ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 775 ਅੰਤਰਿ ਰਤਨੁ ਬੀਚਾਰੇ ॥ ਗੁਰਮੁਖਿ ਨਾਮੁ ਪਿਆਰੇ ॥ ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥ ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥ ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥ ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥ {ਪੰਨਾ 775} ਪਦਅਰਥ: ਅੰਤਰਿ = ਹਿਰਦੇ ਵਿਚ। ਰਤਨੁ = ਨਾਮ = ਰਤਨ ਨੂੰ, ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ। ਬੀਚਾਰੇ = ਵਿਚਾਰਦਾ ਹੈ, ਆਤਮਕ ਮੰਡਲ ਵਿਚ ਪ੍ਰੋਈ ਰੱਖਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਪਿਆਰੇ = ਪਿਆਰ ਕਰਦਾ ਹੈ। ਸਬਦਿ = (ਗੁਰੂ ਆਪਣੇ) ਸ਼ਬਦ ਦੀ ਰਾਹੀਂ। ਨਿਸਤਾਰੇ = (ਗੁਰੂ ਉਸਨੂੰ ਸੰਸਾਰ = ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। ਅਗਿਆਨੁ = ਆਤਮਕ ਜੀਵਨ ਵਲੋਂ ਬੇ = ਸਮਝੀ। ਅਧੇਰੁ = ਹਨੇਰਾ। ਗਿਆਨੁ = ਆਤਮਕ ਜੀਵਨ ਦੀ ਸੂਝ। ਪ੍ਰਚੰਡ = ਤੇਜ਼, ਤੀਬਰ। ਬਲਿਆ = ਮਘ ਪੈਂਦਾ ਹੈ। ਘਟਿ = ਹਿਰਦੇ ਵਿਚ। ਘਰ ਮੰਦਰ = ਸਰੀਰ ਅਤੇ ਗਿਆਨ = ਇੰਦ੍ਰੇ। ਸੋਹਾਇਆ = ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਅਰਪਿ = ਭੇਟਾ ਕਰ ਕੇ। ਸੀਗਾਰ = ਆਤਮਕ ਜੀਵਨ ਦਾ ਸੁਹਜ। ਪ੍ਰਭ ਸਾਚੇ ਭਾਇਆ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਅੰਕਿ = ਗੋਦ ਵਿਚ।੩। ਅਰਥ: ਹੇ ਭਾਈ! ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ ਪ੍ਰੋ ਰੱਖਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ, ਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ। (ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। (ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ) ।੩। ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥ ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥ ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥ ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥ {ਪੰਨਾ 775} ਪਦਅਰਥ: ਪ੍ਰਭਿ = ਪ੍ਰਭੂ ਨੇ। ਕਾਜੁ = ਵਿਆਹ ਦਾ ਕਾਰਜ। ਰਚਾਇਆ = ਰਚਾ ਦਿੱਤਾ, ਆਰੰਭ ਕਰ ਦਿੱਤਾ। ਗੁਰਮੁਖਿ = ਗੁਰੂ ਦੀ ਰਾਹੀਂ। ਸਾਧਨ = (ਉਹ) ਜੀਵ = ਇਸਤ੍ਰੀ। ਕੰਤ ਪਿਆਰੀ = ਖਸਮ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਮਿਲਿ = ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਸਵਾਰੀ = ਸੋਹਣੇ ਜੀਵਨ ਵਾਲੀ ਬਣਾ ਦਿੱਤੀ। ਸੁਰਿ = ਦੇਵਤੇ। ਸੁਰਿ ਨਰ = ਦੈਵੀ ਸੁਭਾਉ ਵਾਲੇ ਮਨੁੱਖ। ਗਣ = ਸ਼ਿਵ ਜੀ ਦੇ ਉਪਾਸ਼ਕ। ਗੰਧਰਬ = ਦੇਵਤਿਆਂ ਦੇ ਰਾਗੀ। ਸੁਰਿ.....ਗੰਧਰਬ = ਉੱਚੇ ਜੀਵਨ ਵਾਲੇ ਸੰਤ = ਜਨ। ਅਪੂਰਬ = ਜਿਹੜੀ ਪਹਿਲਾਂ ਵੇਖਣ ਵਿਚ ਨਾਹ ਆਈ ਹੋਵੇ {ਅ = ਪੂਰਬ}। ਪ੍ਰਭੁ ਮੈ = ਮੈ ਪ੍ਰਭੁ, ਮੇਰਾ ਪ੍ਰਭੂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਈ = ਜੰਮਦਾ।੪। ਅਰਥ: ਹੇ ਭਾਈ! ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ, ਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈ) । ਹੇ ਭਾਈ! ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ। (ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨ, ਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ। ਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ।੪।੧।੩। ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ {ਪੰਨਾ 775} ਪਦਅਰਥ: ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀ ਗਾਵੀਏ। ਕੇਰੇ = ਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ = ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ। ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ। ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤਿ ਜੋੜੀ ਰੱਖਾਂ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ = ਰੰਗ ਵਿਚ। ਰਾਤਾ ਰਹੈ– ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ) ।੧। ਅਰਥ: ਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਹੇ ਪ੍ਰਭੂ! ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ। (ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜੀ ਰੱਖਾਂ। ਹੇ ਨਾਨਕ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ।੧। ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥ ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥ ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥ ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥ ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥ {ਪੰਨਾ 775} ਪਦਅਰਥ: ਰਵਿ ਰਹਿਆ = ਵਿਆਪਕ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਬਦਿ = ਸ਼ਬਦ ਦੀ ਰਾਹੀਂ। ਰਵੈ = ਸਿਮਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਵਿਆਪਕ। ਸੋਈ = ਉਹੀ। ਸਚੁ = ਸਦਾ-ਥਿਰ ਪ੍ਰਭੂ। ਪਾਈਐ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਟਿਕੇ ਰਹੀਦਾ ਹੈ। ਅਵਰੁ = ਹੋਰ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਭਾਵਾਂ, ਪ੍ਰਭੂ ਨੂੰ ਚੰਗਾ ਲੱਗਾਂ। ਆਪੇ = ਆਪ ਹੀ। ਸਬਦੇ = ਸ਼ਬਦ ਦੀ ਰਾਹੀਂ। ਜਾਪੈ = ਜਾਣਿਆ ਜਾ ਸਕਦਾ ਹੈ, ਡੂੰਘੀ ਸਾਂਝ ਪੈ ਸਕਦੀ ਹੈ। ਅਹਿ = ਦਿਨ। ਨਿਸਿ = ਰਾਤ।੨। ਅਰਥ: ਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ। (ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ। (ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ। ਹੇ ਭਾਈ! ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੨। ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥ ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥ {ਪੰਨਾ 775} ਪਦਅਰਥ: ਜਗੋ = ਜਗੁ, ਜਗਤ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਾਰਿ ਨ ਪਾਈ = ਪਰਲੇ ਪਾਸੇ ਨਹੀਂ ਪਹੁੰਚ ਸਕਦਾ। ਅੰਤਰੇ = (ਮਨਮੁਖ ਦੇ) ਅੰਦਰ ਹੀ। ਮਮਤਾ = ਅਪਣੱਤ, ਮਲਕੀਅਤ ਦੀ ਲਾਲਸਾ। ਥਾਇ = ਥਾਂ ਵਿਚ। ਥਾਇ ਨ ਪਾਈ = (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਬਿਰਥਾ = ਵਿਅਰਥ {व्यथा}। ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ। ਕੋ = ਕੋਈ ਮਨੁੱਖ। ਬੇਲੀ = ਮਦਦਗਾਰ। ਸੁਤੁ = ਪੁੱਤਰ। ਭਾਈ = ਭਰਾ। ਪਸਾਰਾ = ਖਿਲਾਰਾ। ਆਗੈ = ਪਰਲੋਕ ਵਿਚ। ਸਾਥਿ = ਨਾਲ।੩। ਅਰਥ: ਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ, (ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ। ਹੇ ਭਾਈ! ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ। (ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ। ਹੇ ਭਾਈ! ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ। ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ।੩। ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥ ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥ ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥ ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ {ਪੰਨਾ 775-776} ਪਦਅਰਥ: ਹਉ = ਹਉਂ, ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਕਿਨ ਬਿਧਿ = ਕਿਸ ਤਰੀਕੇ ਨਾਲ? ਦੁਤਰੁ = ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਇਵ = ਇਸ ਤਰ੍ਹਾਂ। ਮਰੀਐ = ਮਰ ਸਕੀਦਾ ਹੈ, ਵਿਕਾਰਾਂ ਵਲੋਂ ਮੁਰਦਾ ਹੋ ਜਾਈਦਾ ਹੈ। ਭਉਜਲੁ = ਸੰਸਾਰ = ਸਮੁੰਦਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ = ਨਾਮ ਵਿਚ। ਲਿਵ ਲਾਵੈ = ਸੁਰਤਿ ਜੋੜੀ ਰੱਖਦਾ ਹੈ। ਪਰਗਾਸੁ = ਆਤਮਕ ਜੀਵਨ ਦੀ ਸੂਝ ਨਾਲ ਰੌਸ਼ਨ। ਮਾਨਿਆ = ਪਤੀਜ ਜਾਂਦਾ ਹੈ। ਵਡਿਆਈ = ਇੱਜ਼ਤ, ਸੋਭਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦੇ।੪। ਅਰਥ: ਹੇ ਭਾਈ! ਜਦੋਂ) ਮੈਂ (ਨਾਮ ਦੀ) ਦਾਤਿ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ (ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ। (ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤਿ ਜੋੜੀ ਰੱਖਦਾ ਹੈ। ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ।੪।੧।੪। |
![]() |
![]() |
![]() |
![]() |
Sri Guru Granth Darpan, by Professor Sahib Singh |