ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 739 ਸੂਹੀ ਮਹਲਾ ੫ ॥ ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੩॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ {ਪੰਨਾ 739} ਪਦਅਰਥ: ਘਰ ਮਹਿ = ਹਿਰਦੇ = ਘਰ ਵਿਚ। ਪਾਹਣੁ = ਪੱਥਰ, ਪੱਥਰ ਦੀ ਮੂਰਤੀ।੧। ਭਰਮੇ = ਭਟਕਣਾ ਵਿਚ (ਪੈ ਕੇ) । ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ। ਨੀਰੁ = ਪਾਣੀ। ਬਿਰੋਲੈ = ਰਿੜਕਦਾ ਹੈ। ਖਪਿ ਖਪਿ = ਵਿਅਰਥ ਮੇਹਨਤ ਕਰ ਕੇ। ਮਰਤਾ = ਆਤਮਕ ਮੌਤ ਸਹੇੜਦਾ ਹੈ।੧।ਰਹਾਉ। ਕਉ = ਨੂੰ। ਕਹਤਾ = ਆਖਦਾ ਹੈ।੨। ਗੁਨਹਗਾਰ = ਹੇ ਗੁਨਹਗਾਰ! ਹੇ ਪਾਪੀ! ਲੂਣ ਹਰਾਮੀ = ਹੇ ਅਕਿਰਤਘਣ! ਨਾਵ = ਬੇੜੀ। ਪਾਰ ਗਿਰਾਮੀ = ਪਾਰ ਲੰਘਾਣ ਵਾਲੀ।੩। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾਤਾ = ਸਾਂਝ ਪਾਈ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਬਿਧਾਤਾ = ਰਚਣਹਾਰ ਕਰਤਾਰ।੪। ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ। (ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।੧।ਰਹਾਉ। (ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ।੧। ਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ, ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ।੨। ਹੇ ਪਾਪੀ! ਹੇ ਅਕਿਰਤਘਣ! ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ) ।੩। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੪।੩।੯। ਸੂਹੀ ਮਹਲਾ ੫ ॥ ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਂਉ ਤਤੀ ਰੀ ॥੨॥ ਜਪ ਤਪ ਸੰਜਮ ਦੇਉ ਜਤੀ ਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥ {ਪੰਨਾ 739} ਪਦਅਰਥ: ਲਾਲਨੁ = ਸੋਹਣਾ ਲਾਲ। ਰਾਵਿਆ = ਮਿਲਾਪ ਦਾ ਆਨੰਦ ਮਾਣਿਆ। ਕਵਨ ਗਤੀ = ਕਵਨ ਗਤਿ, ਕਿਸ ਤਰੀਕੇ ਨਾਲ? ਰੀ = ਹੇ ਸਖੀ! ਮੁਝਹਿ = ਮੈਨੂੰ ਹੀ। ਮਤੀ = ਮਤਿ, ਅਕਲ।੧। ਸੂਹਬ = ਸੂਹੇ ਰੰਗ ਵਾਲੀਏ। ਕੈ ਰੰਗਿ = ਦੇ ਪ੍ਰੇਮ = ਰੰਗ ਵਿਚ। ਰਤੀ = ਰੰਗੀ ਹੋਈ।੧।ਰਹਾਉ। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਉ = ਮਲੋਵਉਂ, ਮੈਂ ਮਲਾਂਗੀ। ਸੰਗਿ = ਨਾਲ। ਨੈਨ ਭਤੀਰੀ = ਧੀਰੀ, ਪੁਤਲੀ। ਪਠਾਵਹੁ = ਤੂੰ ਭੇਜੇਂ। ਜਾਉ = ਜਾਉਂ, ਮੈਂ ਜਾਵਾਂ। ਤਤੀ = ਤੱਤ੍ਰ ਹੀ, ਉਥੇ ਹੀ।੨। ਦੇਉ = ਦੇਉਂ, ਮੈਂ ਦੇ ਦਿਆਂ। ਜਤੀ = ਜਤ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਮੋਹਿ = ਮੈਨੂੰ।੩। ਅਹੰਬੁਧਿ = ਅਹੰਕਾਰ ਵਾਲੀ ਮਤਿ। ਹਤੀ = ਨਾਸ਼ ਕੀਤੀ। ਸਾ = ਉਸ {ਇਸਤ੍ਰੀ ਲਿੰਗ}। ਸੋਹਾਗਵਤੀ = ਖਸਮ ਵਾਲੀ।੪। ਅਰਥ: ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ, ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ।੧।ਰਹਾਉ। ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ? ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ।੧। ਹੇ ਸਖੀ! ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ, ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ।੨। ਹੇ ਸਖੀ! ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ, ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ।੩। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ, ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।੪।੪।੧੦। ਸੂਹੀ ਮਹਲਾ ੫ ॥ ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ ਬੈ ਖਰੀਦੁ ਹਉ ਦਾਸਰੋ ਤੇਰਾ ॥ ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ ਕੋਟਿ ਦਾਸ ਜਾ ਕੈ ਦਰਬਾਰੇ ॥ ਨਿਮਖ ਨਿਮਖ ਵਸੈ ਤਿਨ੍ਹ੍ਹ ਨਾਲੇ ॥੩॥ ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ {ਪੰਨਾ 739} ਪਦਅਰਥ: ਜੀਵਨੁ = ਜ਼ਿੰਦਗੀ, ਜਿੰਦ। ਅਧਾਰਾ = ਆਸਰਾ। ਪੇਖਿ = ਵੇਖ ਕੇ। ਸਾਧਾਰਾ = ਆਸਰਾ ਫੜਦਾ ਹੈ।੧। ਚਿਤਹਿ = ਚਿੱਤ ਵਿਚੋਂ। ਕਾਹੂ ਬੇਰਾ = ਕਿਸੇ ਭੀ ਵੇਲੇ।੧।ਰਹਾਉ। ਬੈ ਖਰੀਦੁ = ਮੁੱਲ ਲਿਆ ਹੋਇਆ। ਹਉ = ਮੈਂ। ਦਾਸਰੋ = ਨਿਮਾਣਾ ਦਾਸ। ਭਾਰੋ = ਵੱਡਾ। ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ, ਡੂੰਘੇ ਜਿਗਰੇ ਵਾਲਾ।੨। ਕੋਟਿ = ਕ੍ਰੋੜਾਂ। ਕੈ ਦਰਬਾਰੇ = ਦੇ ਦਰਬਾਰ ਵਿਚ। ਨਿਮਖ ਨਿਮਖ = ਹਰ ਵੇਲੇ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।੩। ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ।੪। ਅਰਥ: ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ (ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ।੧।ਰਹਾਉ। ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ। ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ।੧। ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ, ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।੨। ਹੇ ਭਾਈ! ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ) ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ।੩। ਹੇ ਨਾਨਕ! ਆਖ-ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ। ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ।੪।੫।੧੧। ਸੂਹੀ ਮਹਲਾ ੫ ॥ ਸੂਖ ਮਹਲ ਜਾ ਕੇ ਊਚ ਦੁਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥੧॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥ ਤਹ ਗੀਤ ਨਾਦ ਅਖਾਰੇ ਸੰਗਾ ॥ ਊਹਾ ਸੰਤ ਕਰਹਿ ਹਰਿ ਰੰਗਾ ॥੨॥ ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥ ਗੁਹਜ ਕਥਾ ਇਹ ਗੁਰ ਤੇ ਜਾਣੀ ॥ ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥ {ਪੰਨਾ 739} ਪਦਅਰਥ: ਜਾ ਕੇ = ਜਿਸ ਪਰਮਾਤਮਾ ਦੇ। ਤਾ ਮਹਿ = ਉਸ (ਸਹਜ ਅਵਸਥਾ) ਵਿਚ। ਵਾਸਹਿ = ਵੱਸਦੇ ਹਨ।੧। ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ। ਅਤਿ = ਬਹੁਤ। ਵਿਰਲੈ ਕਾਹੂ = ਕਿਸੇ ਵਿਰਲੇ ਨੇ ਹੀ। ਨੇਤ੍ਰਹੁ = ਅੱਖਾਂ ਨਾਲ।੧।ਰਹਾਉ। ਤਹ = ਉਸ (ਸਹਜ ਕਥਾ) ਵਿਚ। ਅਖਾਰੇ = ਅਖਾੜੇ, ਪਹਿਲਵਾਨਾਂ ਦੇ ਘੁਲਣ ਦੇ ਪਿੜ।੨। ਹਰਖਾ = ਖ਼ੁਸ਼ੀ। ਸਾਚ = ਸਦਾ-ਥਿਰ ਰਹਿਣ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੩। ਗੁਹਜ = ਗੂਝ, ਲੁਕੀ ਹੋਈ। ਤੇ = ਤੋਂ, ਪਾਸੋਂ। ਨਾਨਕੁ ਬੋਲੈ = ਨਾਨਕ ਬੋਲਦਾ ਹੈ।੪। ਅਰਥ: ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਬੜੀ ਹੀ ਸੁਆਦਲੀ ਹੈ, ਪਰ ਕਿਸੇ ਵਿਰਲੇ ਹੀ ਮਨੁੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ) ।੧।ਰਹਾਉ। ਹੇ ਭਾਈ! ਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ) ।੧। ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤਿ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹੁੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹੁੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ) । ਉਸ ਸਿਫ਼ਤਿ-ਸਾਲਾਹ ਵਿਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।੨। ਹੇ ਭਾਈ! ਸਿਫ਼ਤਿ-ਸਾਲਾਹ ਵਿਚ ਜੁੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼ੁਸ਼ੀ ਗ਼ਮੀ ਨਹੀਂ ਪੋਹ ਸਕਦੀ। ਉਸ ਅਵਸਥਾ ਵਿਚ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ।੩। ਹੇ ਭਾਈ! ਸਿਫ਼ਤਿ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗੁਰੂ ਪਾਸੋਂ ਸਮਝੀ ਹੈ (ਤਾਹੀਏਂ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।੪।੬।੧੨। ਸੂਹੀ ਮਹਲਾ ੫ ॥ ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ ਜਾ ਕਾ ਸਬਦੁ ਸੁਨਤ ਸੁਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥੨॥ ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥ {ਪੰਨਾ 739} ਪਦਅਰਥ: ਜਾ ਕੈ ਦਰਸਿ = ਜਿਨ੍ਹਾਂ ਦੇ ਦਰਸਨ ਨਾਲ। ਕੋਟਿ = ਕ੍ਰੋੜਾਂ। ਭੇਟਤ ਸੰਗਿ = (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ। ਭਵਜਲੁ = ਸੰਸਾਰ = ਸਮੁੰਦਰ।੧। ਓਇ = ਉਹ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਹਮ ਕਉ = ਅਸਾਨੂੰ, ਮੈਨੂੰ। ਚਿਤਾਰੇ = ਚੇਤੇ ਕਰਾਂਦੇ ਹਨ।੧। ਰਹਾਉ। ਜਾ ਕਾ ਸਬਦੁ = ਜਿਨ੍ਹਾਂ ਦਾ ਬਚਨ। ਬਿਦਾਰੇ = ਨਾਸ ਹੋ ਜਾਂਦੇ ਹਨ।੨। ਧੀਰਕ = ਧੀਰਜ। ਮਨਹਿ = ਮਨ ਨੂੰ। ਸਧਾਰੇ = ਸਹਾਰਾ ਦੇਂਦੀ ਹੈ। ਜਾ ਕੈ ਸਿਮਰਣਿ = ਜਿਨ੍ਹਾਂ ਦੇ (ਦਿੱਤੇ ਹੋਏ ਹਰਿ = ਨਾਮ ਦੇ) ਸਿਮਰਨ ਨਾਲ। ਉਜਲਾਰੇ = ਉਜਲਾ, ਰੌਸ਼ਨ।੩। ਪ੍ਰਭਿ = ਪ੍ਰਭੂ ਨੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾਏ ਹਨ। ਸਦ = ਸਦਾ।੪। ਅਰਥ: ਹੇ ਭਾਈ! ਜੇਹੜੇ (ਸੰਤ ਜਨ) ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ਉਹ (ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ।੧।ਰਹਾਉ। ਹੇ ਭਾਈ! ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ, (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੧। ਹੇ ਭਾਈ! ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ।੨। ਹੇ ਭਾਈ! ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ, ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ।੩। ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ। ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ।੪।੭।੧੩। |
Sri Guru Granth Darpan, by Professor Sahib Singh |