ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 732

ਸੂਹੀ ਮਹਲਾ ੪ ॥ ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥ ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥ ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥ ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥ ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥ {ਪੰਨਾ 732}

ਪਦਅਰਥ: ਕਰਹਿ = ਕਰਦੇ ਹਨ। ਹਰਿ ਹਰਿ ਕਰਹਿ = (ਜ਼ਬਾਨੀ ਜ਼ਬਾਨੀ) ਹਰਿ = ਨਾਮ ਉਚਾਰਦੇ ਹਨ। ਕਪਟੁ = ਛਲ, ਧੋਖਾ। ਕਮਾਵਹਿ = ਕਮਾਂਦੇ ਹਨ। ਸੁਧੁ = ਪਵਿਤ੍ਰ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}ਕਰਮ = (ਤੀਰਥ = ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕੰਮ। ਸੁਪਨੈ = ਸੁਪਨੇ ਵਿਚ ਭੀ।੧।

ਗਿਆਨੀ = ਹੇ ਗਿਆਨਵਾਨ! ਕੋਰੈ = ਕੋਰੇ (ਕੱਪੜੇ) ਨੂੰ। ਲੋਚੈ = ਤਾਂਘ ਕਰੇ। ਸਭੁ ਕੋਈ = ਹਰੇਕ ਜੀਵ।੧।ਰਹਾਉ।

ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਲਈ ਸਰੀਰ ਨੂੰ ਔਖਾ ਕਰਨ ਵਾਲੇ ਸਾਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅੰਤਰਿ = ਅੰਦਰ, ਮਨ ਵਿਚ। ਅਭਿਮਾਨਾ = ਅਹੰਕਾਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖੁੰਝਿਆ ਰਹਿੰਦਾ ਹੈ, ਕੁਰਾਹੇ ਪਿਆ ਰਹਿੰਦਾ ਹੈ।੨।

ਮਨੂਆ = ਕੋਝਾ ਮਨ। ਦਹ ਦਿਸਿ = ਦਸੀਂ ਪਾਸੀਂ। ਧਾਵੈ = ਦੌੜਦਾ ਹੈ, ਭਟਕਦਾ ਹੈ। ਬਿਆਪਿਆ = ਫਸਿਆ ਹੋਇਆ। ਚੀਨ੍ਹ੍ਹੈ– ਪਛਾਣਦਾ, ਸਾਂਝ ਪਾਂਦਾ।੩।

ਨਾਨਕ = ਹੇ ਨਾਨਕ! ਨਦਰਿ = ਮੇਹਰ ਦੀ ਨਿਗਾਹ। ਬੂਝੈ = ਸਮਝਦਾ ਹੈ। ਪਰਸਾਦੀ = ਕਿਰਪਾ ਨਾਲ, ਪਰਸਾਦਿ। ਏਕੋ ਬੂਝੈ = ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ। ਏਕਸੁ ਮਾਹਿ = ਇਕ ਪਰਮਾਤਮਾ ਵਿਚ ਹੀ।੪।

ਅਰਥ: ਹੇ ਗਿਆਨਵਾਨ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ (ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ।੧।ਰਹਾਉ।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮੰਤ੍ਰਾਂ ਦਾ) ਜਾਪ (ਧੂਣੀਆਂ ਦਾ) ਤਪਾਣਾ (ਆਦਿਕ) ਕਸ਼ਟ ਦੇਣ ਵਾਲੇ ਸਾਧਨ ਕਰਦਾ ਹੈ, ਵਰਤ ਰੱਖਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦਾ (ਆਤਮਕ) ਰੋਗ ਦੂਰ ਨਹੀਂ ਹੁੰਦਾ। ਉਸ ਦੇ ਮਨ ਵਿਚ ਅਹੰਕਾਰ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ। ਉਹ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।੨।

ਹੇ ਭਾਈ! ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ। ਹਉਮੈ-ਅਹੰਕਾਰ ਵਿਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੩।

ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹ (ਆਤਮਕ ਜੀਵਨ ਦੇ ਰਸਤੇ ਨੂੰ) ਸਮਝ ਲੈਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਇਕ ਪਰਮਾਤਮਾ ਨਾਲ ਹੀ ਸਾਂਝ ਬਣਾਈ ਰੱਖਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ।੪।੪।

ਸੂਹੀ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥ ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥ ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥ ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥ ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥ ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥ {ਪੰਨਾ 732}

ਪਦਅਰਥ: ਗੁਰਮਤਿ = ਗੁਰੂ ਦੀ ਮਤਿ ਲੈ ਕੇ। ਨਗਰੀ = ਸਰੀਰ (-ਨਗਰੀ) ਖੋਜਿ = ਖੋਜ ਕਰ ਕੇ। ਖੋਜਾਈ = ਖੋਜ ਕਰਾਈ। ਪਾਈ = ਲੱਭ ਲਿਆ।੧।

ਮੇਰੈ ਮਨਿ = ਮੇਰੇ ਮਨ ਵਿਚ। ਤਿਸਨਾ ਅਗਨਿ = ਮਾਇਆ ਦੀ ਤ੍ਰਿਸ਼ਨਾ ਦੀ ਅੱਗ। ਗੁਰਿ ਮਿਲਿਐ = ਗੁਰੂ ਮਿਲਣ ਨਾਲ।੧।ਰਹਾਉ।

ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਮਾਈ = ਹੇ ਮਾਂ! ਸਤਿਗੁਰਿ = ਸਤਿਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਈ = ਪੱਕਾ ਕਰ ਦਿੱਤਾ ਹੈ।੨।

ਹਉ = ਮੈਂ। ਢੂਢਾਈ = ਭਾਲ ਕਰਾਂਦਾ ਹਾਂ। ਮਿਲਿ = ਮਿਲ ਕੇ।੩।

ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਤੁਠਾ = ਪ੍ਰਸੰਨ। ਭਾਈ = ਹੇ ਭਾਈ!੪।

ਅਰਥ: ਹੇ ਭਾਈ! ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤਿ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ। (ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ।੧।ਰਹਾਉ।

ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ।੧।

ਹੇ ਮੇਰੀ ਮਾਂ! ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ। ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ।੨।

ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ। ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ।੩।

ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ, ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ।੪।੧।੫।

ਨੋਟ: ਘਰੁ ੧ ਦੇ ਚਾਰ ਸ਼ਬਦਾਂ ਦਾ ਸੰਗ੍ਰਹਿ ਮੁੱਕ ਚੁਕਾ ਹੈ। ਹੁਣ 'ਘਰੁ ੨' ਦੇ ਸ਼ਬਦਾਂ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।

ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ {ਪੰਨਾ 732}

ਪਦਅਰਥ: ਮਨਿ = ਮਨ ਵਿਚ। ਰੰਗੁ = ਪਿਆਰ, ਪ੍ਰੇਮ = ਰੰਗ। ਲਾਏ = ਪੈਦਾ ਕਰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ।੧।

ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਅਨੰਦਿ = ਆਨੰਦ ਵਿਚ। ਕੈ ਸਬਦਿ = ਦੇ ਸ਼ਬਦ ਵਿਚ।੧।ਰਹਾਉ।

ਕਉ = ਨੂੰ, ਦੀ ਖ਼ਾਤਰ। ਲੋਚੈ = ਤਾਂਘਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ। ਚਲੂਲਾ = ਗੂੜ੍ਹਾ।੨।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ। ਕੋਰਾ = ਪਿਆਰ ਤੋਂ ਸੱਖਣਾ, ਰੁੱਖਾ। ਸਉ = ਸਉ ਵਾਰੀ।੩।

ਨਦਰਿ = ਮੇਹਰ ਦੀ ਨਿਗਾਹ। ਰਸਿ = ਰਸ ਵਿਚ। ਰੰਗਿ = ਰੰਗ ਵਿਚ।੪।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ।੧।

ਹੇ ਭਾਈ! ਉਂਞ ਤਾਂ) ਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ।੨।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ। ਅਜੇਹਾ ਮਨੁੱਖ ਜੇ ਸੌ ਵਾਰੀ ਭੀ ਤਾਂਘ ਕਰੇ, ਉਸ ਨੂੰ (ਪ੍ਰਭੂ ਦੇ ਪਿਆਰੇ ਦਾ) ਰੰਗ ਨਹੀਂ ਚੜ੍ਹ ਸਕਦਾ।੩।

ਹੇ ਨਾਨਕ! ਆਖ-ਜਦੋਂ ਪਰਮਾਤਮਾ ਕਿਸੇ ਮਨੁੱਖ ਉੱਤੇ) ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਹ ਗੁਰੂ (ਦਾ ਮਿਲਾਪ) ਪ੍ਰਾਪਤ ਕਰਦਾ ਹੈ, (ਫਿਰ ਉਹ) ਪਰਮਾਤਮਾ ਦੇ ਨਾਮ-ਰਸ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਮਾਇਆ ਰਹਿੰਦਾ ਹੈ।੪।੨।੬।

TOP OF PAGE

Sri Guru Granth Darpan, by Professor Sahib Singh