ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 736 ਸੂਹੀ ਮਹਲਾ ੪ ॥ ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ {ਪੰਨਾ 736} ਪਦਅਰਥ: ਰਜਾਈ = ਰਜ਼ਾ ਦੇ ਮਾਲਕ = ਪ੍ਰਭੂ ਨੇ। ਕੀਚੈ = (ਅਸੀ) ਕਰੀਏ। ਭਾਵੈ = ਚੰਗਾ ਲੱਗਦਾ ਹੈ।੧। ਵਸਿ = ਵੱਸ ਵਿਚ।੧।ਰਹਾਉ। ਜੀਉ = ਜਿੰਦ। ਪਿੰਡੁ = ਸਰੀਰ। ਕਾਰੈ = ਕੰਮ ਵਿਚ। ਕੋ = ਕੋਈ ਜੀਵ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ।੨। ਪੰਚ ਤਤੁ = {ਹਵਾ, ਪਾਣੀ, ਅੱਗ, ਧਰਤੀ, ਆਕਾਸ਼}। ਸਭ = ਸਾਰੀ। ਕਰਿਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰ ਵੇਖੋ। ਮੇਲਿ = ਮਿਲਾ ਕੇ। ਬੁਝਾਵਹਿ = ਸੂਝ ਬਖ਼ਸ਼ਦਾ ਹੈਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਕਰਹਿ = ਤੂੰ ਬਣਾ ਦੇਂਦਾ ਹੈਂ। ਸਿ = ਉਹ ਮਨੁੱਖ {ਇਕ-ਵਚਨ}। ਰੋਵੈ = ਦੁੱਖੀ ਹੁੰਦਾ ਹੈ।੩। ਹਉ = ਮੈਂ। ਨੀਚਾਣੁ = ਨੀਵਾਂ। ਮੁਗਧੁ = ਮੂਰਖ। ਕਉ = ਨੂੰ। ਸੁਆਮੀ = ਹੇ ਸੁਆਮੀ!।੪। ਅਰਥ: ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ।੧।ਰਹਾਉ। ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ। ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ।੧। ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ। ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ।੨। ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ।੩। ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ। ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ।੪।੪।੧੫।੨੪। ਨੋਟ:
ਸ਼ਬਦ ਮਹਲਾ ੧ ---- ੯ ਰਾਗੁ ਸੂਹੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ ਤਬ ਏਕੋ ਏਕੰਕਾਰਾ ॥੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹੁ ਰੰਗਾ ॥ ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥ ਫਲ ਪਾਕੇ ਤੇ ਏਕੰਕਾਰਾ ॥੨॥ ਸਹਸ ਘਟਾ ਮਹਿ ਏਕੁ ਆਕਾਸੁ ॥ ਘਟ ਫੂਟੇ ਤੇ ਓਹੀ ਪ੍ਰਗਾਸੁ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥੩॥ ਓਹੁ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ ॥ ਗੁਰਿ ਪੂਰੈ ਹਉਮੈ ਮਲੁ ਧੋਈ ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥ {ਪੰਨਾ 736} ਪਦਅਰਥ: ਬਾਜੀਗਰਿ = ਬਾਜੀਗਰ ਨੇ। ਨਾਨਾ ਰੂਪ = ਅਨੇਕਾਂ ਰੂਪ। ਸਾਂਗੁ = ਨਕਲੀ ਸ਼ਕਲ। ਉਤਾਰਿ = ਲਾਹ ਕੇ। ਥੰਮ੍ਹ੍ਹਿਓ = ਰੋਕ ਦਿੱਤਾ। ਪਾਸਾਰਾ = ਖੇਡ ਦਾ ਖਿਲਾਰ। ਏਕੰਕਾਰਾ = ਪਰਮਾਤਮਾ।੧। ਕਵਨ ਰੂਪ = ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦ੍ਰਿਸਟਿਓ = ਦਿੱਸਿਆ। ਬਿਨਸਾਇਓ = ਬਿਨਸਿਓ, ਨਾਸ ਹੋਇਆ। ਕਤਹਿ = ਕਿੱਥੇ? ਉਹੁ = ਜੀਵ। ਕਤ ਤੇ = ਕਿੱਥੋਂ?।੧।ਰਹਾਉ। ਤੇ = ਤੋਂ। ਊਠਹਿ = ਉੱਠਦੇ ਹਨ। ਤਰੰਗ = ਲਹਿਰਾਂ। ਕਨਿਕ = ਸੋਨਾ। ਭੂਖਨ = ਗਹਿਣੇ। ਕੀਨੇ = ਬਣਾਏ ਜਾਂਦੇ ਹਨ। ਬੀਜਿ = ਬੀਜ ਕੇ। ਫਲ ਪਾਕੇ ਤੇ = ਫਲ ਪੱਕਣ ਨਾਲ।੨। ਸਹਸ = ਹਜ਼ਾਰਾਂ। ਘਟ = ਘੜਾ। ਘਟ ਫੂਟੇ ਤੇ = ਘੜੇ ਟੁੱਟਣ ਨਾਲ। ਭਰਮ = ਭਟਕਣਾ।੩। ਅਬਿਨਾਸੀ = ਨਾਸ = ਰਹਿਤ। ਕੋ = ਕੋਈ ਜੀਵ। ਆਵੈ = ਜੰਮਦਾ ਹੈ। ਜਾਹੀ = ਜਾਹਿ, ਜਾਂਦੇ ਹਨ, ਮਰਦੇ ਹਨ। ਗੁਰਿ = ਗੁਰੂ ਨੇ। ਪਰਮ ਗਤਿ = ਉੱਚੀ ਆਤਮਕ ਅਵਸਥਾ।੪। ਅਰਥ: ਹੇ ਭਾਈ! ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। (ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ।੧।ਰਹਾਉ। ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ) । ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ, ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ।੧। ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ) । ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ) । (ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ। (ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ।੨। ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ) । ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ। ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।੩। ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ। (ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ। ਹੇ ਨਾਨਕ! ਆਖ-ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ।੪।੧। ਸੂਹੀ ਮਹਲਾ ੫ ॥ ਕੀਤਾ ਲੋੜਹਿ ਸੋ ਪ੍ਰਭ ਹੋਇ ॥ ਤੁਝ ਬਿਨੁ ਦੂਜਾ ਨਾਹੀ ਕੋਇ ॥ ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ ਦਾਸ ਅਪੁਨੇ ਕੀ ਰਾਖਹੁ ਲਾਜ ॥੧॥ ਤੇਰੀ ਸਰਣਿ ਪੂਰਨ ਦਇਆਲਾ ॥ ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥ ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥ ਲੋਕ ਪਤੀਆਰੈ ਕਛੂ ਨ ਪਾਈਐ ॥ ਸਾਚਿ ਲਗੈ ਤਾ ਹਉਮੈ ਜਾਈਐ ॥੨॥ ਜਿਸ ਨੋ ਲਾਇ ਲਏ ਸੋ ਲਾਗੈ ॥ ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥ ਦੁਰਮਤਿ ਜਾਇ ਪਰਮ ਪਦੁ ਪਾਏ ॥ ਗੁਰ ਪਰਸਾਦੀ ਨਾਮੁ ਧਿਆਏ ॥੩॥ ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥ ਕਰਿ ਕਿਰਪਾ ਅਪਨੀ ਭਗਤੀ ਲਾਇ ॥ ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥ {ਪੰਨਾ 736-737} ਪਦਅਰਥ: ਕੀਤਾ ਲੋੜਹਿ = ਤੂੰ ਕਰਨਾ ਚਾਹੁੰਦਾ ਹੈਂ। ਪ੍ਰਭ = ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਲਾਜ = ਇੱਜ਼ਤ।੧। ਦਇਆਲਾ = ਹੇ ਦਇਆ ਦੇ ਘਰ ਪ੍ਰਭੂ! ਕਵਨੁ = ਹੋਰ ਕੌਣ?।੧।ਰਹਾਉ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਨਿਕਟਿ = ਨੇੜੇ। ਪਤੀਆਰੈ = ਪਤਿਆਣ ਨਾਲ, ਤਸੱਲੀ ਕਰਾਣ ਨਾਲ। ਸਾਚਿ = ਸਦਾ-ਥਿਰ ਪ੍ਰਭੂ ਵਿਚ।੨। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਗਿਆਨ = ਆਤਮਕ ਜੀਵਨ ਦੀ ਸੂਝ। ਅੰਤਰਿ = ਅੰਦਰ, ਹਿਰਦੇ ਵਿਚ। ਦੁਰਮਤਿ = ਖੋਟੀ ਮਤਿ। ਪਦੁ = ਆਤਮਕ ਦਰਜਾ।੩। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ। ਆਣਹਿ = ਤੂੰ ਲਿਆਉਂਦਾ ਹੈਂ। ਆਣਹਿ ਰਾਸਿ = ਤੂੰ ਸਫਲ ਕਰਦਾ ਹੈਂ। ਕਰਿ = ਕਰ ਕੇ।੪। ਅਰਥ: ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ।੧।ਰਹਾਉ। ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ, (ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ। ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ।੧। ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ। (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ। ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤਿ ਦਾ) ਕੁਝ ਭੀ ਨਹੀਂ ਮਿਲਦਾ। ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ।੨। ਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ। ਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ। (ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੩। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ। ਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ। ਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ, ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ।੪।੨। |
Sri Guru Granth Darpan, by Professor Sahib Singh |