ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 731

ਰਾਗੁ ਸੂਹੀ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥ ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥ ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥ ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥ ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥ {ਪੰਨਾ 731}

ਪਦਅਰਥ: ਮਨਿ = ਮਨ ਵਿਚ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਭਿ = ਸਾਰੀਆਂ। ਤਨਿ = ਤਨ ਵਿਚ। ਸਭੁ = ਸਾਰਾ। ਜਮ ਕੇ = ਜਮ ਦਾ।੧।

ਮਨ = ਹੇ ਮਨ! ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਪਰਬੋਧਿਆ = ਜਾਗ ਪੈਂਦਾ ਹੈ। ਗਟਕੇ = ਗਟਕਿ, ਗਟ ਗਟ ਕਰ ਕੇ, ਸੁਆਦ ਨਾਲ।੧।ਰਹਾਉ।

ਕੇਰੀ = ਦੀ। ਗਾਵੈ = ਗਾਉਂਦਾ ਹੈ। ਹਰਿ = ਹੇ ਹਰੀ! ਹਮ ਧੋਵਹ = ਅਸੀ ਧੋਵੀਏ। ਪਗ = ਪੈਰ।੨।

ਸਭੁ = ਸਦਾ (ਸੁਖ ਦੇਣ ਵਾਲਾ) ਰਸਕੇ = ਰਸਕਿ, ਸੁਆਦ ਨਾਲ। ਅੰਮ੍ਰਿਤੁ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਤਿਸ = ਤ੍ਰਿਖਾ, ਤ੍ਰੇਹ। ਤਿਸ ਕੇ = ਤਿਸ ਦੀ {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}੩।

ਗੁਰ ਕੇ = ਗੁਰੂ ਦੇ ਅੱਗੇ। ਪਰਿਓ = ਪੈ ਗਿਆ ਹੈ। ਗੁਰ ਚੇਲਾ = ਗੁਰੂ ਦਾ ਸਿੱਖ। ਲਾਜ = ਇੱਜ਼ਤ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ। ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ।੧।ਰਹਾਉ।

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ।੧।

ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ। ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ।੨।

ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ। ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ।੩।

ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ। ਹੇ ਦਾਸ ਨਾਨਕ! ਆਖ-) ਹੇ ਗੁਰੂ! ਮੇਰਾ ਨਾਮ 'ਗੁਰੂ ਕਾ ਸਿੱਖ' ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤਿ ਬਖ਼ਸ਼ੀ ਰੱਖ) ੪।੧।

ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥ ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥ {ਪੰਨਾ 731}

ਪਦਅਰਥ: ਪੁਰਖੋਤਮੁ = ਉੱਤਮ ਪੁਰਖ, ਪ੍ਰਭੂ। ਸਭਿ = ਸਾਰੇ। ਦਾਲਦ = ਦਲਿਦ੍ਰ, ਗਰੀਬੀਆਂ। ਦਲਘਾ = ਦਲ, ਸਮੂਹ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸੇਵਿ = ਸਿਮਰ ਕੇ। ਸੁਖਿ = ਸੁਖ ਵਿਚ। ਸਮਘਾ = ਸਮਾ ਗਿਆ।੧।

ਮਨ = ਹੇ ਮਨ! ਪਿਰਘਾ = ਪਿਆਰਾ। ਅਰਪਿ = ਅਰਪ ਕੇ, ਭੇਟਾ ਕਰ ਕੇ। ਮੁਲਿ ਮਹਘਾ = ਮਹਿੰਗੇ ਮੁੱਲ।੧।ਰਹਾਉ।

ਨਰਪਤਿ = ਰਾਜੇ। ਮਾਣਹਿ = ਮਾਣਦੇ ਹਨ। ਪਕੜਿ = ਫੜ ਕੇ। ਸਭਿ = ਸਾਰੇ। ਕਲਘਾ = ਕਾਲ, ਮੌਤ, ਆਤਮਕ ਮੌਤ। ਸਿਰਿ = ਸਿਰ ਉਤੇ। ਹਥ = ਹੱਥਾਂ ਵਿਚ {ਬਹੁ-ਵਚਨ}ਫਲਘਾ = ਫਲ, ਕਰਮਾਂ ਦਾ ਫਲ।੨।

ਕਿਰਮ = ਕੀੜੇ, ਨਿਮਾਣੇ ਜੀਵ। ਸਰਣਾਗਤਿ = ਸਰਨ ਆਏ ਹਾਂ। ਪੁਰਖ = ਹੇ ਸਰਬ = ਵਿਆਪਕ! ਪ੍ਰਤਿਪਲਘਾ = ਹੇ ਪ੍ਰਤਿਪਾਲ! ਹੇ ਪਾਲਣਹਾਰ! ਲੋਚ = ਤਾਂਘ। ਪੂਰਿ = ਪੂਰੀ ਕਰ। ਤੁਮਘਾ = ਤੇਰਾ।੩।

ਪ੍ਰਭ = ਹੇ ਪ੍ਰਭੂ! ਕਉ = ਨੂੰ। ਮੋ ਕਉ = ਮੈਨੂੰ। ਨਿਮਘਾ = ਨਿਮਖ ਭਰ, ਛਿਨ ਭਰ ਲਈ {निमेष = ਅੱਖ ਝਮਕਣ ਜਿਤਨਾ ਸਮਾ}ਵਿਟਹੁ = ਤੋਂ। ਘੁਮਘਾ = ਕੁਰਬਾਨ।੪।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ। ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ੧।ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ।੧।

ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ।੨।

ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ। ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ।੩।

ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ। ਹੇ ਦਾਸ ਨਾਨਕ! ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ।੪।੨।

ਸੂਹੀ ਮਹਲਾ ੪ ॥ ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥ ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥ {ਪੰਨਾ 731-732}

ਪਦਅਰਥ: ਰੰਙੁ = ਰੰਗ, ਪਿਆਰ। ਮਜੀਠੈ ਰੰਙੁ = ਮਜੀਠ ਦਾ ਰੰਗ, ਪੱਕਾ ਰੰਗ। ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਬਹੁੜਿ = ਮੁੜ। ਹੋਵੀ = ਹੁੰਦਾ। ਭੰਙੁ = ਭੰਗ, ਤੋਟ, ਨਾਸ।੧।

ਮਨ = ਹੇ ਮਨ! ਨਾਮਿ = ਨਾਮ ਵਿਚ। ਰੰਙੁ = ਪ੍ਰੇਮ। ਭੇਟਿਆ = ਮਿਲਿਆ। ਹਰਿ ਰਾਉ = ਪ੍ਰਭੂ ਪਾਤਿਸ਼ਾਹ। ਨਿਸੰਙੁ = ਸੰਗ ਲਾਹ ਕੇ, ਝਾਕਾ ਲਾਹ ਕੇ, ਜ਼ਰੂਰ।੧।ਰਹਾਉ।

ਮੁੰਧ = ਜੀਵ = ਇਸਤ੍ਰੀ। ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਅੰਙੁ = ਸਾਥ। ਚਿਤਿ = ਚਿੱਤ ਵਿਚ। ਮਨਿ = ਮਨ ਵਿਚ। ਦੂਜਾ ਭਾਉ = ਮਾਇਆ ਦਾ ਪਿਆਰ। ਸਹਲੰਙੁ = {सह लग्न} ਸਾਥੀ।੨।

ਦੁਹ ਚਾਰੀਆ = ਮੰਦ = ਕਰਮੀ। ਅੰਗੀ = ਹੇ ਅੰਗੀ! ਹੇ ਅੰਗ = ਪਾਲ! ਅੰਙੁ = ਅੰਗ, ਪੱਖ। ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸਰਿ = ਸਰ ਵਿਚ, ਤਾਲਾਬ ਵਿਚ। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦੇ ਸਰੋਵਰ ਵਿਚ। ਨਵਲਾਇਆ = ਇਸ਼ਨਾਨ ਕਰਾ ਦਿੱਤਾ। ਕਿਲਵਿਖ = ਪਾਪ। ਪੰਙੁ = ਪੰਕੁ, ਚਿੱਕੜ।੩।

ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ। ਪ੍ਰਭੁ = ਹੇ ਪ੍ਰਭੂ! ਸੰਙੁ = ਸਾਥ। ਮਿਲਿ = ਮਿਲ ਕੇ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ। ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ।੧।ਰਹਾਉ।

ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ। ਜੇ (ਕਿਸੇ ਮਨੁੱਖ ਉਤੇ) ਗੁਰੂ ਤੱ੍ਰੁਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ।੧।

ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ। ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ।੨।

ਹੇ ਹਰੀ! ਅਸੀ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ।੩।

ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ੪।੩।

TOP OF PAGE

Sri Guru Granth Darpan, by Professor Sahib Singh