ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 717 ਟੋਡੀ ਮਹਲਾ ੫ ॥ ਹਰਿ ਹਰਿ ਪਤਿਤ ਪਾਵਨ ॥ ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥ ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥ ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥ ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥ {ਪੰਨਾ 717} ਪਦਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਾਵਨ = ਪਵਿਤ੍ਰ (ਕਰਨ ਵਾਲਾ) । ਜੀਅ ਪ੍ਰਾਨ ਮਾਨ = ਜਿੰਦ ਦਾ ਪ੍ਰਾਣਾਂ ਦਾ ਮਾਣ (ਆਸਰਾ) । ਕੋ = ਦਾ। ਮਨ ਕੋ ਭਾਵਨ = ਮਨ ਦਾ ਪਿਆਰਾ (ਭਾ ਜਾਣ ਵਾਲਾ) ।ਰਹਾਉ। ਸੁਘੜੁ = ਸੁਚੱਜੀ (ਮਾਨਸਕ) ਘਾੜਤ ਵਾਲਾ। ਚਤੁਰੁ = ਸਿਆਣਾ। ਬੇੜਾ = ਜਾਣਨ ਵਾਲਾ। ਰਿਦ ਦਾਸ ਨਿਵਾਸ = ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ। ਅਨੂਪ = ਬਹੁਤ ਸੁੰਦਰ, ਬੇ = ਮਿਸਾਲ। ਕਰਮ ਭੂਮਿ = ਸਰੀਰ, ਕਰਮ ਬੀਜਣ ਵਾਲੀ ਧਰਤੀ।੧। ਬਿਸਮਨ ਬਿਖਮ ਬਿਸਮਾਦਾ = ਬਹੁਤ ਹੀ ਹੈਰਾਨ। ਆਨ = {अन्य} ਹੋਰ। ਬੀਓ = ਦੂਜਾ। ਲਾਵਨ = ਬਰਾਬਰ। ਰਸਨਾ = ਜੀਭ (ਨਾਲ) । ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਬਲਿ = ਸਦਕੇ।੨। ਅਰਥ: ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ।ਰਹਾਉ। ਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ। ਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ। ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ।੧। ਹੇ ਨਾਨਕ! ਆਖ-ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ। ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ। ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ। ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ।੨।੬।੨੫। ਟੋਡੀ ਮਹਲਾ ੫ ॥ ਮਾਈ ਮਾਇਆ ਛਲੁ ॥ ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥ ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥ ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥ ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥ {ਪੰਨਾ 717} ਪਦਅਰਥ: ਮਾਈ = ਹੇ ਮਾਂ! ਛਲੁ = ਧੋਖਾ। ਤ੍ਰਿਣ = ਕੱਖ, ਤੀਲੇ। ਮੇਘ = ਬੱਦਲ। ਛਾਇਆ = ਛਾਂ।ਰਹਾਉ। ਛੋਡਿ = ਛੱਡ ਦੇ। ਕਰ = {ਬਹੁ-ਵਚਨ} ਹੱਥ। ਦੁਇ ਕਰ = ਦੋਵੇਂ ਹੱਥ। ਜੋੜਿ = ਜੋੜ ਕੇ। ਮਗਿ = ਰਸਤੇ ਉਤੇ। ਚਲੁ = ਤੁਰ। ਦੇਹੁ = ਸਰੀਰ। ਊਤਮ = ਸਭ ਤੋਂ ਚੰਗਾ।੧। ਬੇਦ ਬਖਿਆਨ = ਗਿਆਨ ਦੀ ਵਿਆਖਿਆ, ਆਤਮਕ ਜੀਵਨ ਦੀ ਸੂਝ ਦੀ ਵਿਆਖਿਆ। ਸਾਧੂ ਜਨ = ਭਲੇ ਮਨੁੱਖ। ਖਲੁ = ਮੂਰਖ। ਰਾਚੇ = ਮਸਤ। ਸਿਮਰਨਿ = ਸਿਮਰਨ ਨਾਲ। ਮਲ = ਮੱਲ, (ਕਾਮਾਦਿਕ) ਭਲਵਾਨ {ਬਹੁ-ਵਚਨ}। ਦਹਨ ਭਏ = ਸੜ ਜਾਂਦੇ ਹਨ।੨। ਅਰਥ: ਹੇ ਮਾਂ! ਮਾਇਆ ਇਕ ਛਲਾਵਾ ਹੈ (ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ) । ਪਰਮਾਤਮਾ ਦੇ ਭਜਨ ਤੋਂ ਬਿਨਾ (ਇਸ ਮਾਇਆ ਦੀ ਪਾਂਇਆਂ ਇਤਨੀ ਹੈ ਜਿਵੇਂ ਕਿ) ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, (ਦਰਿਆ ਦੇ) ਹੜ ਦਾ ਪਾਣੀ ਹੈ।ਰਹਾਉ। ਹੇ ਭਾਈ! ਮਾਇਆ ਛਲਾਵੇ ਦੇ ਧੋਖੇ ਤੋਂ ਬਚਣ ਲਈ) ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ, ਦੋਵੇਂ ਹੱਥ ਜੋੜ ਕੇ ਗੁਰੂ ਦੇ (ਦੱਸੇ ਹੋਏ) ਰਸਤੇ ਉਤੇ ਤੁਰਿਆ ਕਰ, ਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ-ਮਨੁੱਖ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ।੧। ਹੇ ਭਾਈ! ਭਲੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਹਨ, ਪਰ ਨਿਭਾਗਾ ਮੂਰਖ ਮਨੁੱਖ (ਇਸ ਉਪਦੇਸ਼ ਨੂੰ) ਨਹੀਂ ਸਮਝਦਾ। ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ-ਭਗਤੀ ਵਿਚ ਮਸਤ ਰਹਿੰਦੇ ਹਨ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰੋਂ ਕਾਮਾਦਿਕ) ਭਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ।੨।੭।੨੬। ਟੋਡੀ ਮਹਲਾ ੫ ॥ ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥ ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥ {ਪੰਨਾ 717} ਪਦਅਰਥ: ਮਾਈ = ਹੇ ਮਾਂ! ਭਾਗਿ = ਕਿਸਮਤ ਨਾਲ। ਕੋਟਿ = ਕ੍ਰੋੜਾਂ। ਡੀਠੇ = ਡਿੱਠਿਆਂ।ਰਹਾਉ। ਗਾਵਤ = ਗਾਂਦਿਆਂ। ਅਚੁਤ = {अच्युत। च्यु = ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਕਦੇ ਨਾਸ ਨਾਹ ਹੋਣ ਵਾਲਾ। ਮਦ = ਅਹੰਕਾਰ। ਢੀਠੇ = ਢੀਠ, ਮੁੜ ਮੁੜ ਹੱਲਾ ਕਰਨ ਵਾਲੇ। ਅਸਥਿਰ = {स्थिर} ਅਡੋਲ। ਸਾਚ ਰੰਗਿ = ਸਦਾ-ਥਿਰ ਪ੍ਰਭੂ ਦੇ ਪ੍ਰੇਮ = ਰੰਗ ਵਿਚ। ਬਾਹੁਰਿ = ਮੁੜ। ਪੀਠੇ = ਪੀਠੇ ਜਾਂਦੇ।੧। ਜੇਤੇ = ਜਿਤਨੇ ਭੀ ਹਨ। ਸੰਤ ਦਇਆਲ = ਦਇਆ ਦੇ ਘਰ ਗੁਰੂ (ਦੀ ਕਿਰਪਾ ਨਾਲ) । ਸਭਿ = ਸਾਰੇ। ਮੂਠੇ = ਠੱਗੇ ਹੋਏ।੨। ਅਰਥ: ਹੇ ਮਾਂ! ਗੁਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ। (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗੁਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗੁਰੂ ਦਾ ਦਰਸਨ ਕੀਤਿਆਂ (ਉਸ ਮਨੁੱਖ ਨੂੰ) ਕ੍ਰੋੜਾਂ (ਪੁੰਨਾਂ ਦੇ) ਫਲ ਪ੍ਰਾਪਤ ਹੋ ਜਾਂਦੇ ਹਨ।ਰਹਾਉ। ਹੇ ਮਾਂ! ਗੁਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੁੜ ਮੁੜ ਹੱਲਾ ਕਰ ਕੇ ਆਉਣ ਵਾਲੇ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ। (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨੁੱਖ) ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮੁੜ ਮੁੜ ਨਹੀਂ ਪੀਸੇ ਜਾਂਦੇ।੧। ਹੇ ਮਾਂ! ਜੇਹੜੇ ਮਨੁੱਖ ਗੁਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦੁਨੀਆਵੀ) ਸੁਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ। ਹੇ ਨਾਨਕ! ਆਖ-ਹੇ ਮਾਂ!) ਪਰਮਾਤਮਾ ਦੇ ਸੇਵਕ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ। ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲੁਟਾ ਕੇ (ਜਗਤ ਤੋਂ) ਜਾਂਦੇ ਹਨ।੨।੮।੨੭। ਟੋਡੀ ਮਹਲਾ ੫ ॥ ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥ {ਪੰਨਾ 717} ਪਦਅਰਥ: ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਸਹਜਿ = ਆਤਮਕ ਅਡੋਲਤਾ ਦੇ ਕਾਰਨ। ਅੰਕੁਰੁ = (ਪਿਛਲੇ ਬੀਜੇ ਹੋਏ ਭਲੇ ਕਰਮਾਂ ਦਾ) ਅੰਗੂਰ।ਰਹਾਉ। ਭੇਟਿਓ = ਮਿਲ ਪਿਆ। ਬਡ ਭਾਗੀ = ਵੱਡੀ ਕਿਸਮਤ ਨਾਲ। ਜਾ ਕੋ = ਜਿਸ (ਪਰਮਾਤਮਾ) ਦਾ। ਪਾਰਾਵਾਰਾ = ਪਾਰ ਅਵਾਰ, ਪਾਰਲਾ ਉਰਲਾ ਬੰਨਾ। ਕਰੁ = {ਇਕ-ਵਚਨ} ਹੱਥ। ਗਹਿ = ਫੜ ਕੇ। ਜਨੁ ਅਪੁਨਾ = ਆਪਣੇ ਸੇਵਕ ਨੂੰ। ਬਿਖੁ = ਜ਼ਹਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ ਦੇ ਮੋਹ ਦਾ ਜ਼ਹਰ।੧। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਸੰਕਟ ਦੁਆਰਾ = ਕਸ਼ਟਾਂ (ਵਾਲੇ ਚੌਰਾਸੀ ਦੇ ਗੇੜ) ਦਾ ਦਰਵਾਜ਼ਾ। ਗਹੀ = ਫੜੀ ਹੈ। ਪੁਨਹ ਪੁਨਹ = ਮੁੜ ਮੁੜ।੨। ਅਰਥ: ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ (ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ।ਰਹਾਉ। ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ।੧। ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ। ਹੇ ਨਾਨਕ! ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ।੨।੯।੨੭। ਟੋਡੀ ਮਹਲਾ ੫ ॥ ਮਾਈ ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥ ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥ ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥ {ਪੰਨਾ 717} ਪਦਅਰਥ: ਮਾਈ = ਹੇ ਮਾਂ! ਕੋ = ਦਾ। ਕੋਟਿ = ਕ੍ਰੋੜਾਂ। ਭੁਗਵੈ = ਮਾਣਦਾ ਹੈ। ਸਿਮਰਤ = ਸਿਮਰਦਿਆਂ।੧।ਰਹਾਉ। ਕਿਲਬਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਪਾਵਨ = ਪਵਿਤ੍ਰ। ਦੇਖਿ = ਵੇਖ ਕੇ।੧। ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ = ਅੱਠ। ਮਹਾ ਸਿਧਿ = ਵੱਡੀਆਂ ਕਰਾਮਾਤੀ ਤਾਕਤਾਂ। ਕਾਮਧੇਨੁ = {ਕਾਮ = ਵਾਸਨਾ। ਧੇਨੁ = ਗਾਂ} ਸੁਰਗ ਦੀ ਉਹ ਗਾਂ ਜੋ ਹਰੇਕ ਵਾਸਨਾ ਪੂਰੀ ਕਰ ਦੇਂਦੀ ਹੈ। ਪਾਰਜਾਤ = ਇੰਦਰ ਦੇ ਬਾਗ਼ ਦਾ 'ਪਾਰਜਾਤ' ਰੁੱਖ ਜੋ ਮਨ = ਮੰਗੀ ਮੁਰਾਦ ਪੂਰੀ ਕਰਦਾ ਹੈ। ਧੁਖੁ = ਧੁਖਧੁਖੀ, ਚਿੰਤਾ।੨। ਅਰਥ: ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ, ਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ।੧।ਰਹਾਉ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ।੧। ਹੇ ਮਾਂ! ਚਾਰ ਪਦਾਰਥ (ਦੇਣ ਵਾਲਾ) , ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ। ਹੇ ਨਾਨਕ! ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ।੨।੧੦।੨੯। |
Sri Guru Granth Darpan, by Professor Sahib Singh |