ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 742 ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742} ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧। ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ। ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨। ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩। ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪। ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ। ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧। ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨। ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩। ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪। ਸੂਹੀ ਮਹਲਾ ੫ ॥ ਮੀਤੁ ਸਾਜਨੁ ਸੁਤ ਬੰਧਪ ਭਾਈ ॥ ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥ ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥ ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥ ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥ ਹਰਿ ਚਰਨ ਸਰਣ ਗੜ ਕੋਟ ਹਮਾਰੈ ॥ ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥ ਨਾਨਕ ਦਾਸ ਸਦਾ ਬਲਿਹਾਰੀ ॥ ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥ ਪਦਅਰਥ: ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ। ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਵੇਖਦਾ ਹਾਂ। ਸੰਗਿ = ਨਾਲ। ਸਹਾਈ = ਮਦਦਗਾਰ।੧। ਜਤਿ = ਜਾਤਿ। ਪਤਿ = ਇੱਜ਼ਤ। ਬਿਸਰਾਮ = ਸ਼ਾਂਤੀ।੧।ਰਹਾਉ। ਜਪਿ = ਜਪਿਆ ਕਰ। ਪਹਿਰਿ = ਪਹਿਨੀ ਰੱਖ। ਸਨਾਹ = {संनाह} ਸੰਜੋਅ। ਕੋਟਿ = ਕ੍ਰੋੜਾਂ। ਆਵਧ = {आयुध} ਹਥਿਆਰ। ਤਿਸੁ = ਉਸ (ਸਨਾਹ) ਨੂੰ। ਬੇਧਤ = ਵਿੰਨ੍ਹਦੇ।੨। ਗੜ = ਕਿਲ੍ਹੇ। ਕੋਟ = ਕਿਲ੍ਹੇ। ਹਮਾਰੈ = ਮੇਰੇ ਵਾਸਤੇ। ਕੰਟਕੁ = ਕੰਡਾ (ਦੁਖਦਾਈ) । ਬਿਦਾਰੈ = ਨਾਸ ਕਰਦਾ।੩। ਰਾਜਾ ਰਾਮ = ਹੇ ਪ੍ਰਭੂ ਪਾਤਿਸ਼ਾਹ। ਮੁਰਾਰੀ = {ਮੁਰ = ਅਰਿ} ਪ੍ਰਭੂ।੪। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ। (ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ।੧।ਰਹਾਉ। ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ। ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।੧। ਹੇ ਭਾਈ! ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ। ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ।੨। ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ। ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ।੩। ਹੇ ਨਾਨਕ! ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ।੪।੧੯।੨੫। ਸੂਹੀ ਮਹਲਾ ੫ ॥ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥ ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥ ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥ ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥ ਕਰਿ ਬੇਨਤੀ ਜਨ ਧੂਰਿ ਬਾਛਾਹਾ ॥ ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥ ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥ ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥ ਦੀਨ ਦਇਆਲ ਕਰਹੁ ਉਤਸਾਹਾ ॥ ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥ {ਪੰਨਾ 742} ਪਦਅਰਥ: ਗਾਹਾ = ਗਾਵੀਏ। ਬਿਨੋਦ = ਖ਼ੁਸ਼ੀ। ਤਾਹਾ = ਉਹਨਾਂ ਨੂੰ।੧। ਸਖੀਏ = ਹੇ ਸਹੇਲੀਏ! ਰਾਵਣ ਜਾਹਾ = ਸਿਮਰਨ ਵਾਸਤੇ ਚੱਲੀਏ। ਪਾਹਾ = ਪਈਏ।੧।ਰਹਾਉ। ਬਾਛਾਹਾ = ਮੰਗੀਏ। ਕਿਲਵਿਖ = ਪਾਪ। ਲਾਹਾਂ = ਦੂਰ ਕਰ ਲਈਏ।੨। ਅਰਪਾਹਾ = ਭੇਟਾ ਕਰ ਦੇਈਏ। ਮਾਨੁ = ਅਹੰਕਾਰ। ਕਟਾਹਾਂ = ਕੱਟ ਲਈਏ।੩। ਉਤਸਾਹੁ = ਚਾਉ। ਸਮਾਹਾ = ਲੀਨ ਹੋ ਜਾਈਏ।੪। ਅਰਥ: ਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ, ਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ।੧।ਰਹਾਉ। ਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ। (ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।੧। ਹੇ ਸਹੇਲੀਏ! ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ, (ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ।੨। ਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ। ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ।੩। ਹੇ ਨਾਨਕ! ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! ਮੇਰੇ ਅੰਦਰ) ਚਾਉ ਪੈਦਾ ਕਰ (ਕਿ) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ।੪।੨੦।੨੬। ਸੂਹੀ ਮਹਲਾ ੫ ॥ ਬੈਕੁੰਠ ਨਗਰੁ ਜਹਾ ਸੰਤ ਵਾਸਾ ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥ ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥ ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥ ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥ ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥ {ਪੰਨਾ 742} ਪਦਅਰਥ: ਬੈਕੁੰਠ = ਵਿਸ਼ਨੂ ਦਾ ਸ੍ਵਰਗ। ਰਿਦ = ਹਿਰਦਾ।੧। ਦਿਖਲਾਵਉ = ਦਿਖਲਾਵਉਂ, ਮੈਂ ਵਿਖਾਵਾਂ। ਬਿੰਜਨ = ਸੁਆਦਲੇ ਭੋਜਨ। ਭੁੰਚਾਵਉ = ਭੁੰਚਾਵਉਂ, ਮੈਂ ਖਿਲਾਵਾਂ।੧।ਰਹਾਉ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚੁ = ਖਾਹ। ਸੁਦ = ਸੁਆਦ।੨। ਤਾਕੀ = ਤੱਕੀ। ਬੁਝਿ ਥਾਕੀ = ਮਿਟ ਕੇ ਰਹਿ ਜਾਂਦੀ ਹੈ।੩। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਵਾਰੇ = ਦੂਰ ਕਰ ਦੇਂਦਾ ਹੈ।੪। ਅਰਥ: ਹੇ ਭਾਈ! ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ। ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ।੧।ਰਹਾਉ। ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ। (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ।੧। ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ, ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।੨। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ।੩। ਹੇ ਨਾਨਕ! ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ, ਅਤੇ, ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।੪।੨੧।੨੭। ਸੂਹੀ ਮਹਲਾ ੫ ॥ ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ {ਪੰਨਾ 742} ਪਦਅਰਥ: ਬੀਂਗ = ਵਿੰਗ, ਵਲ = ਛਲ, ਉਕਾਈਆਂ। ਪਰਹਰਿਆ = ਦੂਰ ਕਰ ਦਿੱਤੇ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ।੧। ਤੁਮਹਿ = ਤੂੰ ਆਪ ਹੀ। ਜਨੁ = ਸੇਵਕ। ਉਰਝਿ ਪਰਿਓ = ਉਲਝ ਪਿਆ ਸੀ।੧।ਰਹਾਉ। ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ।੨। ਸੋਗ = ਗ਼ਮ। ਜਪਿ = ਜਪ ਕੇ।੩। ਦ੍ਰਿਸਟਿ = (ਕਿਰਪਾ ਦੀ) ਨਜ਼ਰ। ਧਾਰਿ = ਕਰ ਕੇ। ਲੜਿ = ਲੜ ਨਾਲ। ਗਹੇ = ਫੜੇ।੪। ਅਰਥ: ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ।੧।ਰਹਾਉ। ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ।੧। ਹੇ ਭਾਈ! ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ।੨। ਹੇ ਭਾਈ! ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ।੩। ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ, ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਨੂੰ ਆਪਣੇ ਲੜ ਲਾ ਲਿਆ।੪।੨੨।੨੮। ਨੋਟ: ਸਾਰਾ ਸ਼ਬਦ "ਭੂਤ ਕਾਲ" ਵਿਚ ਹੈ, ਇਸ ਦਾ ਭਾਵ 'ਸਦਾ ਵਾਸਤੇ' ਸਮਝਣਾ ਹੈ। ਅਰਥ 'ਵਰਤਮਾਨ ਕਾਲ' ਵਿਚ ਕਰ ਲੈਣਾ ਹੈ। |
Sri Guru Granth Darpan, by Professor Sahib Singh |