ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 776 ਸੂਹੀ ਮਹਲਾ ੪ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ {ਪੰਨਾ 776} ਪਦਅਰਥ: ਸੰਤ ਜਨੋ = ਹੇ ਸੰਤ ਜਨੋ! ਮੈ = ਮੈਨੂੰ। ਬੁਝਿ ਗਈਆਸੇ = ਬੁਝਿ ਗਈਆ, ਬੁੱਝ ਗਈ ਹੈ। ਹਉ = ਹਉਂ, ਮੈਂ। ਦੇਵਾ = ਦੇਵਾਂ, ਮੈਂ ਭੇਟ ਕਰਦਾ ਹਾਂ। ਦੇਵਾ ਸਤਿਗੁਰੈ = ਸਤਿਗੁਰੂ ਨੂੰ ਦੇਂਦਾ ਹਾਂ। ਗੁਣਤਾਸੇ = ਗੁਣ = ਤਾਸ, ਗੁਣਾਂ ਦਾ ਖ਼ਜ਼ਾਨਾ। ਧਨੁ ਧੰਨੁ = ਸਲਾਹੁਣ = ਜੋਗ। ਵਡ ਪੁਰਖੁ = ਮਹਾ ਪੁਰਖ। ਦਸੇ ਹਰਿ = ਦੱਸੇ ਹਰਿ, ਹਰੀ ਦੀ ਦੱਸ ਪਾਂਦਾ ਹੈ। ਸਾਬਾਸੇ = ਗੁਰੂ ਨੂੰ ਸ਼ਾਬਾਸ਼। ਵਡਭਾਗੀ = ਵੱਡੇ ਭਾਗਾਂ ਨਾਲ। ਨਾਮਿ = ਨਾਮ ਵਿਚ (ਜੁੜ ਕੇ) । ਵਿਗਾਸੇ = ਖਿੜ ਗਏ, ਆਤਮਕ ਆਨੰਦ ਨਾਲ ਭਰਪੂਰ ਹੋ ਗਏ।੧। ਅਰਥ: ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ। (ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ। ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ।੧। ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ {ਪੰਨਾ 776} ਪਦਅਰਥ: ਮੈ = ਮੈਨੂੰ। ਮਾਰਗੁ = ਰਸਤਾ। ਪੰਥੁ = ਰਸਤਾ। ਦਸਾਹਾ = ਦਸਾਹਾਂ, ਮੈਂ ਪੁੱਛਦੀ ਹਾਂ। ਘਰਿ = (ਹਿਰਦੇ-) ਘਰ ਵਿਚ। ਚਿਰੀ ਵਿਛੁੰਨਿਆ = ਚਿਰਾਂ ਦੇ ਵਿੱਛੁੜੇ ਹੋਏ। ਸਬਦਿ ਗੁਰੂ = ਗੁਰੂ ਦੇ ਸ਼ਬਦ ਦੀ ਰਾਹੀਂ। ਪ੍ਰਭ ਨਾਹਾ = ਹੇ ਪ੍ਰਭੂ ਖਸਮ! ਹਉ = ਹਉਂ, ਮੈਂ। ਖਰੀ = ਬਹੁਤ। ਉਡੀਣੀਆ = ਉਦਾਸ। ਮੀਨੁ = ਮੱਛੀ। ਨਾਮਿ = ਨਾਮ ਵਿਚ।੨। ਅਰਥ: ਹੇ ਸੰਤ ਜਨੋ! ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ, (ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ। ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ। ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ।੨। ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ {ਪੰਨਾ 776} ਪਦਅਰਥ: ਦਹ = ਦਸ। ਦਿਸਿ = ਪਾਸਾ, ਤਰਫ਼। ਦਹ ਦਿਸਿ = ਦਸੀਂ ਪਾਸੀਂ {ਪੂਰਬ, ਪੱਛਮ, ਉੱਤਰ, ਦੱਖਣ ਇਹ ਚਾਰ ਪਾਸੇ, ਚਾਰ ਨੁੱਕਰਾਂ, ਉੱਪਰ ਹੇਠਾਂ}। ਚਲਿ ਚਲਿ = ਦੌੜ ਦੌੜ ਕੇ। ਭਰਮਿਆ = ਭਟਕਦਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਮਨਿ = ਮਨ ਵਿਚ। ਚਿਤਵੈ = ਚਿਤਵਦਾ ਹੈ, ਚਿਤਾਰਦਾ ਹੈ। ਅਨਤਾ = ਅਨੰਤ, ਬੇਅੰਤ। ਧਰਿ = ਧਰਤੀ ਵਿਚ। ਫਿਰਿ = ਫਿਰ ਭੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ = ਜ਼ਹਿਰ। ਪਚਿ = {प्लुष् = To born} ਸੜ ਕੇ, ਖਿੱਝ ਕੇ। ਮੁਇਆ = ਆਤਮਕ ਮੌਤ ਸਹੇੜੀ ਰੱਖਦਾ ਹੈ।੩। ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ। (ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ। ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ। ਹੇ ਦਾਸ ਨਾਨਕ! ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ।੩। ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ {ਪੰਨਾ 776} ਪਦਅਰਥ: ਮੋਹਨੁ = ਮਨ ਨੂੰ ਖਿੱਚ ਪਾਣ ਵਾਲਾ, ਪਿਆਰਾ। ਪਾਇ ਕਰੇ = ਪਾਇ ਕਰਿ, ਪਾ ਕੇ, ਲੱਭ ਕੇ। ਪ੍ਰੇਮ ਬਾਣੀ = ਪ੍ਰੇਮ ਦੇ ਬਾਣਾਂ ਨਾਲ। ਮੇਰੈ ਹਿਰਦੈ = ਮੇਰੇ ਹਿਰਦੇ ਵਿਚ। ਸੁਧਿ ਬੁਧਿ = ਸੂਝ ਬੂਝ। ਮੈ ਅੰਤਰਿ = ਮੇਰੇ ਅੰਦਰ। ਵੇਦਨ = ਪੀੜ। ਸਾਧਾਰਿਆ = ਆਸਰੇ ਵਾਲਾ ਬਣ ਗਿਆ ਹੈ। ਪ੍ਰਭ = ਹੇ ਪ੍ਰਭੂ! ਵਾਰਿਆ = ਕੁਰਬਾਨ, ਸਦਕੇ।੪। ਅਰਥ: ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ, ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ। (ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ। ਹੇ ਦਾਸ ਨਾਨਕ! ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ।੪।੧।੫। ਸੂਹੀ ਛੰਤ ਮਹਲਾ ੪ ॥ ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ {ਪੰਨਾ 776} ਪਦਅਰਥ: ਮਾਰੇਹਿਸੁ = ਇਸ (ਹਉਮੈ) ਨੂੰ ਮਾਰ ਦਿਉ। ਵੇ ਜਨ = ਹੇ ਭਾਈ! ਬਿਖਿਆ = ਮਾਇਆ। ਜਿਨਿ = ਜਿਸ (ਮਾਇਆ) ਨੇ। ਦੇਹ = ਸਰੀਰ, ਕਾਂਇਆਂ। ਕੰਚਨ = ਸੋਨਾ। ਵੇ = ਹੇ ਭਾਈ! ਕੰਚਨ ਵੰਨੀਆ = ਸੋਨੇ ਦੇ ਰੰਗ ਵਾਲੀ, ਸੋਹਣੀ। ਇਨਿ ਹਉਮੈ = ਇਸ ਹਉਮੈ ਨੇ। ਮਾਰਿ = ਮਾਰ ਕੇ। ਵਿਗੁਤੀਆ = ਖ਼ੁਆਰ ਕਰ ਦਿੱਤੀ ਹੈ। ਇਨਿ ਮੂੜਿ ਮਨਮੁਖਿ = ਇਸ ਮੂਰਖ ਮਨਮੁਖ ਨੇ। ਮੂੜਿ = ਮੂਰਖ ਨੇ। ਮਨਮੁਖਿ = ਮਨ ਦੇ ਮੁਰੀਦ ਮਨੁੱਖ ਨੇ। ਸਜੁਤੀਆ = (ਆਪਣੇ ਆਪ ਨੂੰ ਕਾਲਖ ਨਾਲ) ਜੋੜਿਆ ਹੋਇਆ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ = (ਕਾਲਖ ਤੋਂ) ਬਚ ਜਾਂਦੇ ਹਨ। ਛੁਟੀਆ = ਮੁੱਕ ਜਾਂਦੀ ਹੈ, ਖ਼ਲਾਸੀ ਹੋ ਜਾਂਦੀ ਹੈ।੧। ਅਰਥ: ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ। ਹੇ ਭਾਈ! ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ। ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ। ਹੇ ਦਾਸ ਨਾਨਕ! ਆਖ-ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।੧। ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ {ਪੰਨਾ 776} ਪਦਅਰਥ: ਵਸਿ = ਵੱਸ ਵਿਚ। ਵਸਿ ਆਣਿਹੁ = (ਆਪਣੇ) ਵੱਸ ਵਿਚ ਲਿਆਓ। ਕਉ = ਨੂੰ। ਬਾਸਾ = ਬਾਸ਼ਾ, ਇਕ ਸ਼ਿਕਾਰੀ ਪੰਛੀ। ਜਿਉ = ਵਾਂਗ। ਦੁਖਿ = ਦੁੱਖ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਵਿਹਾਣੀਆ = ਲੰਘਦੀ ਹੈ। ਪਾਇਆ = ਮਿਲਾਪ ਪ੍ਰਾਪਤ ਕਰ ਲਿਆ। ਮਨਿ = ਮਨ ਵਿਚ। ਚਉਦਿਆ = ਉਚਾਰਦਿਆਂ, ਜਪਦਿਆਂ। ਪ੍ਰਭ = ਹੇ ਪ੍ਰਭੂ! ਛਡਿ = ਛੱਡ ਕੇ। ਸੁਖਿ = ਆਨੰਦ ਵਿਚ। ਸਉਦਿਆ = ਲੀਨ ਰਹਿੰਦਾ ਹੈ।੨। ਅਰਥ: ਹੇ ਭਾਈ! ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ। ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੍ਰਭੂ! ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।੨। ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥ ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥ {ਪੰਨਾ 776-777} ਪਦਅਰਥ: ਸਾਧਨ = ਜੀਵ = ਇਸਤ੍ਰੀ। ਚਿਤਿ = ਚਿੱਤ ਵਿਚ। ਰਾਮ ਰਾਜਿਆ = ਹੇ ਪ੍ਰਭੂ = ਪਾਤਿਸ਼ਾਹ! ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਸੇਜੜੀਐ = ਸੋਹਣੀ ਸੇਜ ਉੱਤੇ, (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ। ਠਾਕੁਰ = ਮਾਲਕ। ਅਗਮ = ਅਪਹੁੰਚ। ਦਇਆਲੁ = ਦਇਆ ਦਾ ਘਰ। ਕਰਿ = ਕਰ ਕੇ। ਮੇਰੈ ਮਨਿ = ਮੇਰੇ ਮਨ ਵਿਚ। ਮੇਰੈ ਤਨਿ = ਮੇਰੇ ਤਨ ਵਿਚ। ਲੋਚਾ = ਤਾਂਘ। ਗੁਰਮੁਖੇ = ਗੁਰੂ ਦੀ ਸਰਨ ਪੈ ਕੇ। ਸਰਧਾ ਸੇਜ = ਸਰਧਾ ਦੀ ਸੇਜ। ਪ੍ਰਭ ਭਾਣੀਆ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਪ੍ਰੇਮ ਵਿਚ (ਟਿਕੀ ਨੂੰ) ।੩। ਅਰਥ: ਹੇ ਭਾਈ! ਗੁਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੍ਰੀ (ਆਪਣੇ) ਚਿੱਤ ਵਿਚ (ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ। ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹੁੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ। ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ (ਤੇਰੇ ਮਿਲਾਪ ਦੀ) ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ। ਹੇ ਦਾਸ ਨਾਨਕ! ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਂਦਾ ਹੈਂ।੩। |
![]() |
![]() |
![]() |
![]() |
Sri Guru Granth Darpan, by Professor Sahib Singh |