ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 740 ਸੂਹੀ ਮਹਲਾ ੫ ॥ ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ ॥ ਬਾਦਿਸਾਹ ਸਾਹ ਵਾਪਾਰੀ ਮਰਨਾ ॥ ਜੋ ਦੀਸੈ ਸੋ ਕਾਲਹਿ ਖਰਨਾ ॥੨॥ ਕੂੜੈ ਮੋਹਿ ਲਪਟਿ ਲਪਟਾਨਾ ॥ ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ {ਪੰਨਾ 740} ਪਦਅਰਥ: ਰਹਣੁ = ਸਦਾ ਦਾ ਟਿਕਾਣਾ। ਨ ਪਾਵਹਿ = ਨਹੀਂ ਹਾਸਲ ਕਰ ਸਕਦੇ। ਸੁਰਿ ਨਰ = ਦੈਵੀ ਮਨੁੱਖ। ਦੇਵਾ = ਦੇਵਤੇ। ਊਠਿ ਸਿਧਾਰੇ = ਉੱਠ ਕੇ ਤੁਰ ਪਏ। ਕਰਿ = ਕਰ ਕੇ।੧। ਜੀਵਤ = ਜੀਊਂਦੇ, ਆਤਮਕ ਜੀਵਨ ਵਾਲੇ। ਪੇਖੇ = ਵੇਖੇ ਹਨ। ਸੰਗਿ = ਸੰਗਤਿ ਵਿਚ। ਤਿਨ੍ਹ੍ਹੀ = ਉਹਨਾਂ ਨੇ ਹੀ।੧।ਰਹਾਉ। ਸਾਹ = ਸ਼ਾਹ। ਦੀਸੈ = ਦਿੱਸਦਾ ਹੈ। ਸੋ = ਉਸ ਨੂੰ। ਕਾਲਹਿ = ਕਾਲ ਨੇ। ਖਰਨਾ = ਲੈ ਜਾਣਾ ਹੈ।੨। ਮੋਹਿ = ਮੋਹਿ ਵਿਚ। ਛੋਡਿ = ਛੱਡ ਕੇ।੩। ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਜਪੀ = ਜਪੀਂ, ਮੈਂ ਜਪਦਾ ਰਹਾਂ।੪। ਅਰਥ: ਹੇ ਭਾਈ! ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਨੇ ਹੀ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ।੧।ਰਹਾਉ। ਹੇ ਭਾਈ! ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾ ਗਏ, ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ, (ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।੧। ਹੇ ਭਾਈ! ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ। ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ।੨। ਹੇ ਭਾਈ! ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ, ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ।੩। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ) ਨਾਨਕ ਨੂੰ (ਇਹ) ਦਾਤਿ ਦੇਹ (ਕਿ) ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ।੪।੮।੧੪। ਸੂਹੀ ਮਹਲਾ ੫ ॥ ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ ਓਟ ਗਹੀ ਅਬ ਸਾਧ ਸੰਗਾਰੇ ॥੨॥ ਅਗਮ ਅਗੋਚਰੁ ਅਲਖ ਅਪਾਰੇ ॥ ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ {ਪੰਨਾ 740} ਪਦਅਰਥ: ਘਟ = ਸਰੀਰ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੁਮ ਹੀ, ਤੂੰ ਹੀ। ਬਸਾਰੇ = ਵੱਸ ਰਿਹਾ ਹੈਂ। ਸਗਲ ਸਮਗ੍ਰੀ = ਸਾਰੀਆਂ ਚੀਜ਼ਾਂ। ਸੂਤਿ = ਧਾਗੇ ਵਿਚ।੧। ਪ੍ਰਾਨ ਅਧਾਰੇ = ਜਿੰਦ ਦਾ ਆਸਰਾ। ਪੇਖਿ = ਵੇਖ ਕੇ। ਬਿਗਸਾਰੇ = ਖਿੜਦਾ ਹੈ।੧।ਰਹਾਉ। ਭ੍ਰਮਿ = ਭਟਕ ਕੇ। ਹਾਰੇ = ਥੱਕ ਜਾਂਦੇ ਹਨ। ਗਹੀ = ਫੜੀ। ਅਬ = ਹੁਣ, ਮਨੁੱਖਾ ਜਨਮ ਵਿਚ।੨। ਅਗਮ = ਅਪਹੁੰਚ। ਅਗੋਚਰੁ = {ਅ = ਗੋ = ਚਰੁ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਅਪਾਰੇ = ਬੇਅੰਤ। ਨਾਨਕ ਸਿਮਰੈ = ਨਾਨਕ ਸਿਮਰਦਾ ਹੈ। ਰੈਨਾਰੇ = ਰਾਤ।੩। ਅਰਥ: ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ। ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ।੧।ਰਹਾਉ। ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ, (ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ।੧। ਹੇ ਪ੍ਰਭੂ! ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ। ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ।੨। ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ।੩।੯।੧੫। ਸੂਹੀ ਮਹਲਾ ੫ ॥ ਕਵਨ ਕਾਜ ਮਾਇਆ ਵਡਿਆਈ ॥ ਜਾ ਕਉ ਬਿਨਸਤ ਬਾਰ ਨ ਕਾਈ ॥੧॥ ਇਹੁ ਸੁਪਨਾ ਸੋਵਤ ਨਹੀ ਜਾਨੈ ॥ ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ ਮਹਾ ਮੋਹਿ ਮੋਹਿਓ ਗਾਵਾਰਾ ॥ ਪੇਖਤ ਪੇਖਤ ਊਠਿ ਸਿਧਾਰਾ ॥੨॥ ਊਚ ਤੇ ਊਚ ਤਾ ਕਾ ਦਰਬਾਰਾ ॥ ਕਈ ਜੰਤ ਬਿਨਾਹਿ ਉਪਾਰਾ ॥੩॥ ਦੂਸਰ ਹੋਆ ਨਾ ਕੋ ਹੋਈ ॥ ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥ {ਪੰਨਾ 740} ਪਦਅਰਥ: ਕਵਨ ਕਾਜ = ਕਿਸ ਕੰਮ? ਕਉ = ਜਿਸ (ਮਾਇਆ) ਨੂੰ। ਬਾਰ = ਦੇਰ। ਕਾਈ ਬਾਰ = ਕੋਈ ਭੀ ਦੇਰ।੧। ਜਾਨੈ = ਜਾਣਦਾ, ਸਮਝਦਾ। ਅਚੇਤ = ਗ਼ਾਫ਼ਲ। ਬਿਵਸਥਾ = ਹਾਲਤ। ਲਪਟਾਨੈ = ਚੰਬੜਿਆ ਰਹਿੰਦਾ ਹੈ।੧।ਰਹਾਉ। ਮੋਹਿ = ਮੋਹ ਵਿਚ। ਮੋਹਿਓ = ਮੋਹਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਗਾਵਾਰਾ = ਮੂਰਖ। ਸਿਧਾਰਾ = ਤੁਰ ਪੈਂਦਾ ਹੈ।੨। ਤਾ ਕਾ = ਉਸ (ਪਰਮਾਤਮਾ) ਦਾ। ਬਿਨਾਹਿ = ਨਾਸ ਕਰ ਕੇ। ਉਪਾਰਾ = ਪੈਦਾ ਕਰਦਾ ਹੈ।੩। ਕੋ = ਕੋਈ। ਹੋਈ = ਹੋਵੇਗਾ।੪। ਅਰਥ: ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ। ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ, ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ।੧। ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ, ਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ।੨। ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ। ਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ।੩। ਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ, ਜਿਸ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ।੪।੧੦।੧੬। ਸੂਹੀ ਮਹਲਾ ੫ ॥ ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ ਸੋ ਹਰਿ ਮੇਰਾ ਅੰਤਰਜਾਮੀ ॥ ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ਆਠ ਪਹਰ ਤੇਰੇ ਗੁਣ ਗਾਵਾ ॥੨॥ ਪੇਖਿ ਪੇਖਿ ਲੀਲਾ ਮਨਿ ਆਨੰਦਾ ॥ ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ {ਪੰਨਾ 740} ਪਦਅਰਥ: ਤਾ ਕਉ = ਉਸ (ਪਰਮਾਤਮਾ ਦੇ ਨਾਮ) ਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।੧। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਕੈ ਸੰਗਿ = ਦੇ ਨਾਲ।੧।ਰਹਾਉ। ਸੁਣਿ = ਸੁਣ ਕੇ। ਧਿਆਵਾ = ਧਿਆਵਾਂ। ਗਾਵਾ = ਗਾਵਾਂ।੨। ਪੇਖਿ = ਵੇਖ ਕੇ। ਲੀਲਾ = ਕੌਤਕ, ਖੇਡ। ਮਨਿ = ਮਨ ਵਿਚ। ਪ੍ਰਭ = ਹੇ ਪ੍ਰਭੂ! ਪਰਮਾਨੰਦਾ = ਪਰਮ ਆਨੰਦ ਦਾ ਮਾਲਕ।੩। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਬਿਆਪੈ = ਜ਼ੋਰ ਪਾ ਸਕਦਾ। ਜਾਪੈ = ਜਾਪਿ, ਜਪਿਆ ਕਰ।੪। ਅਰਥ: ਹੇ ਭਾਈ! ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ। ਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ। ਹੇ ਭਾਈ! ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ।੧। ਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ, ਅੱਠੇ ਪਹਰ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ।੨। ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ। ਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ, ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ।੪।੧੧।੧੭। ਸੂਹੀ ਮਹਲਾ ੫ ॥ ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ {ਪੰਨਾ 740} ਪਦਅਰਥ: ਕੈ ਬਚਨਿ = ਦੇ ਬਚਨ ਦੀ ਰਾਹੀਂ। ਰਿਦੈ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਧਾਰਦਾ ਹਾਂ। ਰਸਨਾ = ਜੀਭ (ਨਾਲ) । ਜਪਉ = ਜਪਉਂ, ਮੈਂ ਜਪਦਾ ਹਾਂ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ।੧। ਮੂਰਤਿ = ਹਸਤੀ, ਹੋਂਦ, ਸਰੂਪ। ਸਫਲ ਮੂਰਤਿ = (ਉਹ ਗੁਰੂ) ਜਿਸ ਦੀ ਹੋਂਦ ਮਨੁੱਖਾ ਜਨਮ ਦਾ ਫਲ ਦੇਣ ਵਾਲੀ ਹੈ। ਬਲਿਹਾਰੀ = ਸਦਕੇ। ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਅਧਾਰੀ = ਆਸਰਾ ਬਣਾਂਦਾ ਹਾਂ।੧।ਰਹਾਉ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਵਾਰੀ = ਨਿਵਾਰੀਂ, ਮੈਂ ਦੂਰ ਕਰਦਾ ਹਾਂ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ। ਕਰਨ ਅਧਾਰੀ = ਕੰਨਾਂ ਨੂੰ ਆਸਰਾ ਦੇਂਦਾ ਹਾਂ।੨। ਤਜਾਰੀ = ਤਿਆਗਦਾ ਹਾਂ। ਦ੍ਰਿੜੁ = (ਹਿਰਦੇ ਵਿਚ) ਪੱਕਾ ਟਿਕਾਣਾ। ਦਾਨੁ = ਦੂਜਿਆਂ ਦੀ ਸੇਵਾ। ਇਸਨਾਨੁ = ਪਵਿਤ੍ਰ ਆਚਰਨ। ਸੁਚਾਰੀ = ਚੰਗੀ ਜੀਵਨ = ਮਰਯਾਦਾ।੩। ਨਾਨਕ = ਹੇ ਨਾਨਕ! ਤਤੁ = ਨਿਚੋੜ, ਅਸਲੀਅਤ। ਜਪਿ = ਜਪ ਕੇ। ਉਤਾਰੀ = ਉਤਾਰਿ, ਲੰਘਾ।੪। ਅਰਥ: ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ।੧।ਰਹਾਉ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ।੧। ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ।੨। ਹੇ ਭਾਈ! ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ। ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ।੩। ਹੇ ਨਾਨਕ! ਆਖ-(ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ, ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।੪।੧੨।੧੮। |
Sri Guru Granth Darpan, by Professor Sahib Singh |