ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 738 ਸੂਹੀ ਮਹਲਾ ੫ ॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥ ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥ ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥ ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥ ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥ ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥ ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥ {ਪੰਨਾ 738} ਪਦਅਰਥ: ਕਿਆ ਗੁਣ = ਕੇਹੜੇ ਕੇਹੜੇ ਗੁਣ? ਸਾਰਿ = ਚੇਤੇ ਕਰ ਕੇ। ਸਮ੍ਹ੍ਹਾਲੀ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਵਸਾਵਾਂ। ਮੋਹਿ ਦਾਤਾ ਰੇ = ਹੇ ਮੇਰੇ ਦਾਤਾਰ! ਨਿਰਗੁਨ = ਗੁਣ-ਹੀਨ। ਬੈ ਖਰੀਦੁ = ਮੁੱਲ ਲਿਆ ਹੋਇਆ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਭ ਕੁਝ। ਥਾਰੇ = ਤੇਰੇ।੧। ਰੰਗੀਲੇ = ਹੇ ਚੋਜੀ! ਬਾਰੇ = ਸਦਕੇ।੧।ਰਹਾਉ। ਮੋਹਿ = ਮੈਂ। ਦੀਨੁ = ਕੰਗਾਲ। ਭੇਖਾਰੀ = ਮੰਗਤਾ। ਮੈ ਤੇ = ਮੈਥੋਂ। ਠਾਕੁਰ = ਹੇ ਠਾਕੁਰ! ਅਗਮ = ਹੇ ਅਪਹੁੰਚ! ਅਪਾਰੇ = ਹੇ ਬੇਅੰਤ!।੨। ਕਮਾਵਉ = ਕਮਾਵਉਂ, ਮੈਂ ਕਰਾਂ। ਕਹਿ = ਆਖ ਕੇ। ਰੀਝਾਵਉ = ਰੀਝਾਵਉਂ, ਮੈਂ ਖ਼ੁਸ਼ ਕਰਾਂ। ਬਿਧਿ ਕਿਤੁ = ਕਿਸ ਤਰੀਕੇ ਨਾਲ? ਪਾਵਉ = ਪਾਵਉਂ। ਮਿਤਿ = ਅੰਦਾਜ਼ਾ, ਮਾਪ।੩। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਮਾਗਉ = ਮੈਂ ਮੰਗਦਾ ਹਾਂ। ਮੁਖਿ = ਮੂੰਹ ਉਤੇ। ਰੇਨਾਰੇ = ਚਰਨ = ਧੂੜ। ਕਉ = ਨੂੰ। ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਦੇਇ = ਦੇ ਕੇ। ਨਿਸਤਾਰੇ = ਪਾਰ ਲੰਘਾ ਲਿਆ।੪। ਅਰਥ: ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ।੧।ਰਹਾਉ। ਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? (ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।੧। (ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ। ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ।੨। ਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ? ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ।੩। ਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ। ਹੇ ਨਾਨਕ! ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ।੪।੬। ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਸੇਵਾ ਥੋਰੀ ਮਾਗਨੁ ਬਹੁਤਾ ॥ ਮਹਲੁ ਨ ਪਾਵੈ ਕਹਤੋ ਪਹੁਤਾ ॥੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥ ਭੇਖ ਦਿਖਾਵੈ ਸਚੁ ਨ ਕਮਾਵੈ ॥ ਕਹਤੋ ਮਹਲੀ ਨਿਕਟਿ ਨ ਆਵੈ ॥੨॥ ਅਤੀਤੁ ਸਦਾਏ ਮਾਇਆ ਕਾ ਮਾਤਾ ॥ ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥ ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥ ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥ ਦਰਸਨ ਦੇਖੇ ਕੀ ਵਡਿਆਈ ॥ ਤੁਮ੍ਹ੍ਹ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥ {ਪੰਨਾ 738} ਪਦਅਰਥ: ਮਾਗਨੁ = ਮੰਗ। ਮਹਲੁ = ਪ੍ਰਭੂ ਦੀ ਹਜ਼ੂਰੀ। ਕਹਤੋ = ਆਖਦਾ ਹੈ। ਪਹੁਤਾ = ਪਹੁੰਚਿਆ ਹੋਇਆ ਹਾਂ।੧। ਜੇ = ਜੇਹੜੇ ਮਨੁੱਖ। ਪ੍ਰਿਅ ਮਾਨੇ = ਪਿਆਰੇ ਦੇ ਸਤਕਾਰੇ ਹੋਏ ਹਨ। ਹਾਠੀਸਾ = ਹਠ ਦੀਆਂ ਗੱਲਾਂ।੧।ਰਹਾਉ। ਸਚੁ = ਸਦਾ-ਥਿਰ ਹਰਿ = ਨਾਮ ਦਾ ਸਿਮਰਨ। ਮਹਲੀ = ਪ੍ਰਭੂ ਦੇ ਮਹਲ ਦਾ ਵਾਸੀ। ਨਿਕਟਿ = ਨੇੜੇ।੨। ਅਤੀਤੁ = ਵਿਰਕਤ, ਤਿਆਗੀ। ਸਦਾਏ = ਅਖਵਾਂਦਾ ਹੈ। ਮਾਤਾ = ਮੱਤਾ ਹੋਇਆ, ਮਸਤ। ਮਨਿ = ਮਨ ਵਿਚ। ਮੁਖਿ = ਮੂੰਹੋਂ। ਰਾਤਾ = ਰੰਗਿਆ ਹੋਇਆ।੩। ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਬਿਨਉ = {विनय} ਬੇਨਤੀ। ਕੁਚਲੁ = ਗੰਦਾ, ਮੈਲੇ ਆਚਰਨ ਵਾਲਾ। ਕਠੋਰੁ = ਨਿਰਦਈ। ਮੁਕਤੁ ਕੀਜੈ = ਵਿਕਾਰਾਂ ਤੋਂ ਬਚਾ ਲੈ।੪। ਦੇਖੇ ਕੀ = ਵੇਖਣ ਦੀ। ਸੁਭਾਈ = ਸੋਹਣਾ ਪਿਆਰ ਕਰਨ ਵਾਲਾ।੧।ਰਹਾਉ ਦੂਜਾ। ਅਰਥ: ਹੇ ਭਾਈ! ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ (ਸੁਣ) । ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ।੧।ਰਹਾਉ। ਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ) ਪਹੁੰਚਿਆ ਹੋਇਆ ਹਾਂ।੧। (ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ। ਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ (ਪ੍ਰਭੂ-ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ।੨। (ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ। (ਇਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਹੋਇਆ ਹਾਂ।੩। ਹੇ ਨਾਨਕ! ਆਖ-ਹੇ ਪ੍ਰਭੂ! ਮੇਰੀ ਬੇਨਤੀ ਸੁਣ (ਜੀਵ ਵਿਚਾਰਾ ਕੁਝ ਕਰਨ-ਜੋਗਾ ਨਹੀਂ, ਇਹ) ਮੰਦ-ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼।੪। ਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ-ਜੋਗ ਹੈਂ, ਤੂੰ ਪਿਆਰ-ਭਰਪੂਰ ਹੈਂ। (ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ।੧।ਰਹਾਉ ਦੂਜਾ।੧।੭। ਨੋਟ: ਨਵੇਂ ਸੰਗ੍ਰਹਿ (ਘਰੁ ੩) ਦਾ ਇਹ ਪਹਿਲਾ ਸ਼ਬਦ ਹੈ। ਕੁੱਲ ਜੋੜ ੭ ਹੈ। ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥ {ਪੰਨਾ 738} ਪਦਅਰਥ: ਊਠਿ ਖਲੋਇਆ = ਉੱਠ ਕੇ ਖਲੋ ਜਾਂਦਾ ਹੈ, ਛੇਤੀ ਤਿਆਰ ਹੋ ਪੈਂਦਾ ਹੈ। ਬੇਲਾ = ਵੇਲਾ, ਵੇਲੇ। ਪੈ ਪੈ ਸੋਇਆ = ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ।੧। ਅਉਸਰੁ = ਸਮਾ, ਮੌਕਾ। ਰੰਗਿ = ਰੰਗ ਵਿਚ, ਲਗਨ ਵਿਚ। ਲਪਟਾਨਾ = ਮਸਤ ਰਹਿੰਦਾ ਹੈ।੧।ਰਹਾਉ। ਬਿਗਸਿ = ਖ਼ੁਸ ਹੋ ਕੇ। ਫੂਲਿ ਬੈਠਾ = ਫੁੱਲ ਫੁੱਲ ਬੈਠਦਾ ਹੈ।੨। ਅਗਿਆਨੁ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਗਵਾਰਾ = ਮੂਰਖ। ਬਹੁਰਿ ਬਹੁਰਿ = ਮੁੜ ਮੁੜ। ਜੰਜਾਰਾ = ਜੰਜਾਲਾਂ ਵਿਚ, ਧੰਧਿਆਂ ਵਿਚ।੧।ਰਹਾਉ। ਬਿਖੈ ਨਾਦ = ਵਿਸ਼ੇ = ਵਿਕਾਰਾਂ ਵਾਲੇ ਗੀਤ। ਕਰਨ = ਕੰਨਾਂ ਨਾਲ। ਸੁਣਿ = ਸੁਣ ਕੇ। ਭੀਨਾ = ਖ਼ੁਸ਼ ਹੁੰਦਾ ਹੈ। ਸੁਨਤ = ਸੁਣਦਿਆਂ, ਸੁਣਨੋਂ। ਮਨਿ = ਮਨ ਵਿਚ।੩। ਰੇ ਅੰਧੇ = ਹੇ ਅੰਨ੍ਹੇ! ਜਾਹਿ = ਜਾਵੇਂਗਾ। ਸਭਿ = ਸਾਰੇ।੧।ਰਹਾਉ। ਪ੍ਰਭ = ਹੇ ਪ੍ਰਭੂ! ਬਖਸ = ਕਿਰਪਾ, ਮੇਹਰ। ਕਰਿ = ਕਰ ਕੇ। ਮੋਹਿ = ਮੈਨੂੰ। ਸੰਗੁ = ਸਾਥ।੪। ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ = ਧੂੜ। ਜਿਸਹਿ = ਜਿਸ ਨੂੰ {ਲਫ਼ਜ਼ 'ਜਿਸੁ' ਦਾ ੁ ਕ੍ਰਿਆ = ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}।੧।ਰਹਾਉ। ਅਰਥ: ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ।੧। ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) ।੧।ਰਹਾਉ। ਹੇ ਭਾਈ! ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ।੨। ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ।੧।ਰਹਾਉ। ਹੇ ਭਾਈ! ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ।੩। ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ?।੧।ਰਹਾਉ। ਹੇ ਨਾਨਕ! ਆਖ-ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼।੪। ਹੇ ਭਾਈ! ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ।੧।ਰਹਾਉ।੨।੮। |
Sri Guru Granth Darpan, by Professor Sahib Singh |