ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 721 ਰਾਗੁ ਤਿਲੰਗ ਮਹਲਾ ੧ ਘਰੁ ੧ ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥ {ਪੰਨਾ 721} ਪਦਅਰਥ: ਯਕ = ਇਕ। ਅਰਜ = ਅਰਜ਼, ਬੇਨਤੀ। ਗੁਫਤਮ = ਗੁਫ਼ਤਮ, ਮੈਂ ਆਖ਼ੀ {ਗੁਫ਼ਤ = ਆਖੀ। ਮ = ਮੈਂ}। ਪੇਸਿ = ਪੇਸ਼ਿ, ਸਾਹਮਣੇ, ਅੱਗੇ। ਪੇਸਿ ਤੋ = ਤੇਰੇ ਅੱਗੇ। ਦਰ = ਵਿਚ। ਗੋਸ = ਗੋਸ਼, ਕੰਨ। ਦਰ ਗੋਸ = ਕੰਨਾਂ ਵਿਚ। ਕੁਨ = ਕਰ। ਦਰ ਗੋਸ ਕੁਨ = ਕੰਨਾਂ ਵਿਚ ਕਰ, ਧਿਆਨ ਨਾਲ ਸੁਣ। ਕਰਤਾਰ = ਹੇ ਕਰਤਾਰ! ਹਕਾ = ਹੱਕਾ, ਸੱਚਾ। ਕਬੀਰ = ਵਡਾ। ਕਰੀਮ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਐਬ = ਵਿਕਾਰ। ਬੇਐਬ = ਨਿਰ = ਵਿਕਾਰ, ਪਵਿਤ੍ਰ। ਪਰਵਦਗਾਰ = ਪਰਵਰਦਗਾਰ, ਪਾਲਣਾ ਕਰਨ ਵਾਲਾ।੧। ਮੁਕਾਮ = ਥਾਂ। ਫਾਨੀ = ਫ਼ਾਨੀ, ਫ਼ਨਾਹ ਹੋਣ ਵਾਲਾ, ਨਾਸਵੰਤ। ਮੁਕਾਮੇ ਫਾਨੀ = ਫ਼ਨਾਹ ਦਾ ਥਾਂ। ਤਹਕੀਕ = ਸੱਚ। ਦਿਲ = ਹੇ ਦਿਲ! ਦਾਨੀ = ਤੂੰ ਜਾਣ। ਮਮ = ਮੇਰਾ। ਸਰ = ਸਿਰ। ਮੂਇ = ਵਾਲ। ਮਮ ਸਰ ਮੂਇ = ਮੇਰੇ ਸਿਰ ਦੇ ਵਾਲ। ਅਜਰਾਈਲ = ਅਜ਼ਰਾਈਲ, ਮੌਤ ਦੇ ਫ਼ਰਿਸ਼ਤੇ ਦਾ ਨਾਮ ਹੈ। ਗਿਰਫਤਹ = ਗਿਰਫ਼ਤਹ, ਗ੍ਰਿਫ਼ਤਹ, ਫੜੇ ਹੋਏ ਹਨ। ਦਿਲ = ਹੇ ਦਿਲ! ਹੇਚਿ ਨ = ਕੁਝ ਭੀ ਨਹੀਂ। ਦਾਨੀ = ਤੂੰ ਜਾਣਦਾ।੧।ਰਹਾਉ। ਜਨ = ਜ਼ਨ, ਇਸਤ੍ਰੀ। ਪਿਸਰ = ਪੁੱਤਰ। ਪਦਰ = ਪਿਉ। ਬਿਰਾਦਰ = ਭਰਾ। ਬਿਰਾਦਰਾਂ = ਭਰਾਵਾਂ ਵਿਚ। ਕਸ = ਕੋਈ ਭੀ। ਨੇਸ = ਨੇਸਤ, ਨ ਅਸਤ, ਨਹੀਂ ਹੈ। ਦਸਤ = ਹੱਥ। ਗੀਰ = ਫੜਨ ਵਾਲਾ। ਦਸਤੰਗੀਰ = ਹੱਥ ਫੜਨ ਵਾਲਾ। ਆਖਿਰ = ਆਖ਼ਿਰ, ਅੰਤ ਨੂੰ। ਬਿਅਫਤਮ = ਬਿਅਫ਼ਤਮ, ਮੈਂ ਡਿੱਗਾ {ਉਫ਼ਤਾਦਨ = ਡਿੱਗਣਾ}। ਕਸ = ਕੋਈ ਭੀ। ਦਾਰਦੁ = ਰੱਖਦਾ, ਰੱਖ ਸਕਦਾ। {ਦਾਸ਼ਤਨ = ਰੱਖਣਾ}। ਚੂੰ = ਜਦੋਂ। ਸਵਦ = ਸ਼ਵਦ, ਹੋਵੇਗੀ। ਤਕਬੀਰ = ਉਹ ਨਮਾਜ਼ ਜੋ ਮੁਰਦੇ ਨੂੰ ਦਬਾਣ ਵੇਲੇ ਪੜ੍ਹੀਦੀ ਹੈ, ਜਨਾਜ਼ਾ।੨। ਸਬ = ਸ਼ਬ, ਰਾਤ। ਰੋਜ = ਰੋਜ਼, ਦਿਨ। ਗਸਤਮ = ਗਸ਼ਤਮ, ਮੈਂ ਫਿਰਦਾ ਰਿਹਾ। ਦਰ = ਵਿਚ। ਹਵਾ = ਹਿਰਸ, ਲਾਲਚ। ਕਰਦੇਮ = ਅਸੀ ਕਰਦੇ ਰਹੇ, ਮੈਂ ਕਰਦਾ ਰਿਹਾ। ਕਰਦ = ਕੀਤਾ। ਬਦੀ = ਬੁਰਾਈ। ਖਿਆਲ = ਖ਼ਿਆਲ। ਬਦੀ ਖਿਆਲ = ਬੁਰਾਈਆਂ ਦੇ ਖ਼ਿਆਲ। ਗਾਹੇ = ਕਦੇ। ਗਾਹੇ ਨ = ਕਦੇ ਭੀ ਨਾਹ। ਕਰਦਮ = ਮੈਂ ਕੀਤੀ। ਈ = ਇਹ। ਚਿਨੀ = ਜਿਹਾ। ਈ ਚਿਨੀ = ਇਹੋ ਜਿਹਾ। ਅਹਵਾਲ = ਹਾਲ।੩। ਬਦ = ਭੈੜਾ। ਬਖਤ = ਬਖ਼ਤ, ਨਸੀਬਾ। ਬਦ ਬਖਤ = ਭੈੜੇ ਨਸੀਬੇ ਵਾਲਾ। ਹਮ = ਅਸੀ। ਚੁ = ਵਰਗਾ। ਹਮ ਚੁ = ਸਾਡੇ ਵਰਗਾ, ਮੇਰੇ ਵਰਗਾ। ਬਖੀਲ = ਬਖ਼ੀਲ, ਚੁਗ਼ਲੀ ਕਰਨ ਵਾਲਾ। ਗਾਫਿਲ = ਗ਼ਾਫ਼ਿਲ, ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ = ਪਰਵਾਹ। ਨਜਰ = ਨਜ਼ਰ। ਬੇ ਨਜਰ = ਢੀਠ, ਨਿਲੱਜ। ਬੇ = ਬਿਨਾ। ਬਾਕ = ਡਰ। ਬੇ ਬਾਕ = ਨਿਡਰ। ਬੁਗੋਯਦ = ਆਖਦਾ ਹੈ {ਗੁਫ਼ਤਨ = ਆਖਣਾ}। ਜਨੁ = ਦਾਸ। ਤੁਰਾ = ਤੈਨੂੰ। ਪਾ ਖਾਕ = ਪਾ ਖ਼ਾਕ, ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ। ਚਾਕਰ = ਸੇਵਕ।੪। ਅਰਥ: ਹੇ ਕਰਤਾਰ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੍ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸੁਣ।੧। ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ। ਹੇ ਦਿਲ! ਤੂੰ ਕੁਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ।੧।ਰਹਾਉ। ਇਸਤ੍ਰੀ, ਪੁੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ, (ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ) , ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ।੨। (ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾ। ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ।੩। (ਹੇ ਕਰਤਾਰ!) ਮੇਰੇ ਵਰਗਾ (ਦੁਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ (ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ।੪।੧। ਤਿਲੰਗ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ {ਪੰਨਾ 721} ਪਦਅਰਥ: ਭਉ = ਡਰ, ਅਦਬ। ਭਾਂਗ = ਭੰਗ। ਖਲੜੀ = ਗੁੱਥੀ। ਦੇਵਾਨਾ = ਨਸ਼ਈ, ਮਸਤਾਨਾ। ਅਤੀਤੁ = ਵਿਰਕਤ। ਕਰ = ਦੋਵੇਂ ਹੱਥ। ਕਾਸਾ = ਪਿਆਲਾ। ਦਰਿ = (ਤੇਰੇ) ਦਰ ਤੇ। ਮਾਗਉ = ਮੈਂ ਮੰਗਦਾ ਹਾਂ। ਨੀਤਾ ਨੀਤ = ਸਦਾ ਹੀ।੧। ਤਉ = ਤੇਰਾ। ਕਰਉ = ਮੈਂ ਕਰਦਾ ਹਾਂ। ਸਮਾਇ = ਸਦਾਅ, ਆਵਾਜ਼ਾ। ਮਾਗਤੁ = ਮੰਗਤਾ। ਪਾਇ = ਦੇਹ।੧।ਰਹਾਉ। ਕੁਸਮ = ਫੁੱਲ। ਮਿਰਗਮੈ = ਮਿਰਗ = ਮਦ, ਕਸਤੂਰੀ। ਹਰਣਾ = {हिंरण्य} ਸੋਨਾ। ਸਰੀਰੀ = ਸਰੀਰਾਂ ਤੇ। ਜੋਤਿ = ਸੁਭਾਉ। ਇਨੇਹੀ = ਇਹੋ ਜੇਹੀ। ਪਰਮਲੁ = ਸੁਗੰਧੀ।੨। ਘਿਅ ਭਾਂਡਾ = ਘਿਉ ਦਾ ਭਾਂਡਾ। ਪਟ = ਰੇਸ਼ਮ। ਕਹੈ ਨ ਕੋਇ = ਕੋਈ ਪੁੱਛ ਨਹੀਂ ਕਰਦਾ। ਵਰਨ ਮਹਿ = (ਭਾਵੇਂ ਕਿਸੇ ਹੀ) ਜਾਤਿ ਵਿਚ। ਤੇਰੈ ਨਾਮਿ = ਤੇਰੇ ਨਾਮ ਵਿਚ। ਨਿਵੇ = ਨਿਵੇਂ ਹੋਏ, ਨਿਮ੍ਰਤਾ ਵਾਲੇ। ਤਿਨ ਦਰਿ = ਉਹਨਾਂ ਦੇ ਦਰ ਤੇ। ਭੀਖਿਆ = ਖ਼ੈਰ।੩। ਨੋਟ: ਅੰਕ ੩ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਇਹ ਸ਼ਬਦ "ਘਰੁ ੨" ਦਾ ਪਹਿਲਾ ਸ਼ਬਦ ਹੈ। ਅਰਥ: (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ।੧।ਰਹਾਉ। ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧। ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ। ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ।੨। ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ) । (ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ। ਹੇ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ, ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ।੩।੧।੨। ਤਿਲੰਗ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਪੰਨਾ 721-722} ਪਦਅਰਥ: ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆ = ਪਾਹ ਲੱਗੀ ਹੋਈ ਹੈ। ਪਾਹ = ਲਾਗ। {ਨੋਟ:ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲ। ਲਬੁ = ਜੀਭ ਦਾ ਚਸਕਾ। ਰੰਗਾਏ ਲੀਤੜਾ = ਰੰਗਾਇ ਲਿਆ ਹੈ। ਚੋਲਾ = ਜਿੰਦ ਦਾ ਚੋਲਾ, ਸਰੀਰ। ਚੋਲੜਾ = ਕੋਝਾ ਚੋਲਾ। ਮੇਰੈ ਕੰਤ = ਮੇਰੇ ਖਸਮ ਨੂੰ। ਭਾਵੈ = ਚੰਗਾ ਲੱਗਦਾ। ਧਨ = ਇਸਤ੍ਰੀ, ਜੀਵ = ਇਸਤ੍ਰੀ। ਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚ। ਜਾਏ = ਪਹੁੰਚੇ।੧। ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂ। ਤਿਨਾ ਕੈ = ਉਹਨਾਂ ਤੋਂ। ਲੈਨਿ = ਲੈਂਦੇ ਹਨ। ਸਦ = ਸਦਾ।੧।ਰਹਾਉ। ਕਾਇਆ = ਸਰੀਰ। ਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀ। ਥੀਐ = ਬਣ ਜਾਏ। ਮਜੀਠ = {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ}। ਸਾਹਿਬੁ = ਮਾਲਿਕ = ਪ੍ਰਭੂ।੨। ਰਤੜੇ = ਰੰਗੇ ਹੋਏ। ਕਹੁ = ਆਖ। ਅਰਦਾਸਿ = ਬੇਨਤੀ।੩। ਸਾਜੇ = ਸਵਾਰਦਾ ਹੈ। ਨਦਰਿ = ਮਿਹਰ ਦੀ ਨਜ਼ਰ। ਕਰੇਇ = ਕਰਦਾ ਹੈ, ਕਰੈ। ਕਾਮਣਿ = ਇਸਤ੍ਰੀ, ਜੀਵ = ਇਸਤ੍ਰੀ। ਰਾਵੇਇ = ਮਾਣਦਾ ਹੈ, ਆਪਣੇ ਨਾਲ ਮਿਲਾਂਦਾ ਹੈ।੪। ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ। ਅਰਥ: ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ। ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ।੧। (ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ।੨। ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ। ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ।੩। ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ।੪।੧।੩। |
Sri Guru Granth Darpan, by Professor Sahib Singh |