ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 771 ਸੰਤਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ॥ ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥ ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੂਆ ਰਤਾ ਹਰਿ ਨਾਲੇ ॥ ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮ੍ਹ੍ਹਾਲੇ ॥ ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥ ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥੩॥ {ਪੰਨਾ 771} ਪਦਅਰਥ: ਸਿਉ = ਨਾਲ। ਮੇਲੁ = ਮਿਲਾਪ। ਨਾਮਿ = ਨਾਮ ਵਿਚ। ਕੈ ਸਬਦਿ = ਦੇ ਸ਼ਬਦ ਦੀ ਬਰਕਤਿ ਨਾਲ। ਜੀਵਨ ਮੁਕਤੇ = ਦੁਨੀਆ ਦੀ ਕਿਰਤ = ਕਾਰ ਕਰਦੇ ਹੋਏ ਹੀ ਨਿਰਲੇਪ। ਕੈ ਨਾਮਿ = ਦੇ ਨਾਮ ਵਿਚ। ਲਿਵ = ਲਗਨ। ਲਾਏ = ਲਾਇ, ਲਾ ਕੇ। ਗੁਰਿ = ਗੁਰੂ ਨੇ। ਮੇਲਿ = ਪ੍ਰਭੂ ਚਰਨਾਂ ਵਿਚ। ਚੁਕਾਇਆ = ਦੂਰ ਕਰ ਦਿੱਤਾ। ਅਨਦਿਨੁ = ਹਰ ਰੋਜ਼ {अनुदिनां}, ਹਰ ਵੇਲੇ। ਸਮ੍ਹ੍ਹਾਲੇ = ਸਮ੍ਹ੍ਹਾਲਿ, ਹਿਰਦੇ ਵਿਚ ਵਸਾ ਕੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤਾ = ਮਸਤ। ਮਨਿ = ਮਨ ਵਿਚ। ਘਰਿ = ਹਿਰਦੇ = ਘਰ ਵਿਚ। ਸਦ = ਸਦਾ। ਸੋਹਿਲਾ = ਖ਼ੁਸ਼ੀ, ਆਨੰਦ। ਜਿ = ਜੇਹੜੇ ਮਨੁੱਖ।੩। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ। ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਉਹਨਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਮਨ ਜੋੜ ਲਿਆ, ਉਹਨਾਂ ਦਾ ਮਨ ਪਰਮਾਤਮਾ ਦੇ (ਪ੍ਰੇਮ-ਰੰਗ) ਨਾਲ ਰੰਗਿਆ ਗਿਆ। ਉਹਨਾਂ ਨੇ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਦੂਰ ਕਰ ਲਿਆ, ਤੇ, ਸਾਰੇ ਸੁਖ ਦੇਣ ਵਾਲੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਹ ਹਰਿ-ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਹੀ ਖ਼ੁਸ਼ੀ ਬਣੀ ਰਹਿੰਦੀ ਹੈ।੩। ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥ ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥ ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥ ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥ ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥ ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥ {ਪੰਨਾ 771} ਪਦਅਰਥ: ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਮਹਲੁ = ਹਜ਼ੂਰੀ। ਗੁਰਮੁਖੇ = ਗੁਰੂ ਦੇ ਸਨਮੁਖ ਰਹਿਣ ਵਾਲੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੇਲਿ = ਪ੍ਰਭੂ = ਚਰਨਾਂ ਵਿਚ। ਮਨਿ = ਮਨ ਵਿਚ। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ। ਜੁਗਿ ਜੁਗਿ = ਹਰੇਕ ਜੁਗ ਵਿਚ। ਜਾਤੇ = ਪਰਗਟ ਹੋ ਜਾਂਦੇ ਹਨ। ਸਾਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਦਰਿ = ਪ੍ਰਭੂ ਦੇ ਦਰ ਤੇ। ਜਾਪਹਿ = ਆਦਰ ਪਾਂਦੇ ਹਨ। ਘਰਿ = ਹਿਰਦੇ = ਘਰ ਵਿਚ। ਦਰਿ = ਅੰਦਰ। ਸੋਹਿਲਾ = ਖ਼ੁਸ਼ੀ।੪। ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਜਗਤ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ। ਪਰ ਕਈ (ਵਡ-ਭਾਗੀ ਐਸੇ ਹਨ, ਜੇਹੜੇ) ਗੁਰੂ ਦੇ ਸਨਮੁਖ (ਰਹਿੰਦੇ ਹਨ, ਉਹਨਾਂ ਨੂੰ ਗੁਰੂ ਨੇ) ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ। ਜਦੋਂ ਉਹ ਪ੍ਰਭੂ ਦੇ ਮਨ ਵਿਚ ਪਿਆਰੇ ਲੱਗਦੇ ਹਨ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹ ਪ੍ਰੇਮ-ਰੰਗ ਵਿਚ ਰੰਗੀਜ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ। ਪਰਮਾਤਮਾ ਦੇ ਉਹ ਭਗਤ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਹਰੇਕ ਜੁਗ ਵਿਚ ਸਦਾ ਹੀ ਪਰਗਟ ਹੋ ਜਾਂਦੇ ਹਨ। ਉਹ (ਵਡ-ਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਸ ਦੇ ਦਰ ਤੇ ਇੱਜ਼ਤ ਪਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਅੰਦਰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸ ਪੈਂਦਾ ਹੈ। ਹੇ ਨਾਨਕ! ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਵਾਲੀ ਬਾਣੀ ਵੱਸੀ ਰਹਿੰਦੀ ਹੈ, ਅਟੱਲ ਖ਼ੁਸ਼ੀ ਬਣੀ ਰਹਿੰਦੀ ਹੈ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।੪।੪।੫। ਸੂਹੀ ਮਹਲਾ ੩ ॥ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥ {ਪੰਨਾ 771} ਪਦਅਰਥ: ਵਰੁ = ਖਸਮ = ਪ੍ਰਭੂ (ਦਾ ਮਿਲਾਪ) । ਬਾਲੜੀਏ = ਹੇ ਅੰਞਾਣ ਜੀਵ = ਇਸਤ੍ਰੀ! ਲਾਏ = ਲਾਇ। ਸੋਹਾਗਣੀ = ਸੁਹਾਗ = ਭਾਗ ਵਾਲੀ। ਜਾਏ = ਨਾਸ ਹੁੰਦਾ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਸਾਧਨ = ਜੀਵ = ਇਸਤ੍ਰੀ। ਸਚਿ = ਸਦਾ-ਥਿਰ ਹਰਿ = ਨਾਮ ਵਿਚ। ਸੰਜਮਿ = ਸੰਜਮ ਵਿਚ, ਬੰਦਸ਼ ਵਿਚ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੀਗਾਰੀ = ਆਤਮਕ ਜੀਵਨ ਨੂੰ ਸੋਹਣਾ ਬਣਾਂਦੀ ਹੈ। ਸਾਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪ੍ਰਭੂ) ਨੇ। ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ। ਜਿਨਿ = ਜਿਸ ਜੀਵ = ਇਸਤ੍ਰੀ ਨੇ।੧। ਅਰਥ: ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧। ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥ ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥ ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥ ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥ ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥ ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥ {ਪੰਨਾ 771} ਪਦਅਰਥ: ਪਿਰੁ = ਪ੍ਰਭੂ = ਪਤੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ। ਤਿਤੁ ਤਨਿ = ਉਸ ਸਰੀਰ ਵਿਚ। ਰਾਤੀ = ਰਤਾ ਭਰ ਭੀ। ਪ੍ਰਭਿ = ਪ੍ਰਭੂ ਵਿਚ। ਰਾਤੀ = ਮਸਤ। ਮੇਲਿ = ਮੇਲ ਵਿਚ, ਚਰਨਾਂ ਵਿਚ। ਆਪੁ = ਆਪਾ = ਭਾਵ। ਰਾਵੈ = ਮਾਣਦੀ ਹੈ। ਰੰਗਿ ਰਾਤੀ = ਪ੍ਰੇਮ = ਰੰਗ ਵਿਚ ਰੰਗੀ ਹੋਈ।੨। ਅਰਥ: ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ। ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ। (ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ। ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ। ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ।੨। ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥ ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥ ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥ ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ {ਪੰਨਾ 771} ਪਦਅਰਥ: ਰਾਵੇ = ਮਿਲਾਪ ਮਾਣਦੀ ਹੈ, ਸਿਮਰਨ ਕਰਦੀ ਹੈ। ਰੰਗਿ ਰਾਤੜੀਏ = ਹੇ ਪ੍ਰੇਮ = ਰੰਗ ਵਿਚ ਰੰਗੀ ਹੋਈ ਜੀਵ = ਇਸਤ੍ਰੀ! ਮਹਲੁ = ਹਜ਼ੂਰੀ। ਤਿਨ = ਉਸ (ਜੀਵ = ਇਸਤ੍ਰੀ) ਨੇ। ਸਹੋ = ਸਹੁ, ਸ਼ਹੁ। ਜਿਨਿ = ਜਿਸ (ਜੀਵ = ਇਸਤ੍ਰੀ) ਨੇ। ਆਪੁ = ਆਪਾ = ਭਾਵ। ਹਰਿ ਮਨਿ = ਹਰੀ ਦੇ ਮਨ ਵਿਚ। ਕਾਮਣਿ = ਜੀਵ = ਇਸਤ੍ਰੀ। ਭਾਈ = ਪਸੰਦ ਆਈ। ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਿਨੈ = ਕਿਸ ਨੇ ਭੀ। ਰਵੈ = ਸਿਮਰਦੀ ਹੈ। ਜਿਨਿ = ਜਿਸ (ਜੀਵ = ਇਸਤ੍ਰੀ) ਨੇ। ਸੇਤੀ = ਨਾਲ।੩। ਅਰਥ: ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ, ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ। ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ। ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ।੩। |
![]() |
![]() |
![]() |
![]() |
Sri Guru Granth Darpan, by Professor Sahib Singh |