ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 719 ੴ ਸਤਿਗੁਰ ਪ੍ਰਸਾਦਿ ॥ ਸੁਨਿ ਮਨ ਅਕਥ ਕਥਾ ਹਰਿ ਨਾਮ ॥ ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥ ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥ ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥ ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥ {ਪੰਨਾ 719} ਪਦਅਰਥ: ਮਨ = ਹੇ ਮਨ! ਅਕਥ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਕਥ ਕਥਾ = ਉਸ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਜਿਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ। ਰਿਧਿ = ਧਨ = ਪਦਾਰਥ। ਬੁਧਿ = ਅਕਲ। ਸਿਧਿ = ਕਰਾਮਾਤੀ ਤਾਕਤਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ। ਗੁਰਮਤਿ = ਗੁਰੂ ਦੀ ਸਿੱਖਿਆ ਉਤੇ ਤੁਰ ਕੇ।੧।ਰਹਾਉ। ਨਾਨਾਖਿਆਨ = ਨਾਨਾ ਆਖਿਆਨ। ਨਾਨਾ = ਕਈ ਕਿਸਮਾਂ ਦੇ। ਆਖਿਆਨ = ਪ੍ਰਸੰਗ। ਜਸੁ = ਸਿਫ਼ਤਿ-ਸਾਲਾਹ। ਖਟ ਦਰਸਨ = ਛੇ ਸ਼ਾਸਤ੍ਰ। ਗਾਵਹਿ = ਗਾਂਦੇ ਹਨ। ਸੰਕਰ = ਸ਼ਿਵ। ਮਰਮਾਮ = ਮਰਮ, ਭੇਤ।੧। ਸੁਰਿ = ਦੇਵਤੇ। ਨਰ = ਮਨੁੱਖ। ਗਣ = ਸ਼ਿਵ ਜੀ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਜੇਤ = ਜਿਤਨੀ ਭੀ। ਉਪਾਮ = ਪੈਦਾ ਕੀਤੀ ਹੋਈ ਹੈ। ਕਰੀ = ਕੀਤੀ। ਜਿਨਿ ਕਉ = ਜਿਨ੍ਹਾਂ ਉਤੇ। ਤੇ = ਉਹ (ਬਹੁ-ਵਚਨ) ।੨। ਅਰਥ: ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ।੧।ਰਹਾਉ। ਹੇ ਮਨ! ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ) । ਸ਼ਿਵ ਜੀ ਅਤੇ ਤੇਤੀ ਕ੍ਰੋੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ।੧। (ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ। ਹੇ ਨਾਨਕ! ਆਖ-ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ।੨।੧। ਬੈਰਾੜੀ ਮਹਲਾ ੪ ॥ ਮਨ ਮਿਲਿ ਸੰਤ ਜਨਾ ਜਸੁ ਗਾਇਓ ॥ ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥ ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥ ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥ ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥ ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥ {ਪੰਨਾ 719} ਪਦਅਰਥ: ਮਨ = ਹੇ ਮਨ! ਮਿਲਿ = ਮਿਲ ਕੇ। ਗਾਇਓ = ਗਾਇਆ। ਨੀਕੋ = ਚੰਗਾ, ਕੀਮਤੀ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।੧।ਰਹਾਉ। ਕਉ = ਨੂੰ। ਦੇਵਉ = ਦੇਵਉਂ, ਮੈਂ ਦੇਂਦਾ ਹਾਂ। ਜਿਨਿ = ਜਿਸ ਨੇ। ਸੰਪੈ = ਧਨ = ਪਦਾਰਥ।੧। ਖਿਨੁ = ਛਿਨ ਭਰ ਲਈ। ਕਿੰਚਿਤ = ਥੋੜੀ ਜਿਤਨੀ ਹੀ। ਜਗਦੀਸਰਿ = ਜਗਦੀਸ਼ਰ ਨੇ, ਜਗਤ ਦੇ ਈਸ਼ਰ ਨੇ। ਭੇਟੇ = ਮਿਲੇ। ਜਨ ਕਉ = (ਜਿਸ) ਮਨੁੱਖ ਨੂੰ।੨। ਅਰਥ: ਹੇ ਮਨ! ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ, ਉਸ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ।੧।ਰਹਾਉ। ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ।੧। ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ।੨।੨। ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ {ਪੰਨਾ 719} ਪਦਅਰਥ: ਗਾਵੈ = ਗਾਂਦਾ ਰਹਿੰਦਾ ਹੈ। ਕੀ = ਦੀ। ਗੁਨੁ = ਸੁਭਾਉ।੧।ਰਹਾਉ। ਆਪੇ = ਆਪ ਹੀ। ਬੋਲਿ = ਬੋਲ ਕੇ। ਬੋਲਿ ਬੁਲਾਵੈ = (ਆਪ ਹੀ ਹਰੇਕ ਜੀਵ ਵਿਚ) ਬੋਲਣਾ ਹੈ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਨਾ ਕਰਦਾ ਹੈ।੧। ਪੰਚ ਤਤੁ = ਜਲ, ਅਗਨੀ, ਪ੍ਰਿਥਵੀ, ਵਾਯੂ, ਆਕਾਸ਼। ਪੰਚ ਧਾਤੂ = ਜਲ ਵਿਚ ਰਸ, ਅਗਨੀ ਵਿਚ ਰੂਪ, ਪ੍ਰਿਥਵੀ ਵਿਚ ਗੰਧ, ਵਾਯੂ ਵਿਚ ਸਪਰਸ਼, ਆਕਾਸ਼ ਵਿਚ ਸ਼ਬਦ। ਝਗਰੁ = ਖਿੱਚੋਤਾਣ। ਚੁਕਾਵੈ = ਮੁਕਾਂਦਾ ਹੈ।੨। ਅਰਥ: ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ। ਹੇ ਭਾਈ! ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ।੧। ਹੇ ਭਾਈ! ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ।੨।੩। |
Sri Guru Granth Darpan, by Professor Sahib Singh |