ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 722 ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥ {ਪੰਨਾ 722} ਪਦਅਰਥ: ਇਆਨੀ = ਅੰਞਾਣ ਕੁੜੀ। ਇਆਨੜੀ = ਬਹੁਤ ਅੰਞਾਣ ਕੁੜੀ। ਇਆਨੜੀਏ = ਹੇ ਬਹੁਤ ਅੰਞਾਣ ਜਿੰਦੇ! ਮਾਨੜਾ = ਕੋਝਾ ਮਾਣ। ਕਾਇ = ਕਿਉਂ? ਕਰੇਹਿ = ਤੂੰ ਕਰਦੀ ਹੈਂ। ਘਰਿ = ਘਰ ਵਿਚ, ਹਿਰਦੇ ਵਿਚ। ਰੰਗੋ = ਰੰਗੁ, ਆਨੰਦ। ਕੀ = ਕਿਉਂ? ਧਨ ਕੰਮਲੀਏ = ਹੇ ਭੋਲੀ ਜੀਵ = ਇਸਤ੍ਰੀਏ! ਬਾਹਰੁ = ਬਾਹਰਲਾ ਜਗਤ {ਨੋਟ:'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}। ਭਾਵ ਕਾ = ਪ੍ਰੇਮ ਦਾ। ਸਲਾਈ = ਸੁਰਮਚੂ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਈਦਾ ਹੈ। ਲਾਗੀ = ਲੱਗੀ ਹੋਈ, ਜੁੜੀ ਹੋਈ।੧। ਕਿਆ ਕਰੇ = ਕੀਹ ਕਰ ਸਕਦੀ ਹੈ? ਕੰਤ ਨ ਭਾਵੈ = ਕੰਤ ਨੂੰ ਚੰਗੀ ਨਾਹ ਲੱਗੇ। ਕਰਣ ਪਲਾਹ = {करूणाप्रलाप} ਤਰਲੇ, ਕੀਰਨੇ। ਸਾਧਨ = ਜੀਵ = ਇਸਤ੍ਰੀ। ਕਰਮਾ = ਕਰਮ, ਬਖ਼ਸ਼ਸ਼। ਧਾਵੈ = ਦੌੜ = ਭੱਜ ਕਰੇ। ਮਾਤੀ = ਮੱਤੀ ਹੋਈ, ਮਸਤ। ਇਨੀ ਬਾਤੀ = ਇਹਨਾਂ ਗੱਲਾਂ ਨਾਲ। ਕਾਮਣਿ = ਇਸਤ੍ਰੀ।੨। ਵਾਹੈ– ਉਹਨਾਂ ਨੂੰ। ਹਿਕਮਤਿ = ਚਲਾਕੀ। ਹੁਕਮੁ = ਧੱਕਾ, ਵਧੀਕੀ, ਜੋਰਾਵਰੀ। ਜਾ ਕੈ ਪ੍ਰੇਮਿ = ਜਿਸ ਦੇ ਪ੍ਰੇਮ ਦੀ ਰਾਹੀਂ। ਤਉ = ਉਸ ਦੀ। ਮਨੋ = ਮਨੁ। ਪਰਮਲੁ = ਸੁਗੰਧੀ। ਏਵ = ਇਸ ਤਰ੍ਹਾਂ। ਕਹਹਿ = ਕਹਿੰਦੀਆਂ ਹਨ।੩। ਆਪੁ = ਆਪਾ = ਭਾਵ। ਅਉਰੁ = ਕੋਈ ਹੋਰ ਉੱਦਮ। ਕੈਸੀ ਚਤੁਰਾਈ = ਵਿਅਰਥ ਚਲਾਕੀ। ਲੇਖੈ = ਲੇਖੇ ਵਿਚ, ਸਫਲ। ਨਉਨਿਧਿ = ਨੌ ਖ਼ਜ਼ਾਨੇ। ਸਭਰਾਈ = ਭਰਾਵਾਂ ਵਾਲੀ, ਸਾਰੇ ਪਰਵਾਰ ਵਿਚ ਆਦਰ ਵਾਲੀ। ਰੰਗਿ = ਰੰਗ ਵਿਚ। ਰਾਤੀ = ਰੱਤੀ ਹੋਈ, ਰੰਗੀ ਹੋਈ। ਅਹਿ = ਦਿਨ। ਨਿਸਿ = ਰਾਤ। ਭਾਇ = ਭਾਉ ਵਿਚ, ਪ੍ਰੇਮ ਵਿਚ। ਸੁੰਦਰਿ = ਸੁੰਦਰੀ, ਸੋਹਣੀ। ਸਾਈ = ਉਹੀ ਇਸਤ੍ਰੀ। ਸਰੂਪ = ਰੂਪ ਵਾਲੀ। ਬਿਚਖਣਿ = ਅਕਲ ਵਾਲੀ {विचक्षण = ਤੀਖਣ = ਬੁਧਿ}। ਸਾ = ਉਹ ਇਸਤ੍ਰੀ।੪। ਅਰਥ: ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ।੧। (ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ? ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। (ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ। ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ।੨। (ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ।੩। ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। (ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ।੪।੨।੪। ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723} ਪਦਅਰਥ: ਮੈ = ਮੈਨੂੰ। ਬਾਣੀ = ਪ੍ਰੇਰਨਾ। ਕਰੀ = ਮੈਂ ਕਰਦਾ ਹਾਂ। ਗਿਆਨੁ = ਵਾਕਫ਼ੀਅਤ, ਜਾਣ-ਪਛਾਣ। ਕਰੀ ਗਿਆਨੁ = ਮੈਂ ਵਾਕਫ਼ੀਅਤ ਕਰਾਂਦਾ ਹਾਂ, ਮੈਂ ਹਾਲ ਦੱਸਦਾ ਹਾਂ। ਵੇ = ਹੇ! ਕਾਬਲਹੁ = ਕਾਬਲ ਤੋਂ। ਧਾਇਆ = ਹੱਲਾ ਕਰ ਕੇ ਆਇਆ। ਜੋਰੀ = ਧੱਕੇ ਨਾਲ, ਜੋਰ ਨਾਲ। ਦਾਨੁ = {ਨੋਟ:ਵਿਆਹ ਦੇ ਸਮੇ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਞ ਬਣਾ ਕੇ ਆਉਂਦੇ ਹਨ। ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ = ਦਾਨ ਕਰਦੇ ਹਨ, ਦਾਨ ਦੇ ਤੌਰ ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇ ਜਾਂਞੀਆਂ ਉਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਰਾਹੀਂ ਦੱਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋ, ਪਾਪ = ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ = ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤ੍ਰੀਆਂ ਦੀ ਬਹੁਤ ਬੇ = ਪਤੀ ਕੀਤੀ, ਇਹ, ਮਾਨੋ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਰ ਦੀਆਂ ਗਲੀਆਂ ਬਜ਼ਾਰਾਂ ਵਿਚ ਲਹੂ ਹੀ ਲਹੂ ਸੀ, ਇਹ, ਮਾਨੋ ਉਹ ਖ਼ੂਨੀ ਵਿਆਹ ਵਿਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਿਲਿਆਂ ਦੇ ਥਾਂ ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਹਨ}। ਸਰਮੁ = ਸ਼ਰਮ, ਹਯਾ। ਪਰਧਾਨੁ = ਚੌਧਰੀ। ਥਕੀ = ਰਹਿ ਗਈ, ਮੁੱਕ ਗਈ। ਅਗਦੁ = ਅਕਦ, ਨਕਾਹ, ਵਿਆਹ। ਕਰਹਿ ਖੁਦਾਇ = ਖ਼ੁਦਾ ਖ਼ੁਦਾ ਕਰਦੀਆਂ ਹਨ, ਖ਼ੁਦਾ ਅੱਗੇ ਪੁਕਾਰ ਕਰਦੀਆਂ ਹਨ। ਸਨਾਤੀ = ਨੀਵੀਂ ਜਾਤਿ। ਏਹਿ ਭੀ = ਇਹ ਭੀ ਸਾਰੀਆਂ। ਲੇਖੈ ਲਾਇ = ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ। ਖੂਨ ਕੇ ਸੋਹਿਲੇ = ਕੀਰਨੇ, ਵਿਰਲਾਪ, ਵੈਣ। ਰਤੁ = ਲਹੂ। ਕੁੰਗੂ = ਕੇਸਰ।੧। ਅਰਥ: ਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿਚ ਵਾਪਰੀ ਹੈ) । (ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ। (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ। ਹੇ ਨਾਨਕ! ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ।੧। ਪਦਅਰਥ: ਮਾਸਪੁਰੀ = ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ = ਭਰਿਆ ਸ਼ਹਿਰ। ਆਖੁ = (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ = ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ। ਜਿਨਿ = ਜਿਸ (ਮਾਲਕ = ਪ੍ਰਭੂ) ਨੇ। ਰੰਗਿ = ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ = ਰਚਾਈ, ਪਰਵਿਰਤ ਕੀਤੀ। ਵਖਿ = ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ = ਨਿਵੇਕਲਾ ਹੋ ਕੇ। ਸਚਾ = ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ = ਇਨਸਾਫ਼। ਕਰੇਗੁ = ਕਰੇਗਾ, ਕਰ ਰਿਹਾ ਹੈ। ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ = ਘਟਨਾ। ਆਵਨਿ = ਆਉਂਦੇ ਹਨ, ਆਏ ਹਨ। ਅਠਤਰੈ = ਅਠੱਤਰ ਵਿਚ, ਸੰਮਤ ੧੫੭੮ ਵਿਚ (ਸੰਨ ੧੫੨੧ ਵਿਚ। ਨੋਟ:ਗੁਰੂ ਨਾਨਕ ਦੇਵ ਜੀ ਤੀਜੀ 'ਉਦਾਸੀ' ਸਮੇ ਸੰਨ ੧੫੧੮ ਵਿਚ ਮੱਕੇ ਨੂੰ ਗਏ ਸਨ। ਉਥੋਂ ਈਰਾਨ ਦੇਸ ਤੇ ਅਫ਼ਗ਼ਾਨਿਸਤਾਨ ਦੇਸ ਦੇ ਹਾਜੀਆਂ ਦੇ ਨਾਲ ਮਿਲ ਕੇ ਬਗ਼ਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸੰਨ ੧੫੨੧ ਵਿਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇਥੇ ਪਹੁੰਚਿਆ ਸੀ) । ਜਾਨਿ = ਜਾਂਦੇ ਹਨ, ਜਾਣਗੇ। ਸਤਾਨਵੈ = ਸੰਮਤ ੧੫੯੭ ਵਿਚ (ਸੰਨ ੧੫੪੦ ਵਿਚ) । ਉਠਸੀ = ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ = ਸੂਰਮਾ {ਨੋਟ:ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ ਆਪ ਸੰਨ ੧੫੪੦ ਵਿਚ ਇਥੋਂ ਦਾ ਰਾਜ ਸਾਂਭਿਆ ਸੀ}। ਸਚ ਕੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਖੈ = ਆਖਦਾ ਹੈ, ਉਚਾਰਦਾ ਹੈ। ਸੁਣਾਇਸੀ = ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ = ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ = ਸਿਮਰਨ, ਸਿਫ਼ਤਿ-ਸਾਲਾਹ ਦਾ ਹੀ ਇਹ ਸਮਾ ਹੈ।੨। ਅਰਥ: (ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ, (ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ) । ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। (ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ। (ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ। (ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ।੨।੩।੫। |
Sri Guru Granth Darpan, by Professor Sahib Singh |