ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 746

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥ {ਪੰਨਾ 746}

ਪਦਅਰਥ: ਪ੍ਰੀਤਿ ਪ੍ਰੀਤਿ = ਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆ = ਵੱਡੀ। ਮਨ = ਹੇ ਮਨ! ਲੇਖੈ = ਲੇਖੇ ਵਿਚ, ਪਰਵਾਨ। ਅਵਰੁ = ਕੋਈ ਹੋਰ (ਉੱਤਮ) ਮਨਹਿ = ਮਨ ਵਿਚੋਂ। ਦੁਬਿਧਾ = ਡਾਂਵਾਂ = ਡੋਲ ਹਾਲਤ। ਕੁਰੀਆ = ਪਗਡੰਡੀ, ਰਸਤਾ।੧।ਰਹਾਉ।

ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆ = ਪਰਮਾਤਮਾ। ਸਰਗੁਨ ਧਰੀਆ = ਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪ ਧਾਰਿਆ। ਭਿੰਨ = ਵੱਖ। ਕੋਟਵਰੀਆ = ਕੋਤਵਾਲ। ਨਿਜ ਮੰਦਰਿ = ਆਪਣੇ ਮੰਦਰ ਵਿਚ। ਜਰੀਆ = ਬੁਢੇਪਾ।੧।

ਕਿਰਤਨਿ = ਇਸ ਕੀਤੇ ਹੋਏ ਜਗਤ ਵਿਚ, ਰਚੇ ਹੋਏ ਸੰਸਾਰ (ਦੇ ਮੋਹ) ਵਿਚ। ਜੁਰੀਆ = ਜੁੜਿਆ ਹੋਇਆ। ਪਰ ਕਉ = ਪਰਾਏ (ਧਨ) ਨੂੰ। ਹਿਰੀਆ = ਤੱਕਦਾ ਹੈ। ਬਿਖਨਾ = ਵਿਸ਼ਿਆਂ ਨਾਲ। ਸੰਗਿ = ਸੰਗਤਿ ਵਿਚ। ਪਰੀਆ = ਆ ਪਿਆ ਹੈ। ਦੁਆਰੈ = ਦਰ ਤੇ। ਗੁਰ ਮਿਰੀਆ = ਗੁਰੂ ਨੂੰ ਮਿਲਿਆ। ਬਹੁਰਿ = ਮੁੜ।੨।

ਅਰਥ: ਹੇ ਭਾਈ! ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ।੧।ਰਹਾਉ।

ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।੧।

ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ।੨।੧।੪੪।

ਸੂਹੀ ਮਹਲਾ ੫ ॥ ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ ਬਹੁ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖੁਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥੧॥ ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ ਕਹਨੁ ਨ ਜਾਈ ਖੇਲੁ ਤੁਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥ {ਪੰਨਾ 746}

ਪਦਅਰਥ: ਮੰਡਲੁ = ਮੰਡੂਆ। ਅਖਾਰਾ = ਜਗਤ = ਅਖਾੜਾ। ਸਗਲੋ ਪਾਸਾਰਾ = ਸਾਰਾ ਜਗਤ = ਖਿਲਾਰਾ। ਸਾਜ = ਸਾਜ ਕੇ।੧।ਰਹਾਉ।

ਬਹੁ ਬਿਧਿ = ਕਈ ਕਿਸਮਾਂ ਦੇ। ਆਪਾਰਾ = ਬੇਅੰਤ। ਪੇਖੈ = ਵੇਖਦਾ ਹੈ। ਹਾਰਾ = ਥੱਕਦਾ। ਸਭਿ = ਸਾਰੇ। ਬਸਤ = ਵੱਸਦਾ ਹੈ। ਨਿਰਾਰਾ = ਨਿਰਾਲਾ, ਵੱਖਰਾ, ਨਿਰਲੇਪ।੧।

ਬਰਨੁ = ਰੰਗ। ਚਿਹਨੁ = ਨਿਸ਼ਾਨ। ਮਾਸਾਰਾ = ਦਾੜ੍ਹੀ। ਰੇਣ = ਧੂੜ।੨।

ਅਰਥ: ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।੧।ਰਹਾਉ।

ਹੇ ਭਾਈ! ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ (ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।

ਹੇ ਪ੍ਰਭੂ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।

ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।੪੫।

ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥ ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥ {ਪੰਨਾ 746}

ਪਦਅਰਥ: ਤਉ ਸਰਨੀ = ਤੇਰੀ ਸਰਨ। ਭਰੋਸੈ = ਭਰੋਸੇ ਨਾਲ, ਇਤਬਾਰ ਨਾਲ। ਸੁਆਮੀ = ਹੇ ਸੁਆਮੀ! ਮਾਰਗੁ = ਰਸਤਾ। ਗੁਰਹਿ = ਗੁਰੂ ਨੇ। ਪਠਾਇਆ = ਭੇਜਿਆ ਹੈ।੧।ਰਹਾਉ।

ਦੁਤਰੁ = ਜਿਸ ਨੂੰ ਤਰਨਾ ਔਖਾ ਹੈ। ਝੁਲਾਇਆ = ਹੁਲਾਰੇ ਦੇਂਦੀ ਹੈ।੧।

ਸੁਨਿ = ਸੁਣ ਕੇ। ਕਰਰੋ = ਕਰੜਾ, ਸਖ਼ਤ।੨।

ਗ੍ਰਿਹ = ਘਰ, ਸੰਸਾਰ। ਕੂਪ = ਖੂਹ। ਪਾਵਕੁ = (ਤ੍ਰਿਸ਼ਨਾ ਦੀ) ਅੱਗ। ਸਗਰਾਇਆ = ਸਾਰਾ।੩।

ਗਹੀ = ਫੜੀ। ਸਾਧਾਇਆ = ਗੁਰੂ (ਦੀ) ਪੂਰਾ = ਪੂਰਨ ਪ੍ਰਭੂ।੪।

ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ੧।ਰਹਾਉ।

ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।੧।

ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ।੨।

ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ।

ਹੇ ਨਾਨਕ (ਆਖ-ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ।੪।੩।੪੬।

ਰਾਗੁ ਸੂਹੀ ਮਹਲਾ ੫ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥੩॥ ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥ {ਪੰਨਾ 746}

ਪਦਅਰਥ: ਆਧਾਰਾ = (ਜ਼ਿੰਦਗੀ ਦਾ) ਆਸਰਾ। ਤੁਠਾ = ਪ੍ਰਸੰਨ ਹੋਇਆ। ਸਚਾ = ਸਦਾ-ਥਿਰ ਰਹਿਣ ਵਾਲਾ। ਤਾਪੁ = ਸੰਸਾਰ ਵਾਲਾ ਤਾਪ, ਮਾਇਆ ਦੇ ਮੋਹ ਦਾ ਤਾਪ।੧।

ਟੇਕ = ਸਹਾਰਾ। ਓਟ = ਆਸਰਾ। ਸਿਰਜਨਹਾਰਾ = ਪੈਦਾ ਕਰਨ ਵਾਲਾ।੧।ਰਹਾਉ।

ਸਚੁ = ਸਦਾ-ਥਿਰ। ਸਾਮਗਰੀ = ਸਾਮਾਨ, ਪਦਾਰਥ। ਖਾਜੀਨਿਆ = ਖ਼ਜ਼ਾਨੇ। ਪਾਸਾਰਾ = ਜਗਤ = ਖਿਲਾਰਾ।੨।

ਅਗੰਮੁ = {अगभ्य} ਅਪਹੁੰਚ। ਅਨੂਪੁ = ਬੇ = ਮਿਸਾਲ, ਅਦੁੱਤੀ। ਦਰਸਾਰਾ = ਦਰਸਨ। ਹਉ = ਮੈਂ।੩।

ਅਗਮ = ਅਪਹੁੰਚ। ਅਪਾਰਾ = ਬੇਅੰਤ। ਕਉ = ਨੂੰ, ਤੋਂ।੪।

ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ।੧।ਰਹਾਉ।

ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ) ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ।੧।

ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ, (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ।੨।

ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ) ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ।੩।

ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ) ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।੪।੧।੪੭।

TOP OF PAGE

Sri Guru Granth Darpan, by Professor Sahib Singh