ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 747

ਰਾਗੁ ਸੂਹੀ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥ ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥ ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹ੍ਹਾਰੀ ॥ ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥ ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥ ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥ ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥ ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥ ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥ ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥ {ਪੰਨਾ 747}

ਪਦਅਰਥ: ਤੂੰ ਹੈ– ਤੂੰ ਆਪ ਹੀ। ਭਾਣਾ = ਮਨਾਇਹਿ = ਤੂੰ ਰਜ਼ਾ ਵਿਚ ਤੋਰਦਾ ਹੈਂ। ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਹੋਹਿ = ਤੂੰ ਹੁੰਦਾ ਹੈਂ। ਦਇਆਲਾ = ਦਇਆਵਾਨ। ਸਾਈ = ਉਹੀ। ਤੁਧੁ ਭਾਵੈ = ਤੈਨੂੰ ਪਸੰਦ ਆਉਂਦੀ ਹੈ।੧।

ਰਾਮਰਾਇ = ਹੇ ਪ੍ਰਭੂ ਪਾਤਿਸ਼ਾਹ! ਟੇਕ = ਆਸਰਾ। ਪਰਵਾਣ = ਕਬੂਲ। ਮਨਿ = ਮਨ ਵਿਚ। ਅਧਾਰੀ = ਆਸਰਾ।੧।ਰਹਾਉ।

ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਮਨਸਾ = {मनीषा} ਮਨ ਦੀ ਕਾਮਨਾ। ਭਗਤ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖੋ}ਸਭਿ = ਸਾਰੇ। ਪ੍ਰਾਣਪਤਿ = ਹੇ ਜਿੰਦ ਦੇ ਮਾਲਕ!੨।

ਅਥਾਹੁ = ਜਿਸ ਦੀ ਹਾਥ ਨਾਹ ਪੈ ਸਕੇ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਤੇਰੀ ਭਾਤੇ = ਤੇਰੀ ਭਾਂਤਿ ਦਾ, ਤੇਰੇ ਵਰਗੇ। ਸੁਆਮੀ = ਹੇ ਸੁਆਮੀ! ਸੁਖ ਦਾਤੇ = ਹੇ ਸੁਖ ਦੇਣ ਵਾਲੇ!੩।

ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ। ਤੁਠੈ = ਜੇ ਤ੍ਰੱੁਠ ਪਏ। ਪਾਵਾ = ਪਾਵਾਂ, ਮੈਂ ਹਾਸਲ ਕਰਾਂ।੪।

ਅਰਥ: ਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ। ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ।੧।ਰਹਾਉ।

ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ। ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ।੧।

ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ। ਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ) , ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ।੨।

ਹੇ ਪ੍ਰਭੂ! ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ। ਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ।੬।

ਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ। (ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ) ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤਿ ਮਿਲ ਜਾਏ।੪।੧।੪੮।

ਸੂਹੀ ਮਹਲਾ ੫ ॥ ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥ ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥ ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥ ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ਹ੍ਹ ਸਰਣਾਈ ਪਾਇਆ ॥੧॥ ਰਹਾਉ ॥ ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥ ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥ ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥ ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥ ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥ {ਪੰਨਾ 747}

ਪਦਅਰਥ: ਜਿਤੁ = ਜਿੱਥੇ, ਜਿਸ ਥਾਂ ਵਿਚ। ਕਬ ਹੂ = ਕਦੇ ਭੀ। ਕੇਹਾ = ਬੜਾ ਅਸਚਰਜ। ਤੁਧੁ = ਤੈਨੂੰ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਰਹਾਂ। ਦੇਹਾ = ਸਰੀਰ।੧।

ਹਉ = ਮੈਂ। ਖੋਜਤ = ਭਾਲਦਿਆਂ। ਸਾਧ ਸੰਗੁ = ਗੁਰਮੁਖਾਂ ਦਾ ਮੇਲ। ਤਿਨ੍ਹ੍ਹ ਸਰਣਾਈ = ਉਹਨਾਂ ਦੀ ਸਰਨ ਵਿਚ।੧।ਰਹਾਉ।

ਪੜੇ ਪੜਿ = ਪੜ੍ਹ ਪੜ੍ਹ ਕੇ, ਪੜਿ ਪੜਿ। ਬ੍ਰਹਮੇ = ਬ੍ਰਹਮਾ ਵਰਗੇ ਅਨੇਕਾਂ। ਤਿਲੁ = ਰਤਾ ਭਰ। ਸਾਧਿਕ = ਸਾਧਨ ਕਰਨ ਵਾਲੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਤੇ ਭੀ = ਉਹ ਭੀ {ਬਹੁ-ਵਚਨ}ਮਾਈ = ਮਾਇਆ।੨।

ਦਸ ਅਉਤਾਰ = {ਮੱਛ, ਕੱਛ, ਵਰਾਹ, ਨਰਸਿੰਘ, ਵਾਮਨ = ਸਤਜੁਗ ਦੇ ਅਵਤਾਰ। ਪਰਸ ਰਾਮ, ਰਾਮਚੰਦ੍ਰ = ਤ੍ਰੇਤੇ ਦੇ ਅਵਤਾਰ। ਕ੍ਰਿਸ਼ਨ = ਦੁਆਪਰ ਦਾ ਅਵਤਾਰ। ਬੁੱਧ, ਕਲਕੀ = ਕਲਿਜੁਗ ਦੇ ਅਵਤਾਰ}ਰਾਜੇ = ਪੂਜਨੀਕ। ਮਹਾ ਦੇਵ = ਸ਼ਿਵ। ਅਵਧੂਤਾ = ਤਿਆਗੀ। ਬਿਭੂਤਾ = ਸੁਆਹ।੩।

ਸਹਜ = ਆਤਮਕ ਅਡੋਲਤਾ। ਸੰਤੀ = ਸੰਤਾਂ ਨੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਸਫਲ ਦਰਸਨੁ = ਜਿਸ ਦਾ ਦਰਸਨ ਫਲ ਦੇਣ ਵਾਲਾ ਹੈ। ਭੇਟਿਆ = ਮਿਲਿਆ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ।੪।

ਅਰਥ: ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ) ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ।੧।ਰਹਾਉ।

ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ, ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ।੧।

ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ। ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ।੨।

ਹੇ ਮੇਰੇ ਰਾਮ! ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ। ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ।੩।

ਹੇ ਨਾਨਕ! ਆਖ-) ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ। ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ।੪।੨।੪੯।

ਸੂਹੀ ਮਹਲਾ ੫ ॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}

ਪਦਅਰਥ: ਕਰਮ ਧਰਮ = (ਤੀਰਥ = ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ। ਪਾਖੰਡ = ਵਿਖਾਵੇ ਦੇ ਕੰਮ। ਤਿਨ = ਉਹਨਾਂ ਨੂੰ। ਜਾਗਾਤੀ = ਮਸੂਲੀਆ। ਨਿਰਬਾਣ = {निर्वाण} ਵਾਸਨਾ = ਰਹਿਤ ਹੋ ਕੇ। ਕਰਤੇ ਕਾ = ਕਰਤਾਰ ਦਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਜਿਤੁ = ਜਿਸ ਦੀ ਰਾਹੀਂ, ਜਿਸ (ਕੀਰਤਨ) ਦੀ ਰਾਹੀਂ। ਛੂਟੈ = (ਮਨੁੱਖ ਵਿਕਾਰਾਂ ਤੋਂ) ਬਚ ਜਾਂਦਾ ਹੈ।੧।

ਸਾਗਰੁ = (ਸੰਸਾਰ-) ਸਮੁੰਦਰ। ਉਤਰੀਐ = ਲੰਘ ਜਾਈਦਾ ਹੈ। ਕੋ = ਕੋਈ ਮਨੁੱਖ। ਪਰਸਾਦੀ = ਕਿਰਪਾ ਨਾਲ।੧।ਰਹਾਉ।

ਕੋਟਿ = ਕ੍ਰੋੜਾਂ। ਮਜਨ = ਇਸ਼ਨਾਨ। ਕਲਿ ਮਹਿ = ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}ਸੰਗਿ = ਸੰਗਤਿ ਵਿਚ। ਕਰਿ ਲੀਜੈ = ਕਰ ਲਿਆ ਜਾਂਦਾ ਹੈ।੨।

ਕਤੇਬ = ਸ਼ਾਮੀ ਮਤਾਂ ਦੇ ਧਰਮ = ਪੁਸਤਕ (ਕੁਰਾਨ, ਅੰਜੀਲ, ਜ਼ੰਬੂਰ, ਤੌਰੇਤ) ਸਭਿ = ਸਾਰੇ। ਪੜਿਆ = ਨਿਰੇ ਪੜ੍ਹਨ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਅਖਰੁ = {अक्षर} ਨਾਸ = ਰਹਿਤ, ਅਬਿਨਾਸੀ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਸੋਈ = ਸੋਭਾ।੩।

ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਕਲਿ ਮਹਿ = ਜਗਤ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਮਾਝਾ = ਵਿਚ।੪।

ਅਰਥ: ਹੇ ਸੰਤ ਜਨੋ! ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ।੧।ਰਹਾਉ।

ਹੇ ਭਾਈ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।੧।

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ।੨।

ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ।੩।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।

TOP OF PAGE

Sri Guru Granth Darpan, by Professor Sahib Singh