ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 741

ਸੂਹੀ ਮਹਲਾ ੫ ॥ ਲੋਭਿ ਮੋਹਿ ਮਗਨ ਅਪਰਾਧੀ ॥ ਕਰਣਹਾਰ ਕੀ ਸੇਵ ਨ ਸਾਧੀ ॥੧॥ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥ ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥ ਤੂੰ ਦਾਤਾ ਪ੍ਰਭ ਅੰਤਰਜਾਮੀ ॥ ਕਾਚੀ ਦੇਹ ਮਾਨੁਖ ਅਭਿਮਾਨੀ ॥੨॥ ਸੁਆਦ ਬਾਦ ਈਰਖ ਮਦ ਮਾਇਆ ॥ ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥ ਦੁਖ ਭੰਜਨ ਜਗਜੀਵਨ ਹਰਿ ਰਾਇਆ ॥ ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥ {ਪੰਨਾ 741}

ਪਦਅਰਥ: ਲੋਭਿ = ਲੋਭ ਵਿਚ। ਮੋਹਿ = ਮੋਹ ਵਿਚ। ਮਗਨ = ਡੁੱਬੇ ਹੋਏ, ਮਸਤ। ਅਪਰਾਧੀ = ਭੁੱਲਣਹਾਰ ਜੀਵ। ਸੇਵ = ਭਗਤੀ।੧।

ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਮੋਹਿ = ਮੈਨੂੰ।੧।ਰਹਾਉ।

ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਕਾਚੀ ਦੇਹ = ਨਾਸਵੰਤ ਸਰੀਰ।੨।

ਬਾਦ = ਝਗੜੇ। ਈਰਖ = ਸਾੜਾ। ਮਦ = ਅਹੰਕਾਰ, ਨਸ਼ਾ। ਸੰਗਿ = ਨਾਲ।੩।

ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤਿਆਗਿ = ਤਿਆਗ ਕੇ।੪।

ਅਰਥ: ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ।੧।ਰਹਾਉ।

ਹੇ ਪ੍ਰਭੂ! ਅਸੀ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ। ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀ ਤੇਰੀ ਸੇਵਾ-ਭਗਤੀ ਨਹੀਂ ਕਰਦੇ।੧।

ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ। ਪਰ ਅਸੀ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ੨।

ਹੇ ਪ੍ਰਭੂ! ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-ਅਸੀ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ।੩।

ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ! ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ।੪।੧੩।੧੯।

ਸੂਹੀ ਮਹਲਾ ੫ ॥ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥ ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥ ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥ ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥ ਘੋਰ ਮਹਲ ਸਦਾ ਰੰਗਿ ਰਾਤਾ ॥ ਸੰਗਿ ਤੁਮ੍ਹ੍ਹਾਰੈ ਕਛੂ ਨ ਜਾਤਾ ॥੨॥ ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥ ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥ ਮਹਾ ਗਰਤ ਮਹਿ ਨਿਘਰਤ ਜਾਤਾ ॥੪॥ ਨਾਨਕ ਕੀ ਅਰਦਾਸਿ ਸੁਣੀਜੈ ॥ ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥ {ਪੰਨਾ 741}

ਪਦਅਰਥ: ਚਾਖਤ = {चक्ष् = ਵੇਖਣਾ} ਵੇਖਦਾ। ਪੇਖਤ ਚਾਖਤ = ਵੇਖਦਾ ਚਾਖਦਾ। ਸੁਨੀਅਤ = ਸੁਣਦਿਆਂ। ਨਿਕਟਿ = ਨੇੜੇ। ਕਮਾਹੀ = ਕਮਾਹਿ, ਕਮਾਂਦੇ ਹਨ।੧।

ਜਿਤੁ = ਜਿਸ (ਕੰਮ) ਦੀ ਰਾਹੀਂ। ਛੁਟਹਿ = (ਵਿਕਾਰਾਂ ਤੋਂ) ਬਚ ਸਕੇਂ। ਪਰਾਨੀ = ਹੇ ਪ੍ਰਾਣੀ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।੧।ਰਹਾਉ।

ਘੋਰ = ਘੋੜੇ। ਰੰਗਿ = ਪ੍ਰੇਮ ਵਿਚ। ਰਾਤਾ = ਮਸਤ। ਸੰਗਿ = ਨਾਲ।੨।

ਪੋਚਾਰਿ = ਪੋਚ ਪਾਚ ਕੇ, ਬਾਹਰੋਂ ਬਣਾ ਕੇ ਸਵਾਰ ਕੇ। ਰਖਹਿ = ਤੂੰ ਰੱਖਦਾ ਹੈਂ। ਅਤਿ ਕੁਚੀਲ = ਬਹੁਤ ਹੀ ਗੰਦਾ। ਜਮ ਡਾਂਡਾ = ਜਮ ਦਾ ਡੰਨ।੩।

ਕ੍ਰੋਧਿ = ਕ੍ਰੋਧ ਵਿਚ। ਬਾਧਾ = ਬੱਝਾ ਹੋਇਆ। ਗਰਤ = ਟੋਆ। ਨਿਘਰਤ ਜਾਤਾ = ਧਸਦਾ ਜਾਂਦਾ ਹੈ।੪।

ਪਾਹਨ– ਪੱਥਰ। ਪ੍ਰਭ = ਹੇ ਪ੍ਰਭੂ!੫।

ਅਰਥ: ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ। ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ। ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ, (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ) ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ। ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ।੧।

ਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ, (ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ।੨।

ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ; (ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ।੩।

ਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ। ਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ।੪।

ਹੇ ਮੇਰੇ ਪ੍ਰਭੂ! ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ। ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ।੫।੧੪।੨੦।

ਸੂਹੀ ਮਹਲਾ ੫ ॥ ਜੀਵਤ ਮਰੈ ਬੁਝੈ ਪ੍ਰਭੁ ਸੋਇ ॥ ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥ ਸੁਣਿ ਸਾਜਨ ਇਉ ਦੁਤਰੁ ਤਰੀਐ ॥ ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥ ਏਕ ਬਿਨਾ ਦੂਜਾ ਨਹੀ ਜਾਨੈ ॥ ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥ ਜੋ ਕਿਛੁ ਕਰੈ ਸੋਈ ਭਲ ਮਾਨੈ ॥ ਆਦਿ ਅੰਤ ਕੀ ਕੀਮਤਿ ਜਾਨੈ ॥੩॥ ਕਹੁ ਨਾਨਕ ਤਿਸੁ ਜਨ ਬਲਿਹਾਰੀ ॥ ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥ {ਪੰਨਾ 741}

ਪਦਅਰਥ: ਜੀਵਤ = ਜੀਉਂਦਾ ਹੋਇਆ, ਦੁਨੀਆ ਦੇ ਕੰਮ = ਕਾਰ ਕਰਦਾ ਹੋਇਆ ਹੀ। ਮਰੈ = (ਮੋਹ ਵਲੋਂ) ਮਰਦਾ ਹੈ, ਮੋਹ ਛੱਡ ਦੇਂਦਾ ਹੈ। ਸੋਇ = ਉਹ ਮਨੁੱਖ। ਕਰਮਿ = ਬਖ਼ਸ਼ਸ਼ ਨਾਲ।੧।

ਸਾਜਨ = ਹੇ ਸੱਜਣ! ਇਉ = ਇਸ ਤਰੀਕੇ ਨਾਲ। ਦੁਤਰੁ = {दुस्तर} ਉਹ ਸੰਸਾਰ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਪਾਰ ਲੰਘ ਜਾਈਦਾ ਹੈ। ਮਿਲਿ = ਮਿਲ ਕੇ। ਸਾਧੂ = ਗੁਰੂ।੧।

ਜਾਨੈ = ਦਿਲੀ ਸਾਂਝ ਪਾਂਦਾ। ਘਟ = ਸਰੀਰ। ਅੰਤਰਿ = ਅੰਦਰ, ਵਿਚ।੨।

ਭਲ = ਭਲਾ, ਚੰਗਾ। ਆਦਿ ਅੰਤ ਕੀ = ਉਸ ਪਰਮਾਤਮਾ ਦੀ ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਅਖ਼ੀਰ ਤੇ ਭੀ ਰਹੇਗਾ। ਕੀਮਤਿ = ਕਦਰ।੩।

ਬਲਿਹਾਰੀ = ਸਦਕੇ। ਕੈ ਹਿਰਦੈ = ਦੇ ਹਿਰਦੇ ਵਿਚ। ਵਸਹਿ = ਤੂੰ ਵੱਸਦਾ ਹੈਂ। ਮੁਰਾਰੀ = ਹੇ ਪ੍ਰਭੂ!

ਅਰਥ: ਹੇ ਸੱਜਣ! ਮੇਰੀ ਬੇਨਤੀ) ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ) ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ।੧।ਰਹਾਉ।

ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ (ਦੁਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ।੧।

ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ, ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ।੨।

ਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ, ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ।੩।

ਹੇ ਨਾਨਕ! ਆਖ-ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ਉਸ ਮਨੁੱਖ ਤੋਂ (ਮੈਂ) ਕੁਰਬਾਨ ਜਾਂਦਾ ਹਾਂ।੪।੧੫।੨੧।

ਸੂਹੀ ਮਹਲਾ ੫ ॥ ਗੁਰੁ ਪਰਮੇਸਰੁ ਕਰਣੈਹਾਰੁ ॥ ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥ ਗੁਰ ਕੇ ਚਰਣ ਕਮਲ ਮਨ ਧਿਆਇ ॥ ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥ ਭਵਜਲਿ ਡੂਬਤ ਸਤਿਗੁਰੁ ਕਾਢੈ ॥ ਜਨਮ ਜਨਮ ਕਾ ਟੂਟਾ ਗਾਢੈ ॥੨॥ ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥ ਸੂਖ ਸਹਜ ਮਨਿ ਆਵੈ ਸਾਂਤਿ ॥੩॥ ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥ ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥ {ਪੰਨਾ 741}

ਪਦਅਰਥ: ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਉੱਚਾ ਮਾਲਕ। ਕਰਣੈਹਾਰੁ = ਸਭ ਕੁਝ ਕਰ ਸਕਣ ਵਾਲਾ। ਸਗਲ = ਸਾਰੀ। ਕਉ = ਨੂੰ। ਦੇ = ਦੇਂਦਾ ਹੈ। ਆਧਾਰੁ = ਆਸਰਾ।੧।

ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਮਨ = ਹੇ ਮਨ! ਤੇ = ਤੋਂ। ਜਾਇ = ਚਲਾ ਜਾਂਦਾ ਹੈ।੧।ਰਹਾਉ।

ਭਵਜਲਿ = ਸੰਸਾਰ = ਸਮੁੰਦਰ ਵਿਚ। ਕਾਢੈ = ਕੱਢ ਲੈਂਦਾ ਹੈ। ਟੂਟਾ = (ਪਰਮਾਤਮਾ ਨਾਲੋਂ) ਟੁੱਟਾ ਹੋਇਆ ਮਨੁੱਖ। ਗਾਢੈ = ਗੰਢ ਦੇਂਦਾ ਹੈ, ਪ੍ਰਭੂ ਨਾਲ ਜੋੜ ਦੇਂਦਾ ਹੈ।੨।

ਸੂਖ ਸਹਜ = ਆਤਮਕ ਅਡੋਲਤਾ ਦੇ ਸੁਖ। ਮਨਿ = ਮਨ ਵਿਚ।

ਰੇਣੁ = ਚਰਨ = ਧੂੜ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ। ਨਾਨਕ = ਹੇ ਨਾਨਕ! ਸਦ = ਸਦਾ। ਬਲਿ = ਸਦਕੇ।੪।

ਅਰਥ: ਹੇ (ਮੇਰੇ) ਮਨ! ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।੧।ਰਹਾਉ।

ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ। ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ।੧।

(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ, ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ।੨।

ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ, (ਜੇਹੜਾ ਮਨੁੱਖ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ।੩।

ਹੇ ਨਾਨਕ! ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ, (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ।੪।੧੬।੨੨।

ਸੂਹੀ ਮਹਲਾ ੫ ॥ ਗੁਰ ਅਪੁਨੇ ਊਪਰਿ ਬਲਿ ਜਾਈਐ ॥ ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਚਰਣ ਕਮਲ ਸਿਉ ਲਾਗੀ ਪ੍ਰੀਤਿ ॥ ਸਾਚੀ ਪੂਰਨ ਨਿਰਮਲ ਰੀਤਿ ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ ॥ ਜਨਮ ਜਨਮ ਕੇ ਕਿਲਵਿਖ ਜਾਹੀ ॥੩॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ {ਪੰਨਾ 741}

ਪਦਅਰਥ: ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ। ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤਿ-ਸਾਲਾਹ (ਦਾ ਗੀਤ) ੧।

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ। ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ।੧।ਰਹਾਉ।

ਸਿਉ = ਨਾਲ। ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ = ਜੁਗਤਿ।੨।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ। ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ।੩।

ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ = ਧੂੜ।੪।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ, ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ।

ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ, (ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ।੧।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ। (ਗੁਰ-ਚਰਨਾਂ ਦੀ ਪ੍ਰੀਤਿ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ।੨।

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।੩।

ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ। (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੧੭।੨੩।

TOP OF PAGE

Sri Guru Granth Darpan, by Professor Sahib Singh