ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 737 ਸੂਹੀ ਮਹਲਾ ੫ ॥ ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਮਾਨੈ ਹੁਕਮੁ ਤਜੈ ਅਭਿਮਾਨੈ ॥ ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਸਖੀ ਸਹੇਲੀ ਕਉ ਸਮਝਾਵੈ ॥ ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥ ਗਰਬਿ ਗਹੇਲੀ ਮਹਲੁ ਨ ਪਾਵੈ ॥ ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ ਬਿਨਉ ਕਰੀ ਜੇ ਜਾਣਾ ਦੂਰਿ ॥ ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ {ਪੰਨਾ 737} ਪਦਅਰਥ: ਧਨੁ = ਧਨੁ {धन्य} ਭਾਗਾਂ ਵਾਲੀ, ਸਲਾਹੁਣ = ਜੋਗ। ਸੋਹਾਗਨਿ = {सौभागिनी} ਸੁਹਾਗ = ਭਾਗ ਵਾਲੀ। ਪਛਾਨੈ = ਸਾਂਝ ਪਾਂਦੀ ਹੈ। ਮਾਨੈ = ਮੰਨਦੀ ਹੈ। ਪ੍ਰਿਅ ਸਿਉ = ਪਿਆਰੇ ਨਾਲ। ਰਾਤੀ = ਮਗਨ, ਰੰਗੀ ਹੋਈ। ਰਲੀਆ = ਆਤਮਕ ਆਨੰਦ। ਮਾਨੈ = ਮਾਣਦੀ ਹੈ।੧। ਸਖੀਏ = ਹੇ ਸਹੇਲੀ! ਅਰਪਿ = ਭੇਟਾ ਕਰ ਦੇ। ਤਜਿ = ਤਿਆਗ ਕੇ। ਲਾਜ ਲੋਕਾਨੀ = ਲੋਕ ਦੀ ਲਾਜ, ਲੋਕ = ਲਾਜ ਦੀ ਖ਼ਾਤਰ ਕੰਮ ਕਰਨੇ।੧।ਰਹਾਉ। ਕਉ = ਨੂੰ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ। ਸਾ = ਉਹ {ਇਸਤ੍ਰੀ ਲਿੰਗ}। ਅੰਕਿ = ਗੋਦ ਵਿਚ।੨। ਗਰਬਿ = ਅਹੰਕਾਰ ਵਿਚ। ਗਹੇਲੀ = ਫਸੀ ਹੋਈ। ਮਹਲੁ = ਟਿਕਾਣਾ। ਰੈਣਿ = (ਜ਼ਿੰਦਗੀ ਦੀ) ਰਾਤ। ਕਰਮ = ਹੀਣਿ = ਮੰਦ = ਭਾਗਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ।੩। ਬਿਨਉ = {विनय} ਬੇਨਤੀ। ਕਰੀ = ਕਰੀਂ, ਮੈਂ ਕਰਦਾ ਹਾਂ। ਜਾਣਾ = ਜਾਣਾਂ, ਮੈਂ ਸਮਝਾਂ। ਰਹਿਆ ਭਰਪੂਰਿ = ਹਰ ਥਾਂ ਮੌਜੂਦ। ਦੇਖਿ = ਵੇਖ ਕੇ। ਹਜੂਰਿ = ਅੰਗ = ਸੰਗ, ਹਾਜ਼ਰ = ਨਾਜ਼ਰ।੪। ਅਰਥ: ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ। (ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ।੧।ਰਹਾਉ। ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ। ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ।੧। (ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ) ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ, ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।੨। (ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ। ਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ। ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ।੩। ਹੇ ਭਾਈ! ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ। ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ। ਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ।੪।੩। ਸੂਹੀ ਮਹਲਾ ੫ ॥ ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ ਦਸ ਦਾਸੀ ਕਰਿ ਦੀਨੀ ਭਤਾਰਿ ॥ ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥ ਆਸ ਪਿਆਸੀ ਪਿਰ ਕਉ ਲੋੜੀ ॥੧॥ ਕਵਨ ਕਹਾ ਗੁਨ ਕੰਤ ਪਿਆਰੇ ॥ ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥ ਸਤੁ ਸੀਗਾਰੁ ਭਉ ਅੰਜਨੁ ਪਾਇਆ ॥ ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥ ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥ ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥ ਗੁਣ ਕਾਮਣ ਕਰਿ ਕੰਤੁ ਰੀਝਾਇਆ ॥ ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥ ਸਭ ਤੇ ਊਚਾ ਮੰਦਰੁ ਮੇਰਾ ॥ ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥ ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ ਸੇਜ ਵਿਛਾਈ ਸਰਧ ਅਪਾਰਾ ॥ ਨਵ ਰੰਗ ਲਾਲੁ ਸੇਜ ਰਾਵਣ ਆਇਆ ॥ ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥ {ਪੰਨਾ 737} ਪਦਅਰਥ: ਗ੍ਰਿਹੁ = (ਸਰੀਰ-) ਘਰ। ਵਸਿ = ਵੱਸ ਵਿਚ। ਗੁਰਿ = ਗੁਰੂ ਦੀ ਰਾਹੀਂ। ਹਉ = ਹਉਂ, ਮੈਂ। ਨਾਰਿ = ਇਸਤ੍ਰੀ, ਮਾਲਕਾ। ਦਸ = ਦਸ ਇੰਦ੍ਰੀਆਂ। ਦਾਸੀ = ਦਾਸੀਆਂ, ਨੌਕਰਿਆਣੀਆਂ। ਭਤਾਰਿ = ਖਸਮ = ਪ੍ਰਭੂ ਨੇ। ਸਗਲ = ਸਾਰੀ। ਸਮਗ੍ਰੀ = ਰਾਸਿ = ਪੂੰਜੀ, ਉੱਚੇ ਆਤਮਕ ਗੁਣ। ਕਉ = ਨੂੰ। ਲੋੜੀ = ਲੋੜੀਂ, ਮੈਂ ਲੱਭਦੀ ਹਾਂ।੧। ਕਹਾ = ਕਹਾਂ, ਮੈਂ ਆਖਾਂ। ਕੰਤ = ਕੰਤ ਦੇ। ਸੁਘੜ = ਸੁਚੱਜਾ। ਸਰੂਪ = ਸੋਹਣਾ। ਮੁਰਾਰੇ = {ਮੁਰ = ਅਰਿ} ਪਰਮਾਤਮਾ (ਦੇ) ।੧।ਰਹਾਉ। ਸਤੁ = ਸੁੱਚਾ ਆਚਰਨ। ਅੰਜਨੁ = ਸੁਰਮਾ। ਤੰਬੋਲੁ = ਪਾਨ। ਮੁਖਿ = ਮੂੰਹ ਨਾਲ। ਸੁਹਾਵੇ = ਸੋਹਣੇ। ਧਨ = ਜੀਵ = ਇਸਤ੍ਰੀ। ਜਾਂ = ਜਦੋਂ। ਘਰਿ = ਹਿਰਦੇ = ਘਰ ਵਿਚ।੧। ਕਾਮਣ = ਟੂਣੇ। ਕਰਿ = ਬਣਾ ਕੇ। ਰੀਝਾਇਆ = ਖ਼ੁਸ਼ ਕੀਤਾ। ਗੁਰਿ = ਗੁਰੂ ਨੇ। ਭਰਮੁ = ਭਟਕਣਾ। ਤੇ = ਤੋਂ। ਮੰਦਰੁ = ਹਿਰਦਾ = ਘਰ। ਕਾਮਣਿ = ਇਸਤ੍ਰੀ।੩। ਸੂਰੁ = ਸੂਰਜ। ਉਜੀਆਰਾ = ਚਾਨਣ। ਸਰਧ = ਸਰਧਾ। ਨਵ ਰੰਗ ਲਾਲੁ = ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ। ਸੇਜ = ਹਿਰਦਾ = ਸੇਜ। ਪਿਰ ਮਿਲਿ = ਪਤੀ ਨੂੰ ਮਿਲ ਕੇ। ਧਨ = ਇਸਤ੍ਰੀ (ਨੇ) ।੪। ਅਰਥ: (ਹੇ ਸਖੀ!) ਸੁਚੱਜੇ, ਦਇਆਵਾਨ, ਪ੍ਰਭੂ-ਕੰਤ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ?।੧।ਰਹਾਉ। (ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ। ਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ। (ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ। ਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ।੧। (ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ। (ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ। ਹੇ ਸਖੀ! ਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ, ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ) ।੨। ਹੇ ਸਖੀ! ਗੁਰੂ ਨੇ (ਜਿਸ ਜੀਵ-ਇਸਤ੍ਰੀ ਦੀ) ਭਟਕਣਾ ਦੂਰ ਕਰ ਦਿੱਤੀ, ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ, ਗੁਣਾਂ ਦੇ ਟੂਣੇ ਬਣਾ ਕੇ ਉਸ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ। (ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ। ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ।੩। ਹੇ ਸਖੀ! ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ। ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ) , (ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ। ਹੇ ਦਾਸ ਨਾਨਕ! ਆਖ-) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।੪।੪। ਸੂਹੀ ਮਹਲਾ ੫ ॥ ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ ਏਕਾ ਸੇਜ ਵਿਛੀ ਧਨ ਕੰਤਾ ॥ ਧਨ ਸੂਤੀ ਪਿਰੁ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ ਧਨ ਜਾਗੈ ਜੇ ਪਿਰੁ ਬੋਲੰਤਾ ॥੨॥ ਭਈ ਨਿਰਾਸੀ ਬਹੁਤੁ ਦਿਨ ਲਾਗੇ ॥ ਦੇਸ ਦਿਸੰਤਰ ਮੈ ਸਗਲੇ ਝਾਗੇ ॥ ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥ ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥ ਬੂਝੀ ਤਪਤਿ ਘਰਹਿ ਪਿਰੁ ਪਾਇਆ ॥ ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥ ਜਹ ਦੇਖਾ ਤਹ ਪਿਰੁ ਹੈ ਭਾਈ ॥ ਖੋਲ੍ਹ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥ {ਪੰਨਾ 737-738} ਪਦਅਰਥ: ਉਮਕਿਓ = ਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉ = ਹਿਰਦਾ। ਤਾਈ = ਵਾਸਤੇ। ਖੋਜਤ ਚਰਿਓ = ਲੱਭਣ ਚੜ੍ਹ ਪਿਆ ਹੈ। ਦੇਖਉ = ਦੇਖਉਂ, ਮੈਂ ਵੇਖਾਂ। ਪ੍ਰਿਅ ਜਾਈ = ਪਿਆਰੇ (ਦੇ ਰਹਿਣ) ਦੀ ਥਾਂ। ਸਦੇਸਰੋ ਪ੍ਰਿਅ = ਪਿਆਰੇ ਦਾ ਸਨੇਹਾ। ਗ੍ਰਿਹਿ = ਹਿਰਦੇ = ਘਰ ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤਉ = ਤਾਂ ਭੀ। ਨਦਰਿ = ਮੇਹਰ ਦੀ ਨਿਗਾਹ।੧। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋ = ਇਹ ਵਿਚਾਰਾ ਹਿਰਦਾ। ਸਾਜਨ = ਹੇ ਸਾਜਨ! ਹਉ = ਹਉਂ, ਮੈਂ।੧।ਰਹਾਉ। ਧਨ = ਇਸਤ੍ਰੀ। ਪਿਰੁ = ਪਤੀ। ਪੀਓ = ਪੀਤਾ ਹੋਇਆ ਹੈ। ਮਦਰੋ = ਮਦਿਰਾ, ਸ਼ਰਾਬ। ਮਤਵੰਤਾ = ਮਸਤ। ਜਾਗੈ = ਜਾਗ ਪੈਂਦਾ ਹੈ। ਬੋਲੰਤਾ = ਬੁਲਾਂਦਾ ਹੈ, ਸੱਦਦਾ ਹੈ।੨। ਨਿਰਾਸੀ = ਉਦਾਸ। ਦਿਸੰਤਰ = ਦੇਸ ਅੰਤਰ। ਦੇਸ ਦਿਸੰਤਰ = ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ = ਫਿਰੇ ਹਨ। ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨੁ = ਟਿਕਾਉ, ਧੀਰਜ। ਪਗ = ਪੈਰ। ਬਿਨੁ ਪਗ ਪਾਗੇ = ਚਰਨਾਂ ਉਤੇ ਪੈਣ ਤੋਂ ਬਿਨਾ। ਪ੍ਰਭ ਮਿਲਹ = ਅਸੀ ਪ੍ਰਭੂ ਨੂੰ ਮਿਲ ਸਕਦੇ ਹਾਂ। ਸਭਾਗੇ = ਭਾਗਾਂ ਵਾਲੇ।੩। ਸਤ ਸੰਗਿ = ਸਤ ਸੰਗ ਵਿਚ। ਤਪਤਿ = ਤਪਸ਼, ਸੜਨ। ਘਰਹਿ = ਘਰ ਹੀ, ਘਰ ਵਿਚ ਹੀ। ਮੁਝਹਿ = ਮੈਨੂੰ। ਗੁਰਿ = ਗੁਰੂ ਨੇ। ਚੁਕਾਇਆ = ਦੂਰ ਕਰ ਦਿੱਤਾ।੪। ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਭਾਈ = ਹੇ ਭਾਈ! ਕਪਾਟੁ = ਕਵਾੜ, ਭਿੱਤ। ਠਹਰਾਈ = ਟਿਕ ਗਿਆ ਹੈ।੧।ਰਹਾਉ ਦੂਜਾ। ਅਰਥ: ਹੇ ਸੱਜਣ ਪ੍ਰਭੂ! ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ। (ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?।੧।ਰਹਾਉ। ਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ। ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ, (ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ। (ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ।੧। ਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ; ਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ) ਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ। (ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ।੨। ਹੇ ਸਖੀ! ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ। ਹੁਣ) ਮੈਂ (ਬਾਹਰ ਭਾਲ ਭਾਲ ਕੇ) ਨਿਰਾਸ ਹੋ ਗਈ ਹਾਂ। ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। (ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ।੩। ਹੇ ਨਾਨਕ! ਆਖ-ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ। ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ। ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ।੪। ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।੧।ਰਹਾਉ ਦੂਜਾ।੫। |
Sri Guru Granth Darpan, by Professor Sahib Singh |