮੇਰੇ ਵਾਸਤੇ।੧।ਰਹਾਉ। ਪਤਿ = ਇੱਜ਼ਤ। ਪਰਵਾਰੈ = ਪਰਵਾਰ, ਟੱਬਰ। ਸਖਾਈ = ਮਿੱਤਰ, ਸਾਥੀ। ਸੰਗਿ = ਨਾਲ। ਮੋ ਕਉ = ਮੈਨੂੰ। ਕਉ = ਨੂੰ। ਨਿਸਤਾਰੈ = ਪਾਰ ਲੰਘਾਂਦਾ ਹੈ।੧। ਬਿਖੈ ਬਿਲਾਸ = ਵਿਸ਼ਿਆਂ ਦੇ ਭੋਗ। ਕਹੀਅਤ = ਕਹੇ ਜਾਂਦੇ ਹਨ। ਚਲਤ = ਚੱਲਦਾ, ਜਾਂਦਾ। ਕਛੁ = ਕੁਝ ਭੀ। ਸੰਗਾਰੈ = ਸੰਗਿ, ਨਾਲ। ਇਸਟੁ = ਪਿਆਰਾ। ਕੋ = ਦਾ। ਭੰਡਾਰੈ = ਖ਼ਜ਼ਾਨੇ ਵਿਚ।੨। ਅਰਥ: ਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ। ਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ। ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ।੧।ਰਹਾਉ। ਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ। ਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ। ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ।੧। ਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ। (ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ। ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ।੨।੨।੭। ਟੋਡੀ ਮਃ ੫ ॥ ਨੀਕੇ ਗੁਣ ਗਾਉ ਮਿਟਹੀ ਰੋਗ ॥ ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥ ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥ ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥ ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥ {ਪੰਨਾ 713} ਪਦਅਰਥ: ਨੀਕੇ = ਸੋਹਣੇ, ਚੰਗੇ। ਗਾਉ = ਗਾ, ਗਾਇਆ ਕਰ। ਮਿਟਹੀ = ਮਿਟਹਿ, ਮਿਟ ਜਾਂਦੇ ਹਨ। ਊਜਲ = ਰੌਸ਼ਨ। ਰਹੈ– ਬਣਿਆ ਰਹਿੰਦਾ ਹੈ। ਈਹਾ ਊਹਾ ਲੋਗੁ = ਇਹ ਲੋਕ ਤੇ ਪਰਲੋਕ।੧।ਰਹਾਉ। ਪਖਾਰਿ = ਧੋ ਕੇ। ਕਰਉ = ਕਰਉਂ, ਮੈਂ ਕਰਾਂ। ਮਨਹਿ = ਮਨ ਨੂੰ ਹੀ। ਚਰਾਵਉ = ਚਰਾਵਉਂ, ਮੈਂ ਚੜ੍ਹਾ ਦਿਆਂ। ਭੋਗ = ਭੇਟਾ। ਛੋਡਿ = ਛੱਡ ਕੇ। ਆਪਤੁ = ਆਪਾ = ਭਾਵ। ਬਾਦੁ = ਝਗੜਾ। ਮਾਨੁ = ਮੰਨ। ਹੋਗੁ = ਹੋਵੇਗਾ।੧। ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਲਿਖੋਗੁ = ਲੇਖ। ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ।੨। ਅਰਥ: ਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ। (ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ।੧।ਰਹਾਉ। ਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ) । ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ।੧। (ਪਰ,) ਹੇ ਨਾਨਕ! ਆਖ-ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ, ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ।੨।੩।੮। ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥ {ਪੰਨਾ 713} ਪਦਅਰਥ: ਸਤਿਗੁਰ = ਹੇ ਗੁਰੂ! ਲਾਹਿ = ਦੂਰ ਕਰ।੧।ਰਹਾਉ। ਅਵਰ ਠਾਹਰ = ਕੋਈ ਹੋਰ ਆਸਰਾ। ਹਾਰਿ = ਹਾਰ ਕੇ। ਤਉ ਦੁਆਰੀ = ਤੇਰੇ ਦਰ ਤੇ। ਅਲੇਖੈ = ਬਿਨਾ ਲੇਖਾ ਕਰਨ ਦੇ। ਛੂਟਹ = ਅਸੀ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ = ਗੁਣਹੀਨ। ਲੇਹੁ ਉਬਾਰੀ = ਉਬਾਰਿ ਲੇਹੁ, ਬਚਾ ਲੈ।੧। ਸਦ = ਸਦਾ। ਬਖਸਿੰਦੁ = ਬਖ਼ਸ਼ਸ਼ ਕਰਨ ਵਾਲਾ। ਦੇਇ = ਦੇਂਦਾ ਹੈ। ਅਧਾਰੀ = ਆਸਰਾ। ਸੰਤ ਪਾਛੈ = ਗੁਰੂ ਦੀ ਸਰਨ। ਇਹ ਬਾਰੀ = ਇਸ ਵਾਰੀ, ਇਸ ਜਨਮ ਵਿਰ।੨। ਅਰਥ: ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ।੧।ਰਹਾਉ। ਹੇ ਪ੍ਰਭੂ! ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧। ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯। ਟੋਡੀ ਮਹਲਾ ੫ ॥ ਰਸਨਾ ਗੁਣ ਗੋਪਾਲ ਨਿਧਿ ਗਾਇਣ ॥ ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥ ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ {ਪੰਨਾ 713-714} ਪਦਅਰਥ: ਰਸਨਾ = ਜੀਭ (ਨਾਲ) । ਨਿਧਿ = ਖ਼ਜ਼ਾਨਾ, ਸੁਖਾਂ ਦਾ ਖ਼ਜ਼ਾਨਾ। ਸਹਜੁ = ਆਤਮਕ ਅਡੋਲਤਾ। ਰਹਸੁ = ਖ਼ੁਸ਼ੀ। ਮੁਨਿ = ਮਨ ਵਿਚ। ਪਲਾਇਣ = ਦੌੜ ਜਾਂਦੇ ਹਨ।੧।ਰਹਾਉ। ਮਾਗਹਿ = (ਜੀਵ) ਮੰਗਦੇ ਹਨ। ਸੇਵਿ = ਸੇਵ ਕੇ। ਰਸਾਇਣ = ਸਾਰੇ ਰਸਾਂ ਦਾ ਘਰ। ਤੇ = ਤੋਂ। ਛੂਟਹਿ = ਬਚ ਜਾਂਦੇ ਹਨ। ਭਵਜਲੁ = ਸੰਸਾਰ = ਸਮੁੰਦਰ।੧। ਤਤੁ = ਅਸਲੀਅਤ, ਅਸਲ ਸਿੱਟਾ। ਪਰਾਇਣ = ਆਸਰੇ। ਅਬਿਨਾਸੀ ਖੇਮ = ਕਦੇ ਨਾਸ ਨਾਹ ਹੋਣ ਵਾਲਾ ਸੁਖ। ਚਾਹਹਿ = ਤੂੰ ਚਾਹੁੰਦਾ ਹੈਂ।੨। ਅਰਥ: ਹੇ ਭਾਈ! ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ।੧।ਰਹਾਉ। ਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ, (ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।੧। ਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ। ਹੇ ਨਾਨਕ! ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।੨।੫।੧੦। |
Sri Guru Granth Darpan, by Professor Sahib Singh |