ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 760

ਰਾਗੁ ਸੂਹੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਪੰਨਾ 760}

ਪਦਅਰਥ: ਮਿਥਨ = ਨਾਸਵੰਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ। ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ!੧।

ਨਰਾਇਣ = ਹੇ ਨਰਾਇਣ! ਪਰਾਇਣ = ਆਸਰਾ।੧।ਰਹਾਉ।

ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਸਾਧਸੰਗਿ = ਸੰਗਤਿ ਵਿਚ। ਭੇਟਨ = ਨੇੜੇ ਛੁਂਹਦਾ।੨।

ਅਨੂਪ = ਅਦੁੱਤੀ। ਰਵਣ = ਸਿਮਰਨ।੩।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਸਨ = ਜੀਭ (ਨਾਲ) ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।੪।

ਸੰਗੀ = ਸਾਥੀ। ਸਭਿ = ਸਾਰੇ। ਪੰਚ = ਪੰਜ। ਬਟਵਾਰੇ = ਲੁਟੇਰੇ, ਡਾਕੂ।੫।

ਬਚ = ਬਚਨ। ਕ੍ਰਮ = ਕਰਮ। ਧਿਆਏ = ਧਿਆਉਂਦਾ ਹੈ।੬।

ਧਾਰਿ = ਧਾਰ ਕੇ। ਅਨੁਗ੍ਰਹੁ = ਕਿਰਪਾ। ਪ੍ਰਭਿ = ਪ੍ਰਭੂ ਨੇ। ਰਸੁ = ਸੁਆਦ।੭।

ਆਦਿ ਮਧਿ ਅੰਤਿ = ਸਦਾ ਹੀ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ।੮।

ਅਰਥ: ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! ਹੇ ਨਾਰਾਇਣ! ਅਸੀ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ੧।ਰਹਾਉ।

ਹੇ ਸੋਹਣੇ ਹਰੀ! ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰ) ਬਚਾ ਲੈ।੧।

ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! ਮੈਨੂੰ ਗੁਰੂ ਦੀ ਸੰਗਤਿ ਬਖ਼ਸ਼) ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ੨।

ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼) , ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।

ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ, ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।

ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।

ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।੬।

ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।

ਹੇ ਨਾਨਕ! ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ।੮।੧।੨।

ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯    ੴ ਸਤਿਗੁਰ ਪ੍ਰਸਾਦਿ ॥ ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਹ੍ਹ ਸੰਗੁ ਜੀਉ ॥ ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ ॥ ਤਿਨ੍ਹ੍ਹ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ ॥੧॥ ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ ॥ ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥ ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ ॥ ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥੨॥ {ਪੰਨਾ 760}

ਪਦਅਰਥ: ਰਹਸੀਐ = ਖਿੜ ਪੈਂਦਾ ਹੈ। ਕਿਉ = ਕਿਉਂ? ਕਿਵੇਂ? ਸੰਗੁ = ਸਾਥ। ਸਜਨ = ਗੁਰਮੁਖ। ਮਨ ਮਿਤ੍ਰ = ਮਨ ਦੇ ਮੇਲੀ, ਅਸਲੀ ਮਿੱਤਰ। ਸੇ = ਉਹ {ਬਹੁ-ਵਚਨ}ਲਾਇਨਿ = ਲਾਂਦੇ ਹਨ। ਰੰਗੁ = ਪਿਆਰ। ਸਿਉ = ਨਾਲ। ਤੁਟਈ = ਤੁਟੈ। ਭੰਗੁ = ਟੋਟ।੧।

ਪਾਰਬ੍ਰਹਮ ਪ੍ਰਭ = ਹੇ ਪਾਰਬ੍ਰਹਮ! ਹੇ ਪ੍ਰਭੂ! ਗਾਵਾ = ਗਾਵਾਂ, ਮੈਂ ਗਾਵਾਂ। ਜਪਹ = ਅਸੀ ਜਪੀਏ।੧।ਰਹਾਉ।

ਦੇਖੈ ਸੁਣੇ ਨ ਜਾਣਈ = ਨਾਹ ਦੇਖੈ, ਨਾਹ ਸੁਣੇ, ਨਾਹ ਜਾਣੈ। ਮੋਹਿਆ = ਮੋਹ ਵਿਚ ਫਸਿਆ ਹੋਇਆ। ਅੰਧੁ = ਅੰਨ੍ਹਾ। ਕਾਚੀ = ਕੱਚੇ ਘੜੇ ਵਰਗੀ। ਵਿਣਸਣੀ = ਨਾਸਵੰਤ। ਕੂੜ ਧੰਧੁ = ਝੂਠਾ ਧੰਧਾ। ਧਿਆਵਹਿ = ਧਿਆਉਂਦੇ ਹਨ। ਜਿਣਿ = ਜਿੱਤ ਕੇ {ਲਫ਼ਜ਼ 'ਜਿਨਿ' ਅਤੇ 'ਜਿਣਿ' ਦਾ ਫ਼ਰਕ ਚੇਤੇ ਰੱਖੋ}ਸਨਬੰਧੁ = ਮਿਲਾਪ।੨।

ਅਰਥ: ਹੇ ਪਾਰਬ੍ਰਹਮ! ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ। ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਨ ਦੇ ਮੇਲੀਓ! ਆ ਕੇ ਮਿਲੋ (ਇਕੱਠੇ ਬੈਠੀਏ, ਤੇ,) ਪਰਮਾਤਮਾ ਦਾ ਨਾਮ ਜਪੀਏ।੧।ਰਹਾਉ।

ਹੇ ਪ੍ਰਭੂ! ਉਹਨਾਂ ਗੁਰਮੁਖਾਂ ਦਾ ਸਾਥ ਕਿਵੇਂ ਪ੍ਰਾਪਤ ਹੋਵੇ, ਜਿਨ੍ਹਾਂ ਦਾ ਦਰਸਨ ਕੀਤਿਆਂ ਮਨ ਖਿੜ ਆਉਂਦਾ ਹੈ? ਹੇ ਭਾਈ! ਉਹੀ ਮਨੁੱਖ (ਮੇਰੇ ਵਾਸਤੇ) ਸੱਜਣ ਹਨ, ਸੰਤ ਹਨ, ਮੇਰੇ ਅਸਲ ਮੇਲੀ ਹਨ, ਜੇਹੜੇ ਪਰਮਾਤਮਾ ਨਾਲ ਮੇਰਾ ਪਿਆਰ ਜੋੜ ਦੇਣ। ਹੇ ਪ੍ਰਭੂ! ਮੇਹਰ ਕਰ) ਉਹਨਾਂ ਨਾਲੋਂ ਮੇਰਾ ਪਿਆਰ ਨਾਹ ਟੁੱਟੇ, ਉਹਨਾਂ ਨਾਲ ਮੇਰਾ ਕਦੇ ਅਜੋੜ ਨਾਹ ਹੋਵੇ।੧।

ਹੇ ਭਾਈ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ (ਆਤਮਕ ਜੀਵਨ ਵਲੋਂ) ਅੰਨ੍ਹਾ ਹੋ ਜਾਂਦਾ ਹੈ, ਉਹ (ਅਸਲੀਅਤ ਨੂੰ) ਨਾਹ ਵੇਖ ਸਕਦਾ ਹੈ, ਨਾਹ ਸੁਣ ਸਕਦਾ ਹੈ, ਨਾਹ ਸਮਝ ਸਕਦਾ ਹੈ। (ਉਸ ਨੂੰ ਇਹ ਨਹੀਂ ਸੁੱਝਦਾ ਕਿ) ਕੱਚੇ ਘੜੇ ਵਰਗਾ ਇਹ ਸਰੀਰ ਨਾਸ ਹੋਣ ਵਾਲਾ ਹੈ, ਉਹ ਹਰ ਵੇਲੇ ਨਾਸਵੰਤ ਪਦਾਰਥਾਂ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ। ਹੇ ਭਾਈ! ਜੇਹੜੇ ਮਨੁੱਖ ਪੂਰੇ ਗੁਰੂ ਦਾ ਮਿਲਾਪ (ਹਾਸਲ ਕਰ ਕੇ) ਪਰਮਾਤਮਾ ਦਾ ਨਾਮ ਜਪਦੇ ਹਨ, ਉਹ (ਮਨੁੱਖਾ ਜੀਵਨ ਦੀ ਬਾਜ਼ੀ) ਜਿੱਤ ਕੇ ਇਥੋਂ ਜਾਂਦੇ ਹਨ।੨।

ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥ ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ ॥ ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥੩॥ ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ ॥ ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ ॥ ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥੪॥ ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥ ਸਚੁ ਖਜਾਨਾ ਸੰਚਿਆ ਏਕੁ ਨਾਮੁ ਧਨੁ ਮਾਲ ਜੀਉ ॥ ਮਨ ਤੇ ਕਬਹੁ ਨ ਵੀਸਰੈ ਜਾ ਆਪੇ ਹੋਇ ਦਇਆਲ ਜੀਉ ॥੫॥ {ਪੰਨਾ 760}

ਪਦਅਰਥ: ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਜੁਗ = ਜਗਤ। ਚਲਣੁ = ਕੂਚ। ਸੰਜੋਗਿ = ਕਾਰਨਾਂ ਦੇ ਸੰਜੋਗ ਨਾਲ, ਢੋ ਢੁਕਣ = ਨਾਲ। ਪਰਪੰਚੁ = ਜਗਤ = ਰਚਨਾ। ਰਸ ਭੋਗ = ਰਸਾਂ ਦੇ ਭੋਗ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਤਿਸਹਿ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉੱਡ ਗਿਆ ਹੈ} ਉਸ ਨੂੰ ਹੀ। ਸੋਗੁ = ਚਿੰਤਾ।੩।

ਪ੍ਰਭ ਭਾਣਿਆ = ਜੋ ਪ੍ਰਭੂ ਨੂੰ ਚੰਗਾ ਲੱਗਾ। ਪੈਧਾ = ਇੱਜ਼ਤ ਨਾਲ, ਸਿਰੋਪਾ ਲੈ ਕੇ। ਜਾਇ = ਜਾਂਦਾ ਹੈ। ਐਥੈ = ਇਸ ਲੋਕ ਵਿਚ। ਉਜਲਾ = ਰੌਸ਼ਨ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਤ ਭਾਇ = ਸੱਚੀ ਭਾਵਨਾ ਨਾਲ।੪।

ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਪ੍ਰਤਿਪਾਲ = ਪਾਲਣ ਵਾਲਾ। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਸੰਚਿਆ = ਇਕੱਠਾ ਕੀਤਾ। ਤੇ = ਤੋਂ। ਕਬਹੁ = ਕਦੇ ਭੀ। ਆਪੇ = ਆਪ ਹੀ।੫।

ਅਰਥ: ਹੇ ਭਾਈ! ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜੀਵ) ਜਗਤ ਵਿਚ ਆਉਂਦਾ ਹੈ, ਹੁਕਮ ਅਨੁਸਾਰ ਢੋ ਢੁਕਣ ਨਾਲ (ਜੀਵ ਦਾ ਇਥੋਂ) ਕੂਚ ਹੋ ਜਾਂਦਾ ਹੈ। ਪ੍ਰਭੂ ਦੀ ਰਜ਼ਾ ਵਿਚ ਹੀ ਜਗਤ-ਖਿਲਾਰਾ ਖਿਲਰਿਆ ਹੈ, ਰਜ਼ਾ ਵਿਚ ਹੀ ਜੀਵ ਇਥੇ ਰਸਾਂ ਦੇ ਭੋਗ ਭੋਗਦਾ ਹੈ। (ਇਹਨਾਂ ਰਸਾਂ ਵਿਚ ਫਸ ਕੇ) ਜਿਸ ਮਨੁੱਖ ਨੂੰ ਕਰਤਾਰ ਭੁੱਲ ਜਾਂਦਾ ਹੈ, ਇਹ ਵਿਛੋੜਾ ਉਸ ਦੇ ਅੰਦਰ ਚਿੰਤਾ-ਫ਼ਿਕਰ ਪਾਈ ਰੱਖਦਾ ਹੈ।੩।

ਹੇ ਭਾਈ! ਜੇਹੜਾ ਮਨੁੱਖ ਆਪਣੇ ਪ੍ਰਭੂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ। ਉਸ ਨੂੰ ਇਸ ਲੋਕ ਵਿਚ ਸੁਖ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਉਹ ਸੁਰਖ਼-ਰੂ ਹੁੰਦਾ ਹੈ (ਕਿਉਂਕਿ ਉਹ) ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹਿੰਦਾ ਹੈ। ਉਸ ਨੇ (ਇਥੇ) ਚੰਗੀ ਭਾਵਨਾ ਨਾਲ ਗੁਰੂ ਦਾ ਆਸਰਾ ਲਈ ਰੱਖਿਆ, (ਇਸ ਵਾਸਤੇ) ਪਰਮਾਤਮਾ ਨੇ ਉਸ ਨੂੰ ਆਦਰ ਬਖ਼ਸ਼ਿਆ।੪।

ਹੇ ਭਾਈ! ਜੇਹੜਾ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ, ਜੇਹੜਾ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਜਦੋਂ ਉਹ ਆਪ ਹੀ ਜਿਸ ਜੀਵ ਉਤੇ ਦਇਆਵਾਨ ਹੁੰਦਾ ਹੈ ਉਸ ਦੇ ਮਨ ਤੋਂ ਉਹ ਕਦੇ ਭੀ ਨਹੀਂ ਭੁੱਲਦਾ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ-ਪਦਾਰਥ ਬਣਾਂਦਾ ਹੈ।੫।

TOP OF PAGE

Sri Guru Granth Darpan, by Professor Sahib Singh