ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 759 ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥ ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥ ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥ ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥ ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥ ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥ {ਪੰਨਾ 759} ਪਦਅਰਥ: ਸਾਗਰੁ = ਸਮੁੰਦਰ। ਤਿਸੁ = ਉਸ (ਗੁਰੂ) ਨੂੰ। ਹਉ = ਮੈਂ। ਨ ਜੀਵਊ = (ਆਤਮਕ ਜੀਵਨ) ਜੀਊ ਨਹੀਂ ਸਕਦਾ। ਮਰਿ ਜਾਉ = ਮਰਿ ਜਾਉਂ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।੬। ਕਿਤੈ ਉਪਾਇ = ਕਿਸੇ ਭੀ ਜਤਨ ਨਾਲ। ਨ ਜੀਵਈ = ਨ ਜੀਵੈ, ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ।੭। ਸੇਤੀ = ਨਾਲ। ਪਿਰਹੜੀ = ਪਿਆਰ। ਕਿਉ ਜੀਵਾ = ਕਿਉਂ ਜੀਵਾਂ? ਕਿਵੇਂ ਜੀ ਸਕਦਾ ਹਾਂ? ਮਾਉ = ਹੇ ਮਾਂ! ਆਧਾਰੁ = ਆਸਰਾ। ਲਾਗਿ ਰਹਾਉ = ਲੱਗ ਕੇ ਟਿਕ ਸਕਦਾ ਹਾਂ।੮। ਤੁਠਾ = ਪ੍ਰਸੰਨ। ਮਾਇ = ਹੇ ਮਾਂ! ਧਰ = ਆਸਰਾ। ਨਾਮਿ = ਨਾਮ ਵਿਚ। ਲਿਵ ਲਾਇ = ਸੁਰਤਿ ਜੋੜ ਕੇ। ਰਹਾ = ਰਹਿ ਸਕਦਾ ਹਾਂ।੯। ਅਰਥ: ਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ। ਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।੬। ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ, ਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ।੭। ਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ? ਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ।੮। ਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ।੯। ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥ ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥ ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥ ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥ ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥ {ਪੰਨਾ 759} ਪਦਅਰਥ: ਗੁਰ ਬਿਆਨੁ = ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ। ਪਦਾਰਥੁ = ਕੀਮਤੀ ਚੀਜ਼। ਨਾਮੋ = ਨਾਮ ਹੀ। ਦੇਇ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਲਹੈ– ਹਾਸਲ ਕਰਦਾ ਹੈ। ਆਇ = ਆ ਕੇ।੧੦। ਅਕਥ = ਜੋ ਬਿਆਨ ਨਾਹ ਕੀਤੀ ਜਾ ਸਕੇ। ਕੋ ਪ੍ਰੀਤਮੁ = (ਜੇ) ਕੋਈ ਪਿਆਰਾ ਸੱਜਣ। ਆਇ = ਆ ਕੇ। ਦੇਵਾ = ਦੇਵਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ। ਪਾਇ = ਪੈਰੀਂ।੧੧। ਏਕੁ ਤੂੰ = ਸਿਰਫ਼ ਤੂੰ ਹੀ। ਸੁਜਾਣੁ = ਸਿਆਣਾ। ਸਤਿਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ। ਤਾਣੁ = ਆਸਰਾ।੧੨। ਆਵੈ = ਜੰਮਦਾ। ਜਾਇ = ਮਰਦਾ। ਅਭਿਨਾਸੀ = ਨਾਸ = ਰਹਿਤ।੧੩। ਸੰਚਿਆ = ਇਕੱਠਾ ਕੀਤਾ। ਸਾਬਤੁ = ਕਦੇ ਨਾਹ ਘਟਣ ਵਾਲੀ। ਮੰਨਿਆ = ਸਤਕਾਰਿਆ ਜਾਂਦਾ ਹੈ। ਸਾਬਾਸਿ = ਸਾਬਾਸ਼, ਥਾਪਣਾ।੧੪। ਅਰਥ: ਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ। ਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ।੧੦। ਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ।੧੧। ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ। ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ।੧੨। ਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ।੧੩। ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ, ਤੇ ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ।੧੪।੧।੨।੧੧। ਨੋਟ: ਘਰ ੧੦ ਦੀ ਅਸਟਪਦੀ ੧ ਸੂਹੀ ਵਿਚ ਮ: ੪ ਦੀਆਂ ਅਸ਼ਟਪਦੀਆਂ ੨ ਕੁਲ ਅਸ਼ਟਪਦੀਆਂ-੧੧ ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਉਰਝਿ ਰਹਿਓ ਬਿਖਿਆ ਕੈ ਸੰਗਾ ॥ ਮਨਹਿ ਬਿਆਪਤ ਅਨਿਕ ਤਰੰਗਾ ॥੧॥ ਮੇਰੇ ਮਨ ਅਗਮ ਅਗੋਚਰ ॥ ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥ ਮੋਹ ਮਗਨ ਮਹਿ ਰਹਿਆ ਬਿਆਪੇ ॥ ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥ ਬਸਇ ਕਰੋਧੁ ਸਰੀਰਿ ਚੰਡਾਰਾ ॥ ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥ ਭ੍ਰਮਤ ਬਿਆਪਤ ਜਰੇ ਕਿਵਾਰਾ ॥ ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥ ਆਸਾ ਅੰਦੇਸਾ ਬੰਧਿ ਪਰਾਨਾ ॥ ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥ ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥ ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥ ਕਛੂ ਸਿਆਨਪ ਉਕਤਿ ਨ ਮੋਰੀ ॥ ਏਕ ਆਸ ਠਾਕੁਰ ਪ੍ਰਭ ਤੋਰੀ ॥੭॥ ਕਰਉ ਬੇਨਤੀ ਸੰਤਨ ਪਾਸੇ ॥ ਮੇਲਿ ਲੈਹੁ ਨਾਨਕ ਅਰਦਾਸੇ ॥੮॥ ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥ ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥ {ਪੰਨਾ 759} ਪਦਅਰਥ: ਉਰਝਿ ਰਹਿਓ = ਉਲਝਿਆ ਹੋਇਆ ਹੈ, ਫਸਿਆ ਪਿਆ ਹੈ। ਬਿਖਿਆ = ਮਾਇਆ (ਦਾ ਮੋਹ) । ਕੈ ਸੰਗਾ = ਦੇ ਨਾਲ। ਮਨਹਿ = ਮਨ ਉਤੇ। ਬਿਆਪਤ = ਜ਼ੋਰ ਪਾਇਆ ਹੋਇਆ ਹੈ। ਤਰੰਗਾ = ਲਹਿਰਾਂ।੧। ਮਨ = ਹੇ ਮਨ! ਅਗਮ = ਅਪਹੁੰਚ ਪ੍ਰਭੂ। ਅਗੋਚਰ = {ਅ = ਗੋ = ਚਰ। ਗੋ = ਗਿਆਨ = ਇੰਦ੍ਰੇ} ਜਿਸ ਤਕ ਗਿਆਨ = ਇੰਦ੍ਰੇ ਨਹੀਂ ਪਹੁੰਚ ਸਕਦੇ। ਕਤ = ਕਿਵੇਂ?।੧।ਰਹਾਉ। ਮਗਨ = ਮਗਨਤਾ, ਮਸਤੀ। ਬਿਆਪੇ = ਫਸਿਆ ਹੋਇਆ। ਅਤਿ = ਬਹੁਤ। ਧ੍ਰਾਪੇ = ਰੱਜਦਾ।੨। ਬਸਇ = ਬਸੈ, ਵੱਸਦਾ ਹੈ। ਸਰੀਰਿ = ਸਰੀਰ ਵਿਚ। ਚੰਡਾਰਾ = ਚੰਡਾਲ। ਅਗਿਆਨਿ = ਅਗਿਆਨ ਦੇ ਕਾਰਨ, ਆਤਮਕ ਜੀਵਨ ਵਲੋਂ ਬੇ = ਸਮਝੀ ਦੇ ਕਾਰਨ। ਗੁਬਾਰਾ = ਹਨੇਰਾ।੩। ਭ੍ਰਮਤ = ਭਟਕਣਾ। ਬਿਆਪਤ = ਮਾਇਆ ਦਾ ਜ਼ੋਰ। ਜਰੇ = ਜੜੇ। ਕਿਵਾਰਾ = ਕਿਵਾੜ, ਭਿੱਤ। ਜਾਣੁ ਨ ਪਾਈਐ = ਪਹੁੰਚ ਨਹੀਂ ਸਕੀਦਾ।੪। ਅੰਦੇਸਾ = ਚਿੰਤਾ। ਬੰਧਿ = ਬੰਧਨ ਵਿਚ। ਮਹਲੁ = ਪ੍ਰਭੂ ਦੀ ਹਜ਼ੂਰੀ। ਬਿਗਾਨਾ = ਓਪਰਾ।੫। ਬਿਆਧਿ = ਮਾਨਸਕ ਰੋਗ। ਕੈ ਵਸਿ = ਦੇ ਕਾਬੂ ਵਿਚ। ਮੀਨਾ = ਮੱਛੀ।੬। ਉਕਤਿ = ਦਲੀਲ, ਵਿਚਾਰ। ਮੋਰੀ = ਮੇਰੀ। ਠਾਕੁਰ = ਹੇ ਠਾਕੁਰ! ਤੋਰੀ = ਤੇਰੀ।੭। ਕਰਉ = ਕਰਉਂ, ਮੈਂ ਕਰਦਾ ਹਾਂ। ਅਰਦਾਸੇ = ਅਰਜ਼ੋਈ।੮। ਸਾਧ ਸੰਗੁ = ਗੁਰੂ ਦੀ ਸੰਗਤਿ। ਤ੍ਰਿਪਤੇ = ਰੱਜ ਗਏ।੧।ਰਹਾਉ ਦੂਜਾ। ਅਰਥ: ਹੇ ਮੇਰੇ ਮਨ! ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।੧।ਰਹਾਉ। ਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ, ਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ।੧। ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ, (ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ।੨। ਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ।੩। ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ, ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ।੪। ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ, ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ।੫। ਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ, ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ।੬। ਹੇ ਪ੍ਰਭੂ! ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ। ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ।੭। ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ ਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ।੮। ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧। ਰਹਾਉ ਦੂਜਾ।੧। |
Sri Guru Granth Darpan, by Professor Sahib Singh |