ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 735

ਸੂਹੀ ਮਹਲਾ ੪ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥ {ਪੰਨਾ 735}

ਪਦਅਰਥ: ਕਵਨ ਕਵਨ = ਕੇਹੜੇ ਕੇਹੜੇ? ਕਹਿ ਕਹਿ = ਆਖ ਆਖ ਕੇ। ਗਾਵਾ = ਗਾਵਾਂ, ਮੈਂ ਗਾਵਾਂ। ਸਾਹਿਬ = ਮਾਲਕ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ। ਮਹਿਮਾ = ਵਡਿਆਈ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ।੧।

ਮੈ = ਮੇਰੇ ਵਾਸਤੇ। ਧਰ = ਆਸਰਾ। ਅਵਰੁ = ਹੋਰ।੧।ਰਹਾਉ।

ਤਾਣੁ = ਬਲ। ਦੀਬਾਣੁ = ਸਹਾਰਾ। ਪਹਿ = ਪਾਸ। ਕਰਉ = ਕਰਉਂ, ਮੈਂ ਕਰਾਂ। ਪਾਸੇ = ਪਾਸਿ।੨।

ਵਿਚੇ ਪਾਣੀ = (ਪਾਣੀ ਦੇ) ਵਿਚ ਹੀ। ਵਿਚੇ ਧਰਤੀ = (ਧਰਤੀ ਦੇ) ਵਿਚ ਹੀ। ਕਾਸਟ = ਕਾਠ, ਲੱਕੜੀ। ਧਰੀਜੈ = ਧਰੀ ਹੋਈ ਹੈ। ਸਿੰਘੁ = ਸ਼ੇਰ। ਇਕ ਤੈ ਥਾਇ = ਇਕੋ ਹੀ ਥਾਂ ਵਿਚ। ਮਨ = ਹੇ ਮਨ!੩।

ਚਰਣ ਤਲੇ ਤੇ = ਪੈਰਾਂ ਹੇਠੋਂ। ਆਣਿ = ਲਿਆ ਕੇ। ਸਭੁ ਜਗਤੁ = ਸਾਰਾ ਸੰਸਾਰ।੪।

ਅਰਥ: ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।੧।ਰਹਾਉ।

ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।੧।

ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।੨।

ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ।੩।

ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ।੪।੧।੧੨।

ਨੋਟ: 'ਘਰੁ ੭' ਦੇ ਨਵੇਂ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।

ਸੂਹੀ ਮਹਲਾ ੪ ॥ ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥ ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥ ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥ ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥ ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥ ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥ ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥ {ਪੰਨਾ 735}

ਪਦਅਰਥ: ਕਰਤਾ = ਸ੍ਰਿਸ਼ਟੀ ਰਚਣ ਵਾਲਾ। ਸਭੁ ਕਿਛੁ = ਹਰੇਕ ਗੱਲ। ਜਾਣਹਿ = ਤੂੰ ਜਾਣਦਾ ਹੈਂ। ਪਹਿ = ਪਾਸ, ਕੋਲ। ਆਖਿ = ਆਖ ਕੇ। ਸੂਝੈ = ਪਤਾ ਲੱਗ ਜਾਂਦਾ ਹੈ। ਕੋ = ਕੋਈ ਜੀਵ। ਪਾਈਐ = ਫਲ ਪਾ ਲੈਂਦਾ ਹੈ।੧।

ਸਾਹਿਬ = ਹੇ ਮਾਲਕ! ਅੰਤਰ ਕੀ ਬਿਧਿ = (ਹਰੇਕ ਦੇ) ਅੰਦਰ ਦੀ ਹਾਲਤ। ਤੁਧੁ ਭਾਵੈ = ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲਾਵਹਿ = ਤੂੰ ਸੱਦਦਾ ਹੈਂ।੧।ਰਹਾਉ।

ਸਭੁ = ਸਾਰਾ। ਕੀਆ = ਬਣਾਇਆ ਹੋਇਆ। ਦੇਹੀ = ਸਰੀਰ। ਕਰਾਈ = ਕਰਾਂਦਾ ਹੈ। ਮੇਲਿ = ਮਿਲਾ ਕੇ। ਦੇਵਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਧੰਧੁ ਪਿਟਾਈ = ਧੰਧਾ ਪਿਟਾਂਦਾ ਹੈ, ਮਾਇਆ ਦੇ ਮੋਹ ਵਿਚ ਫਸਾਈ ਰੱਖਦਾ ਹੈ।੨।

ਸਭੁ ਕੋ = ਹਰੇਕ ਜੀਵ। ਕਰਤੇ = ਹੇ ਕਰਤਾਰ! ਤੁਧੁ = ਤੂੰ। ਸਿਰਿ = ਸਿਰ ਉੱਤੇ। ਨਦਰਿ = ਨਿਗਾਹ, ਦ੍ਰਿਸ਼ਟੀ। ਕੋ ਭੇਖੁ = ਕੋਈ ਭੀ ਭੇਖ, ਕੋਈ ਭੀ ਸਰੂਪ, ਕੋਈ ਭੀ ਜੀਵ।੩।

ਸਭ = ਸਾਰੀ ਲੁਕਾਈ। ਤੁਧੁ ਭਾਵੈ = ਤੇਰੀ ਰਜ਼ਾ ਹੋਵੇ। ਥਾਇ ਪਾਏ = ਪਰਵਾਨ ਹੁੰਦਾ ਹੈ।੪।

ਅਰਥ: ਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ। ਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ।੧।ਰਹਾਉ।

ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ। ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ।੧।

ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਬਣਾਇਆ ਹੈ, ਹਰੇਕ ਸਰੀਰ (ਭੀ) ਪ੍ਰਭੂ ਨੇ ਹੀ ਬਣਾਇਆ ਹੈ। ਮਨੁੱਖ ਸਰੀਰ ਵਿਚ ਭਗਤੀ ਭੀ ਪ੍ਰਭੂ ਆਪ ਹੀ ਕਰਾਂਦਾ ਹੈ। ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖ਼ਸ਼ਦਾ ਹੈਂ। ਹੇ ਭਾਈ! ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਉਹ ਆਪ ਹੀ ਮਾਇਆ ਵਿਚ ਫਸਾਈ ਰੱਖਦਾ ਹੈ।੨।

ਹੇ ਮੇਰੇ ਕਰਤਾਰ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਜੀਵਾਂ ਦਾ (ਖਸਮ) ਹੈਂ। ਸਭ ਜੀਵਾਂ ਦੇ ਸਿਰ ਉਤੇ ਤੂੰ ਹੀ (ਕਿਰਤ ਦਾ) ਲੇਖ ਲਿਖਿਆ ਹੋਇਆ ਹੈ। ਉਸ ਲੇਖ (ਅਨੁਸਾਰ) ਜਿਹੋ ਜਿਹੀ ਨਿਗਾਹ ਤੂੰ ਕਿਸੇ ਜੀਵ ਉਤੇ ਕਰਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। (ਚਾਹੇ ਕੋਈ ਚੰਗਾ ਹੈ, ਚਾਹੇ ਕੋਈ ਮੰਦਾ ਹੈ) ਤੇਰੀ ਨਿਗਾਹ ਤੋਂ ਬਿਨਾ ਕੋਈ ਭੀ ਜੀਵ (ਚੰਗਾ ਜਾਂ ਮੰਦਾ) ਨਹੀਂ (ਬਣਿਆ) ੩।

ਹੇ ਦਾਸ ਨਾਨਕ (ਆਖ-) ਹੇ ਮੇਰੇ ਕਰਤਾਰ! ਤੂੰ ਕਿਤਨਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਸਾਰੀ ਲੁਕਾਈ ਸਦਾ ਤੇਰਾ ਧਿਆਨ ਧਰਦੀ ਹੈ। ਜਿਸ ਨੂੰ ਤੂੰ ਚਾਹੁੰਦਾ ਹੈਂ ਉਸ ਨੂੰ (ਆਪਣੇ ਚਰਨਾਂ ਵਿਚ) ਤੂੰ ਜੋੜ ਲੈਂਦਾ ਹੈਂ। ਉਹ ਮਨੁੱਖ (ਤੇਰੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।੪।੨।੧੩।

ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ {ਪੰਨਾ 735}

ਪਦਅਰਥ: ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ। ਤੇ = ਉਹ ਮਨੁੱਖ {ਬਹੁ-ਵਚਨ}ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ।੧।

ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ = ਰਹਿਤ।੧।ਰਹਾਉ।

ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ। ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ।੨।

ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋ = ਕੋਈ ਮਨੁੱਖ। ਹਉ = ਹਉਂ, ਮੈਂ। ਬਲਿਹਾਰੀ = ਸਦਕੇ।੩।

ਸਿਸਟਿ = ਦੁਨੀਆ। ਸਾਜੀ = ਪੈਦਾ ਕੀਤੀ। ਤਾ ਕਾ = ਉਸ (ਪਰਮਾਤਮਾ) ਦਾ। ਅਪਾਰੋ = ਅਪਾਰ, ਜਿਸ ਦਾ ਪਾਰਲਾ ਬੰਨਾ ਨਾਹ ਦਿੱਸੇ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।੪।

ਅਰਥ: ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ।੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ।੧।

(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।੨।

ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।੩।

ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ) ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ।੪।੩।੧੪।

TOP OF PAGE

Sri Guru Granth Darpan, by Professor Sahib Singh