ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 718

ਟੋਡੀ ਮਹਲਾ ੫ ॥ ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ {ਪੰਨਾ 718}

ਪਦਅਰਥ: ਰਿਦੈ = ਹਿਰਦੇ ਵਿਚ। ਉਰ ਧਾਰੇ = ਉਰ ਧਾਰਿ, {ਉਰ = ਹਿਰਦਾ} ਹਿਰਦੇ ਵਿਚ ਟਿਕਾਈ ਰੱਖ। ਸਿਮਰਿ = ਸਿਮਰ ਕੇ। ਸੁਆਮੀ = ਮਾਲਕ = ਪ੍ਰਭੂ। ਹਮਾਰੇ = ਅਸਾਂ ਜੀਵਾਂ ਦੇ।੧।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਤਤੁ ਬੀਚਾਰੇ = ਸਾਰੀਆਂ ਵਿਚਾਰਾਂ ਦਾ ਨਿਚੋੜ। ਗਾਵਤ = ਗਾਂਦਿਆਂ। ਅਤੁਲ = ਜੇਹੜਾ ਤੋਲਿਆ ਨਾਹ ਜਾ ਸਕੇ, ਅਮਿਣਵਾਂ। ਗੁਨ ਠਾਕੁਰ = ਠਾਕੁਰ ਦੇ ਗੁਣ। ਅਗਮ = ਅਪਹੁੰਚ।੧।

ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਹੁਰਿ = ਮੁੜ, ਫਿਰ। ਕਛੁ ਨ ਬੀਚਾਰੇ = ਕੋਈ ਲੇਖਾ ਨਹੀਂ ਕਰਦਾ। ਸੁਨਿ = ਸੁਣ ਕੇ। ਜਪਿ = ਜਪ ਕੇ। ਜੀਵਾ = ਜੀਵਾਂ, ਮੈ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਕੰਠ = ਗਲਾ। ਮਝਾਰੇ = ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ। ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ।੧।ਰਹਾਉ।

ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ। ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ।੧।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ। ਹੇ ਨਾਨਕ! ਆਖ-) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ।੨।੧੧।੩੦।

ਟੋਡੀ ਮਹਲਾ ੯    ੴ ਸਤਿਗੁਰ ਪ੍ਰਸਾਦਿ ॥ ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ {ਪੰਨਾ 718}

ਪਦਅਰਥ: ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ ਤਕ, ਕਿਥੋਂ ਤਕ, ਕਿਤਨੀ ਕੁ? ਅਧਮਾਈ = ਨੀਚਤਾ। ਉਰਝਿਓ = ਫਸਿਆ ਹੋਇਆ ਹੈ। ਕਨਕ = ਸੋਨਾ। ਕਾਮਨੀ = ਇਸਤ੍ਰੀ। ਰਸ = ਸੁਆਦਾਂ ਵਿਚ। ਕੀਰਤਿ = ਸਿਫ਼ਤਿ-ਸਾਲਾਹ।੧।ਰਹਾਉ।

ਕਉ = ਨੂੰ। ਸਾਚੁ = ਸਦਾ ਕਾਇਮ ਰਹਿਣ ਵਾਲਾ। ਜਾਨਿ ਕੈ = ਸਮਝ ਕੇ। ਤਾ ਸਿਉ = ਉਸ (ਜਗਤ ਨਾਲ) ਰੁਚਿ = ਲਗਨ। ਉਪਜਾਈ = ਪੈਦਾ ਕੀਤੀ ਹੋਈ ਹੈ। ਦੀਨ ਬੰਧੁ = ਨਿਮਾਣਿਆਂ ਦਾ ਰਿਸ਼ਤੇਦਾਰ। ਜੁ = ਜੋ, ਜੇਹੜਾ। ਸੰਗਿ = ਨਾਲ। ਸਹਾਈ = ਮਦਦਗਾਰ।੧।

ਮਗਨ = ਮਸਤ। ਮਹਿ = ਵਿਚ। ਨਿਸਿ = ਰਾਤ। ਕਾਈ = ਪਾਣੀ ਦਾ ਜਾਲਾ। ਅਬ = ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ) ਅਨਤ = {अन्यत्र} ਕਿਸੇ ਹੋਰ ਥਾਂ। ਗਤਿ = ਉੱਚੀ ਆਤਮਕ ਅਵਸਥਾ।੨।

ਅਰਥ: ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ। ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ।੧।

ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ। ਹੇ ਨਾਨਕ! ਆਖ-ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।੨।੧।੩੧।

ਜ਼ਰੂਰੀ ਨੋਟ: ਟੋਡੀ ਰਾਗ ਵਿਚ ਸਾਰੇ ਸ਼ਬਦਾਂ ਦਾ ਵੇਰਵਾ ਇਉਂ ਹੈ:

ਮਹਲਾ ੪ ----
ਮਹਲਾ ੫ --- ੩੦
ਮਹਲਾ ੯ ----
 . . . . . . . . ----
ਕੁਲ ਜੋੜ . . . . ੩੨

ਟੋਡੀ ਬਾਣੀ ਭਗਤਾਂ ਕੀ    ੴ ਸਤਿਗੁਰ ਪ੍ਰਸਾਦਿ ॥ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ਜਲ ਕੀ ਮਾਛੁਲੀ ਚਰੈ ਖਜੂਰਿ ॥੧॥ ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥ {ਪੰਨਾ 718}

ਪਦਅਰਥ: ਬੋਲੈ = ਆਖਦਾ ਹੈ। ਨਿਰਵਾ = ਨੇੜੇ। ਚਰੈ = ਚੜ੍ਹਦੀ ਹੈ, ਚੜ੍ਹਨ ਦਾ ਜਤਨ ਕਰਦੀ ਹੈ। ਖਜੂਰਿ = ਖਜੂਰ ਦੇ ਰੁੱਖ ਉੱਤੇ।੧।

ਰੇ = ਹੇ ਭਾਈ! ਕਾਂਇ = ਕਾਹਦੇ ਲਈ? ਬਕ ਬਾਦੁ = ਵਿਅਰਥ ਝਗੜਾ, ਬਹਿਸ। ਜਿਨਿ = ਜਿਸ (ਮਨੁੱਖ) ਨੇ। ਪਾਇਓ = ਪਾਇਆ ਹੈ, ਲੱਭਾ ਹੈ। ਤਿਨਹਿ = ਤਿਨਹੀ, ਉਸੇ ਨੇ ਹੀ।੧।ਰਹਾਉ।

ਪੰਡਿਤ = {Skt. पंडा = wisdom, learning, learned, wise} ਵਿਦਵਾਨ। ਹੋਇ ਕੈ = ਬਣ ਕੇ। ਬਖਾਨੈ = {Skt. व्याख्या = To dwell at large} ਵਿਸਥਾਰ ਨਾਲ ਵਿਚਾਰ ਕੇ ਸੁਣਾਉਂਦਾ ਹੈ। ਰਾਮਹਿ = ਰਾਮ ਨੂੰ ਹੀ।੨।

ਅਰਥ: ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ) , ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ) ; (ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ) ੧।

ਹੇ ਭਾਈ! ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ? ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ੧।ਰਹਾਉ।

ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ, ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ) ੨।੧।

ਸ਼ਬਦ ਦਾ ਭਾਵ: ਵਿੱਦਿਆ ਦੇ ਬਲ ਨਾਲ ਪਰਮਾਤਮਾ ਦੀ ਹਸਤੀ ਬਾਰੇ ਬਹਿਸ ਕਰਨੀ ਵਿਅਰਥ ਉੱਦਮ ਹੈ; ਉਸ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਸਹੀ ਰਾਹ ਹੈ।੧।

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥ ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥ ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥ {ਪੰਨਾ 718}

ਪਦਅਰਥ: ਕਉਨ ਕੋ = ਕਿਸ (ਮਨੁੱਖ) ਦਾ? ਕਲੰਮੁ = ਪਾਪ। ਕਉਨ...ਰਹਿਓ = ਕਿਸ ਮਨੁੱਖ ਦਾ ਪਾਪ ਰਹਿ ਗਿਆ? ਕਿਸੇ ਮਨੁੱਖ ਦਾ ਕੋਈ ਪਾਪ ਨਹੀਂ ਰਹਿ ਜਾਂਦਾ। (ਪਤਿਤ = ਵਿਕਾਰਾਂ ਵਿਚ) ਡਿੱਗੇ ਹੋਏ ਬੰਦੇ। ਭਏ = ਹੋ ਜਾਂਦੇ ਹਨ।੧।ਰਹਾਉ।

ਰਾਮ ਸੰਗਿ = ਨਾਮ ਦੀ ਸੰਗਤਿ ਵਿਚ, ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ। ਜਨ ਕਉ = ਦਾਸ ਨੂੰ। ਪ੍ਰਤਗਿਆ = ਨਿਸ਼ਚਾ। ਰਹੈ– ਰਹਿ ਗਿਆ ਹੈ, ਕੋਈ ਲੋੜ ਨਹੀਂ ਰਹੀ। ਕਾਹੇ ਕਉ = ਕਾਹਦੇ ਵਾਸਤੇ? ਜਾਈ = ਮੈਂ ਜਾਵਾਂ।੧।

ਭਨਤਿ = ਆਖਦਾ ਹੈ। ਸੁਕ੍ਰਿਤ = ਚੰਗੀ ਕਰਣੀ ਵਾਲੇ। ਸੁਮਤਿ = ਚੰਗੀ ਮਤ ਵਾਲੇ। ਗੁਰਮਤਿ = ਗੁਰੂ ਦੀ ਮਤ ਲੈ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ। ਰਾਮੁ ਕਹਿ = ਪ੍ਰਭੂ ਦਾ ਨਾਮ ਸਿਮਰ ਕੇ। ਕੋ ਕੋ ਨ = ਕੌਣ ਕੋਣ ਨਹੀਂ? (ਭਾਵ, ਹਰੇਕ ਜੀਵ) ਬੈਕੁੰਠਿ = ਬੈਕੁੰਠ ਵਿਚ, ਪ੍ਰਭੂ ਦੇ ਦੇਸ ਵਿਚ।੨।

ਅਰਥ: ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ; ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ।੧।ਰਹਾਉ।

ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ?੧।

ਨਾਮਦੇਵ ਆਖਦਾ ਹੈ-ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ, (ਕਿਉਂਕਿ ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ।੨।੨।

ਭਾਵ: ਸਿਮਰਨ ਦੀ ਬਰਕਤਿ ਨਾਲ ਵਿਕਾਰੀ ਭੀ ਭਲੇ ਬਣ ਜਾਂਦੇ ਹਨ। ਤੀਰਥ ਬਰਤ ਆਦਿਕ ਕੁਝ ਨਹੀਂ ਸਵਾਰਦੇ।

ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥ ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥ ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥ ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥ ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥ {ਪੰਨਾ 718}

ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੋਈ ਸਾਰੀ ਬਾਣੀ ਸੰਬੰਧੀ, ਸਤਿਗੁਰੂ ਜੀ ਭਗਤ ਕਬੀਰ ਜੀ ਦੀ ਰਾਹੀਂ ਇਉਂ ਫ਼ੁਰਮਾਂਦੇ ਹਨ-

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥੧॥੪॥੫੫॥ {ਗਉੜੀ ਕਬੀਰ ਜੀ

ਇਸ ਹੁਕਮ ਦੇ ਅਨੁਸਾਰ ਇਹ ਸ਼ਬਦ ਭੀ 'ਬ੍ਰਹਮ ਬੀਚਾਰ' ਹੈ। ਹਰੇਕ ਸ਼ਬਦ ਦੇ 'ਰਹਾਉ' ਵਾਲੇ ਬੰਦ ਵਿਚ 'ਮੁਖ-ਉਪਦੇਸ਼' ਹੁੰਦਾ ਹੈ, 'ਸ਼ਬਦ ਦਾ ਸਾਰ' ਹੁੰਦਾ ਹੈ; ਬਾਕੀ ਦੇ ਬੰਦ 'ਰਹਾਉ' ਦੇ ਬੰਦ ਦਾ ਵਿਕਾਸ ਹਨ; ਸ਼ਬਦ-ਰੂਪ ਖਿੜੇ ਹੋਏ ਫੁੱਲ ਦੇ ਅੰਦਰ 'ਰਹਾਉ' ਦਾ ਬੰਦ, ਮਾਨੋ, ਮਕਰੰਦ ਹੈ।

ਪਰ ਜਦੋਂ ਅਸੀ ਵਿਦਵਾਨਾਂ ਦੇ ਮੂੰਹੋਂ ਸੁਣਦੇ ਹਾਂ, ਤਾਂ ਉਹ ਇਸ 'ਰਹਾਉ' ਦੀ ਤੁਕ ਦਾ ਅਰਥ ਇਉਂ ਕਰਦੇ ਹਨ:

ਇਸ ਛੰਦ ਵਿਚ ਤਿੰਨਾਂ ਤਿੰਨਾਂ ਹਿੱਸਿਆਂ ਦੇ ਚੰਗੇ ਪ੍ਰਸੰਗਾਂ ਦੇ ਖੇਲ ਇਕੱਠੇ ਕੀਤੇ ਹੋਏ ਹਨ।

ਜਾਂ

ਇਹ ਛੰਦ ਤਿੰਨਾਂ ਪਦਾਂ ਉੱਤੇ ਖੇਲ ਰੂਪ ਹੈ।

ਸਾਰਾ ਸ਼ਬਦ 'ਬ੍ਰਹਮ ਵੀਚਾਰ' ਹੈ, ਸ਼ਬਦ-ਫੁੱਲ ਦਾ ਮਕਰੰਦ ਇਹ ਤੁਕ 'ਤੀਨਿ ਛੰਦੇ ਖੇਲ ਮਾਛੈ' ਹੈ, ਪਰ ਇਸ ਤੁਕ ਦੇ ਉੱਪਰ-ਲਿਖੇ ਅਰਥਾਂ ਵਿਚੋਂ ਗੁਰਮਤਿ-ਉਪਦੇਸ਼ ਦੀ ਸੁਗੰਧੀ ਲੱਭਣੀ ਬਹੁਤ ਕਠਨ ਜਾਪਦੀ ਹੈ।

ਜਿਵੇਂ 'ਸਦੁ' ਉੱਤੇ ਵਿਚਾਰ ਕਰਦਿਆਂ 'ਸਦ-ਸਟੀਕ' ਪੁਸਤਕ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ, ਅਜਿਹੇ ਮੌਕਿਆਂ ਤੇ ਜੇ ਟਾਕਰੇ ਤੇ ਗੁਰਬਾਣੀ ਵਿਚੋਂ ਹੋਰ ਲਫ਼ਜ਼ਾਂ ਦੀ ਸਹਾਇਤਾ ਲਈ ਜਾਏ, ਤਾਂ ਕਈ ਗੁੰਝਲਾਂ ਹੱਲ ਹੋ ਜਾਂਦੀਆਂ ਹਨ। ਲਫ਼ਜ਼ 'ਖੇਲੁ' ਗੁਰੂ ਗ੍ਰੰਥ ਸਾਹਿਬ ਵਿਚ ਕਈ ਵਾਰੀ ਆਇਆ ਹੈ; ਪ੍ਰਮਾਣ ਵਜੋਂ-

ਸੁਪਨੰਤਰੁ ਸੰਸਾਰ ਸਭੁ ਸਭੁ ਬਾਜੀ 'ਖੇਲੁ' ਖਿਲਾਵੈਗੇ ॥ ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥੫॥ {ਕਾਨੜਾ ਮ: ੪ ਅਸਟਪਦੀ

ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥ ਹਰਿ 'ਖੇਲੁ' ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥੪॥ {ਕਾਨੜੇ ਕੀ ਵਾਰ

ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ॥ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ ਤੈਸੋ ਹੀ ਇਹ 'ਖੇਲੁ' ਖਸਮ ਕਾ ਜਿਉ ਉਸ ਕੀ ਵਡਿਆਈ ॥੨॥੮॥ {ਪ੍ਰਭਾਤੀ ਮ: ੧

ਆਪੇ ਭਾਂਤ ਬਣਾਏ ਬਹੁਰੰਗੀ ਸ੍ਰਿਸਟਿ ਉਪਾਈ ਪ੍ਰਭਿ 'ਖੇਲੁ' ਕੀਆ ॥ ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥੬॥ {ਪ੍ਰਭਾਤੀ ਮ: ੩

ਪੀਤ ਬਸਨ ਕੁੰਦ-ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਰਿ ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ 'ਖੇਲੁ' ਕੀਆ ਆਪਣੈ ਉਛਾਹਿ ਜੀਉ ॥੩॥੮॥ {ਸਵਈਏ ਮਹਲੇ ਚੌਥੇ ਕੇ, ਗਯੰਦ

ਕੀਆ 'ਖੇਲੁ' ਬਡਮੇਲੁ ਤਮਾਸਾ ॥ ਵਾਹਿ ਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥੩॥੧੩॥੪੨॥ {ਸਵਈਏ ਮਹਲੇ ਚੌਥੇ ਕੇ, ਗਯੰਦ

ਸੋ,

'ਖੇਲੁ' ਦਾ ਅਰਥ ਹੈ 'ਜਗਤ-ਰੂਪ ਤਮਾਸ਼ਾ।' ਤੀਨਿ ਛੰਦੇ ਖੇਲੁ-ਤ੍ਰਿਛੰਦੇ ਦਾ ਖੇਲ, ਤ੍ਰਿਛੰਦੇ (ਸੰਸਾਰ) ਦਾ ਖੇਲ।

ਨੋਟ: ਇੱਥੇ 'ਤੀਨ ਛੰਦਾ' ਸਮਾਸੀ ਸ਼ਬਦ ਹੈ, ਭਾਵ, 'ਉਹ ਜਿਸ ਦੇ ਤਿੰਨ ਛੰਦ ਹਨ') ਛੰਦ-ਇਹ ਲਫ਼ਜ਼ ਸੰਸਕ੍ਰਿਤ ਦਾ ਹੈ। ਇਸ ਦਾ ਅਰਥ ਹੈ 'ਸੁਭਾਉ'

ਸੋ,

'ਤਿਨਿ ਛੰਦੇ ਖੇਲੁ' ਦਾ ਅਰਥ ਹੈ "ਉਸ (ਸੰਸਾਰ) ਦਾ ਤਮਾਸ਼ਾ, ਜਿਸ ਵਿਚ ਤਿੰਨ ਸੁਭਾਉ ਮਿਲੇ ਹੋਏ ਹਨ, ਜਿਸ ਵਿਚ ਤਿੰਨ ਗੁਣ ਮਿਲੇ ਹੋਏ ਹਨ; ਭਾਵ, ਤ੍ਰਿਗੁਣੀ ਸੰਸਾਰ ਦਾ ਤਮਾਸ਼ਾ"

'ਰਹਾਉ' ਦੀ ਤੁਕ ਦਾ ਅਰਥ:

(ਪਰਮਾਤਮਾ ਦਾ ਰਚਿਆ ਹੋਇਆ) ਇਹ ਤ੍ਰਿਗੁਣੀ ਸੰਸਾਰ ਦਾ ਤਮਾਸ਼ਾ ਹੈ।

ਜੇ ਇਸ ਅਰਥ ਨੂੰ ਸ਼ਬਦ ਦੇ ਬਾਕੀ ਬੰਦਾਂ ਨਾਲ ਰਲਾ ਕੇ ਪੜ੍ਹੀਏ ਤਾਂ 'ਰਹਾਉ' ਦੀ ਤੁਕ ਦਾ ਭਾਵ ਇਹ ਬਣਦਾ ਹੈ:

ਇਸ ਤ੍ਰਿ-ਗੁਣੀ ਸੰਸਾਰ ਵਿਚ ਅਕਾਲ ਪੁਰਖ ਦਾ ਤਮਾਸ਼ਾ ਹੋ ਰਿਹਾ ਹੈ, ਸਭ ਤ੍ਰੈ-ਗੁਣੀ ਜੀਵ ਆਪੋ ਆਪਣੇ ਸੁਭਾਉ ਅਨੁਸਾਰ ਸਾਧਾਰਨ ਤੌਰ ਤੇ ਪ੍ਰਵਿਰਤ ਹਨ।

ਇਸੇ ਖ਼ਿਆਲ ਦਾ ਵਿਸਥਾਰ ਬਾਕੀ ਦੇ ਸ਼ਬਦ ਵਿਚ ਹੈ-ਰਾਜਿਆਂ ਦੇ ਘਰ ਸਾਂਢਨੀ ਆਦਿਕ ਰਾਜ ਦੇ ਸਾਮਾਨ ਹਨ; ਕੁੰਭਾਰ, ਤੇਲੀ, ਬਾਣੀਆ ਆਦਿਕ ਕਿਰਤੀ ਭਾਂਡੇ, ਤੇਲ, ਹਿੰਙ ਆਦਿਕ ਚੀਜ਼ਾਂ ਦੇ ਵਿਹਾਰ ਵਿਚ ਪ੍ਰਵਿਰਤ ਹਨ; ਪੰਡਿਤ ਲੋਕ ਪੱਤ੍ਰੀ ਆਦਿਕ ਪੁਸਤਕਾਂ ਦੇ ਵਿਚਾਰ ਵਿਚ ਮਸਤ ਹਨ।

ਭਗਤ ਨੂੰ ਤਾਂ ਇਹਨਾਂ ਤ੍ਰਿ-ਗੁਣੀ ਪਦਾਰਥਾਂ ਵਿਚ ਰੁੱਝਣ ਦੀ ਲੋੜ ਨਹੀਂ, ਉਹ ਢੂੰਢਦਾ ਹੈ ਇਸ ਤ੍ਰਿ-ਗੁਣੀ ਖੇਲ ਦੇ ਕਰਤਾਰ ਨੂੰ। ਉਹ ਕਿੱਥੇ ਹੈ?-"ਸੰਤਾਂ ਮਧੇ"

ਅਰਥ: (ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ।੧।ਰਹਾਉ।

(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ; ਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ੧।

ਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ, ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ੨।

(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ ਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ੩।

(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?)

(ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ। (ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ। (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ।੪।੩।

TOP OF PAGE

Sri Guru Granth Darpan, by Professor Sahib Singh