ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 770

ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ {ਪੰਨਾ 770}

ਪਦਅਰਥ: ਸੇਵਿ = ਸੇਵਾ ਕਰ, ਸਰਨ ਪਉ। ਧਨ ਬਾਲੜੀਏ = ਹੇ ਅੰਞਾਣ ਜਿੰਦੇ। ਵਰੁ = ਖਸਮ। ਪਾਵਹਿ = ਤੂੰ ਲੱਭ ਲਏਂਗੀ। ਹੋਵਹਿ = ਤੂੰ ਰਹੇਂਗੀ। ਸੋਹਾਗਣੀ = ਖਸਮ ਵਾਲੀ। ਮੈਲਾ ਵੇਸੁ = {ਨੋਟ:ਵਿਧਵਾ ਇਸਤ੍ਰੀ ਨੂੰ ਮੈਲੇ ਕੱਪੜੇ ਪਾਣੇ ਪੈਂਦੇ ਹਨ} ਰੰਡੇਪਾ, ਪ੍ਰਭੂ = ਪਤੀ ਤੋਂ ਵਿਛੋੜਾ। ਗੁਰਮੁਖਿ = ਗੁਰੂ ਦੀ ਸਰਣ ਰਹਿਣ ਵਾਲੀ ਜੀਵ = ਇਸਤ੍ਰੀ। ਕੋਈ = ਕੋਈ ਵਿਰਲੀ। ਕਰਣੀ ਕਾਰ = ਉਹ ਕਾਰ ਜੇਹੜੀ ਕਰਨੀ ਚਾਹੀਦੀ ਹੈ, ਕਰਨ = ਜੋਗ ਕਾਰ। ਸਬਦਿ = ਸ਼ਬਦ ਵਿਚ। ਏਕੋ ਜਾਣਿਆ = ਇਕ ਪ੍ਰਭੂ ਨਾਲ ਹੀ ਸਾਂਝ ਪਾਈ ਹੈ। ਰਾਵੇ = ਸਿਮਰਦੀ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਕਾਮਣਿ = ਜੀਵ = ਇਸਤ੍ਰੀ। ਰਵਿ ਰਹਿਆ = ਜੋ ਸਭ ਥਾਂ ਮੌਜੂਦ ਹੈ।੨।

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ। ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ! ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ। ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ।੨।

ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ {ਪੰਨਾ 770}

ਪਦਅਰਥ: ਕਰੇ = ਕਰਿ, ਕਰ। ਧਨ ਬਾਲੜੀਏ = ਹੇ ਅੰਞਾਣ ਜਿੰਦੇ! ਦੇਇ ਮਿਲਾਏ = ਦੇਇ ਮਿਲਾਇ, ਮਿਲਾ ਦੇਂਦਾ ਹੈ। ਕੈ ਰੰਗਿ = ਦੇ ਪ੍ਰੇਮ = ਰੰਗ ਵਿਚ। ਰਤੀ = ਰੰਗੀ ਹੋਈ। ਕਾਮਣਿ = ਜੀਵ = ਇਸਤ੍ਰੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਸਾਂਝ ਪਾ ਲਈ। ਕੰਠਿ = ਗਲ ਨਾਲ। ਮਹਲੀ ਮਹਲੁ = ਮਹਲ ਦੇ ਮਾਲਕ ਪ੍ਰਭੂ ਦਾ ਮਹਲ।੩।

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ। ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ। ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ। ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੩।

ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥ {ਪੰਨਾ 770}

ਪਦਅਰਥ: ਸਾਧਨ ਬਾਲੀ = ਅੰਞਾਣ ਜੀਵ = ਇਸਤ੍ਰੀ। ਧੁਰਿ = ਧੁਰ ਦਰਗਾਹ ਤੋਂ। ਪ੍ਰਭਿ = ਪ੍ਰਭੂ ਨੇ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਘਟਿ = ਹਿਰਦੇ ਵਿਚ। ਮੰਨਿ = ਮਨਿ, ਮਨ ਵਿਚ। ਪੂਰਬਿ = ਪੂਰਬਲੇ ਜਨਮ ਵਿਚ। ਸੇਜ = ਹਿਰਦਾ = ਸੇਜ। ਸੁਖਾਲੀ = ਸੁਖੀ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਸਚੁ ਸੀਗਾਰੁ = ਸਦਾ-ਥਿਰ ਹਰੀ ਦਾ ਨਾਮ ਜਪਣ ਦਾ ਆਤਮਕ ਸੁਹਜ। ਕਾਮਣਿ = ਜੀਵ = ਇਸਤ੍ਰੀ। ਖੋਈ = ਦੂਰ ਕਰ ਲਈ। ਸਚਿ = ਸਦਾ-ਥਿਰ ਪ੍ਰਭੂ ਵਿਚ। ਕਰਤੈ = ਕਰਤਾਰ ਨੇ। ਨਵੈ ਨਿਧਿ = ਨੌ ਹੀ ਖ਼ਜ਼ਾਨੇ।੪।

ਅਰਥ: ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ। ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ। ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ। ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।

ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ। ਹੇ ਨਾਨਕ! ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ।੪।੩।੪।

ਸੂਹੀ ਮਹਲਾ ੩ ॥ ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ ॥ ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥ ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥ ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ॥ ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥ ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥੧॥ {ਪੰਨਾ 770}

ਪਦਅਰਥ: ਹਰਿ ਹਰੇ ਹਰਿ ਗੁਣ = ਸਦਾ ਹੀ ਹਰੀ ਦੇ ਗੁਣ। ਗੁਰਮੁਖੇ = ਗੁਰੂ ਦੀ ਸਰਨ ਪਿਆਂ। ਅਨਦਿਨੋ = ਅਨਦਿਨੁ, ਹਰ ਰੋਜ਼। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਵਹੁ = ਸਿਮਰੋ। ਵਜਾਏ = ਵਜਾਇ, ਵਜਾ ਕੇ। ਅਨਹਦ = ਇਕ-ਰਸ, ਲਗਾਤਾਰ। ਅਨਹਦ ਸਬਦ ਵਜਾਏ = ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ। ਵਜਾਏ = ਵਜਾਂਦਾ ਹੈ। ਘਰਿ = ਹਿਰਦੇ = ਘਰ ਵਿਚ। ਨਾਰੀ = ਹੇ ਨਾਰੀਓ! ਹੇ ਗਿਆਨ = ਇੰਦ੍ਰਿਓ! ਗੁਰ ਆਗੈ = ਗੁਰੂ ਦੇ ਸਨਮੁਖ ਹੋ ਕੇ। ਸਾਧਨ = ਉਹ ਜੀਵ = ਇਸਤ੍ਰੀਆਂ। ਸੁਹਾਏ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਸੋਹਿਲਾ = ਖ਼ੁਸ਼ੀ ਦਾ ਗੀਤ। ਕਰਿ = ਕਰ ਕੇ। ਆਏ = ਆਉਂਦਾ ਹੈ।੧।

ਅਰਥ: ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਇਆ ਕਰੋ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਹੇ ਭਾਈ! ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ ਇਕ-ਰਸ ਵਜਾਂਦਾ ਰਹਿੰਦਾ ਹੈ, ਪਰਮਾਤਮਾ ਉਸ ਦੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ। ਹੇ (ਮੇਰੇ) ਗਿਆਨ-ਇੰਦ੍ਰਿਓ! ਤੁਸੀ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ। ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹੋ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੀਆਂ ਹਨ, ਉਹ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ, ਉਹਨਾਂ ਦੇ ਹਿਰਦੇ-ਘਰ ਵਿਚ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਪ੍ਰਭੂ ਕਿਰਪਾ ਕਰ ਕੇ ਉਹਨਾਂ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ।੧।

ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ ॥ ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥ ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥ ਜਿਨ੍ਹ੍ਹ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥ ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥ ਨਾਨਕ ਸਫਲ ਜਨਮੁ ਤਿਨ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥ {ਪੰਨਾ 770}

ਪਦਅਰਥ: ਮਨਿ = ਮਨ ਵਿਚ। ਨਾਮਿ = ਨਾਮ ਵਿਚ। ਰਹੇ ਲਿਵ ਲਾਏ = ਰਹੇ ਲਿਵ ਲਾਇ, ਲਿਵ ਲਾਈ ਰੱਖਦੇ ਹਨ। ਗੁਰਮੁਖੇ = ਗੁਰੂ ਦੇ ਸਨਮੁਖ ਰਹਿ ਕੇ। ਗਾਏ = ਗਾਇ, ਗਾ ਕੇ। ਮੰਨਿ = ਮਨਿ, ਮਨ ਵਿਚ। ਵਸਾਏ = ਵਸਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਸੇਈ ਜਨ = ਉਹੀ ਮਨੁੱਖ। ਨਿਸਤਰੇ = ਪਾਰ ਲੰਘ ਜਾਂਦੇ ਹਨ। ਘਟਿ ਘਟਿ = ਹਰੇਕ ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ। ਗਾਵਹਿ = ਗਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵਹਿ = ਲੀਨ ਰਹਿੰਦੇ ਹਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਕੇਰਾ = ਦਾ। ਜਿ = ਜੇਹੜੇ ਮਨੁੱਖਾਂ ਨੂੰ। ਸਤਿਗੁਰਿ = ਗੁਰੂ ਨੇ। ਮਾਰਗਿ = ਰਸਤੇ ਉੱਤੇ।੨।

ਅਰਥ: ਹੇ ਭਾਈ! ਪ੍ਰਭੂ ਦੇ ਭਗਤਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਸਦਾ ਸੁਰਤਿ ਜੋੜੀ ਰੱਖਦੇ ਹਨ। ਗੁਰੂ ਦੀ ਰਾਹੀਂ ਪਰਮਾਤਮਾ ਦੇ ਪਵਿਤ੍ਰ ਗੁਣ ਗਾ ਗਾ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ। ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ, ਪ੍ਰਭੂ ਦੇ ਪਵਿਤ੍ਰ ਗੁਣ ਗਾ ਗਾ ਕੇ, ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾ ਕੇ (ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।

ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਗੁਣ ਗਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਗੁਰੂ ਆਪਣੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਹੇ ਪ੍ਰਭੂ!) ਤੇਰੇ ਚਰਨਾਂ ਵਿਚ ਜੋੜ ਦੇਂਦਾ ਹੈ। ਹੇ ਨਾਨਕ! ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਰਮਾਤਮਾ ਦੇ ਰਸਤੇ ਉਤੇ ਤੋਰ ਦਿੰਦਾ ਹੈ।੨।

TOP OF PAGE

Sri Guru Granth Darpan, by Professor Sahib Singh