ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 777

ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥ ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥ ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥ ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥ {ਪੰਨਾ 777}

ਪਦਅਰਥ: ਇਕਤੁ = {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ} ਇੱਕ ਉੱਤੇ ਹੀ। ਇਕਤੁ ਸੇਜੈ = ਇੱਕੋ ਹਿਰਦਾ = ਸੇਜ ਉੱਤੇ। ਹਰਿ ਪ੍ਰਭੋ = ਹਰਿ ਪ੍ਰਭੂ (ਵੱਸਦਾ ਹੈ। ਦਸੇ = ਦੱਸੇ, ਦੱਸ ਪਾਂਦਾ ਹੈ। ਮੇਲੇਈ = ਮਿਲਾ ਦੇਂਦਾ ਹੈ। ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਬੈਰਾਗੁ = ਤੀਬਰ ਤਾਂਘ। ਕਰੇਈ = ਕਰਦਾ ਹੈ। ਹਉ = ਹਉਂ, ਮੈਂ। ਵਿਟਹੁ = ਤੋਂ। ਘੋਲਿ ਘੁਮਾਇਆ = ਸਦਕੇ ਕੁਰਬਾਨ ਜਾਂਦਾ ਹਾਂ। ਜੀਉ = ਜਿੰਦ। ਦੇਈ = ਦੇਈਂ, ਮੈਂ ਦੇਂਦਾ ਹਾਂ। ਤੁਠਾ = ਪ੍ਰਸੰਨ ਹੋਇਆ ਹੋਇਆ। ਜੀਉ ਰਾਮ ਰਾਜਿਆ = ਹੇ ਪ੍ਰਭੂ = ਪਾਤਿਸ਼ਾਹ ਜੀ!੪।

ਨੋਟ: ਲਫ਼ਜ਼ 'ਰਾਮ ਰਾਜਿਆ' ਛੰਤ ਦੀ ਟੇਕ ਵਾਸਤੇ ਹੀ ਹੈ।

ਅਰਥ: ਹੇ ਭਾਈ! ਜੀਵ-ਇਸਤ੍ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੍ਰਭੂ (ਵੱਸਦਾ ਹੈ) , (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੍ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੍ਰੀ ਉੱਤੇ) ਗੁਰੂ ਮਿਹਰ ਕਰਦਾ ਹੈ, ਉਸ ਨੂੰ (ਪ੍ਰਭੂ ਨਾਲ) ਮਿਲਾਂਦਾ ਹੈ।

ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! ਆਖ-) ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।

ਅੰਕਾਂ ਦਾ ਵੇਰਵਾ:
ਮ: ੧ ----
ਮ: ੩ ----
ਮ: ੪ ----
 . . . . . . ---
 ਜੋੜ . . . . ੧੮

ਰਾਗੁ ਸੂਹੀ ਛੰਤ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥ {ਪੰਨਾ 777}

ਪਦਅਰਥ: ਬਾਵਰੇ = (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! ਕਾਏ = ਕਿਉਂ? ਦੇਖਿ = (ਇਸ ਮਾਇਆ ਨੂੰ) ਵੇਖ ਕੇ। ਭੁਲਾਨਾ = (ਜੀਵਨ = ਰਾਹ ਤੋਂ) ਖੁੰਝ ਗਿਆ ਹੈਂ। ਕੂੜਾ = ਝੂਠਾ, ਨਾਹ ਨਿਭ ਸਕਣ ਵਾਲਾ। ਕੁਸੰਭ ਰੰਗਾਨਾ = ਕਸੁੰਭੇ ਫੁੱਲ ਦੇ ਰੰਗ। ਕੂੜੀ = ਨਾਸਵੰਤ। ਡੇਖਿ = ਦੇਖ ਕੇ। ਅਢੁ = ਅੱਧੀ ਕੌਡੀ। ਥੀਵਹਿ = ਤੂੰ ਹੋ ਜਾਹਿਂਗਾ। ਲਾਲਾ = ਇਕ ਫੁੱਲ ਦਾ ਨਾਮ। ਚੀਨ੍ਹ੍ਹਿ = ਪਛਾਣ ਕੇ। ਮਿਥਿਆ = ਨਾਸਵੰਤ ਪਦਾਰਥ। ਮੋਹਿ = ਮੋਹ ਵਿਚ। ਮਗਨੁ = ਮਸਤ। ਸੰਗਿ = ਨਾਲ। ਦੀਨ = ਗ਼ਰੀਬੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਲਾਜ = ਇੱਜ਼ਤ।੧।

ਅਰਥ: (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ। ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ! ਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ। ਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ। ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ। ਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ।

ਹੇ ਨਾਨਕ! ਆਖ-) ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ) ੧।

ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥ ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥ ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥ ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥ ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥ {ਪੰਨਾ 777}

ਪਦਅਰਥ: ਸੇਵਿ = ਸੇਵਾ = ਭਗਤੀ ਕਰ। ਨਾਥੁ ਪਰਾਣਾ = ਪ੍ਰਾਣਾਂ ਦਾ ਨਾਥ, ਜਿੰਦ ਦਾ ਮਾਲਕ। ਤਿਸੁ ਜਾਣਾ = ਉਸ ਨੂੰ (ਇਥੋਂ) ਜਾਣਾ (ਭੀ ਪਏਗਾ) ਹਭ = ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ। ਨਿਹਚਲੁ = ਅਟੱਲ। ਵੈਸੀ = ਚਲੀ ਜਾਇਗੀ। ਪਰਦੇਸੀ = ਹੇ ਪਰਾਏ ਦੇਸ ਵਿਚ ਆਏ ਜੀਵ! ਸੰਗਿ = ਸੰਗਤਿ ਵਿਚ। ਮਿਲਿ ਰਹੀਐ = ਮਿਲ ਕੇ ਰਹਿਣਾ ਚਾਹੀਦਾ ਹੈ, (ਪ੍ਰਭੂ ਦੀ ਯਾਦ ਵਿਚ) ਮਿਲੇ ਰਹਿਣਾ ਚਾਹੀਦਾ ਹੈ। ਪਾਈਐ = ਮਿਲਦਾ ਹੈ। ਬੈਰਾਗੀ = (ਮਾਇਆ ਦੇ ਮੋਹ ਵਲੋਂ) ਉਪਰਾਮ (ਰਹਿ ਕੇ) ਗਹਿ = ਫੜ ਕੇ। ਰਹੀਐ = ਟਿਕੇ ਰਹਿਣਾ ਚਾਹੀਦਾ ਹੈ। ਦੀਜੈ = ਭੇਟ ਕਰ ਦੇਹ। ਸੰਕ = ਸ਼ੰਕਾ, ਝਿਝਕ। ਨ ਕੀਜੈ = ਨਹੀਂ ਕਰਨੀ ਚਾਹੀਦੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਾਣਾ = ਅਹੰਕਾਰ। ਭਵ = ਸੰਸਾਰ = ਸਮੁੰਦਰ। ਆਖਿ = ਆਖ ਕੇ। ਵਖਾਣਾ = ਮੈਂ ਦੱਸਾਂ।੨।

ਅਰਥ: ਹੇ ਬਾਵਰੇ! ਸੁਣ; ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ। ਹੇ ਝੱਲੇ! ਸੁਣ, (ਇਥੇ ਸਦਾ ਕਿਸੇ ਨਹੀਂ ਬੈਠ ਰਹਿਣਾ) ਜਿਹੜਾ (ਜੀਵ ਜਗਤ ਵਿਚ) ਆਇਆ ਹੈ ਉਸ ਨੂੰ (ਇਥੋਂ) ਜਾਣਾ ਭੀ ਪਏਗਾ।

ਹੇ ਪਰਾਏ ਦੇਸ ਵਿਚ ਆਏ ਜੀਵ! ਸੁਣ, (ਜਿਸ ਜਗਤ ਨੂੰ ਤੂੰ) ਅਟੱਲ (ਸਮਝ ਰਿਹਾ ਹੈਂ, ਇਹ) ਸਾਰੀ ਸ੍ਰਿਸ਼ਟੀ ਨਾਸ ਹੋ ਜਾਇਗੀ। ਹੇ ਪਰਦੇਸੀ! ਸਾਧ ਸੰਗਤਿ ਵਿਚ (ਟਿਕ ਕੇ) ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ। ਹੇ ਭਾਈ! ਸੁਣ, (ਮਾਇਆ ਦੇ ਮੋਹ ਵਲੋਂ) ਉਪਰਾਮ (ਹੋ ਕੇ ਹੀ) ਚੰਗੀ ਕਿਸਮਤ ਨਾਲ ਪ੍ਰਭੂ ਨੂੰ ਮਿਲ ਸਕੀਦਾ ਹੈ, (ਇਸ ਵਾਸਤੇ) ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ।

ਹੇ ਭਾਈ! ਇਹ ਮਨ ਗੁਰੂ ਦੇ ਹਵਾਲੇ ਕਰ, (ਇਸ ਵਿਚ ਰਤਾ ਭਰ ਭੀ) ਝਿਝਕਣਾ ਨਹੀਂ ਚਾਹੀਦਾ। ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।

ਹੇ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ (ਸਰਨ ਪਏ) ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦਾ ਹਾਂ?੨।

ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥ ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥ ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥ ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥ ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥ {ਪੰਨਾ 777}

ਪਦਅਰਥ: ਕਿਆ ਕੀਚੈ = ਨਹੀਂ ਕਰਨਾ ਚਾਹੀਦਾ। ਕੂੜਾ = ਝੂਠਾ। ਮਾਨੋ = ਅਹੰਕਾਰ। ਹਭੁ = ਸਾਰਾ। ਗਰਬੁ = ਮਾਣ। ਨਿਹਚਲੁ = ਅਟੱਲ। ਹਭ = ਸਾਰੀ ਸ੍ਰਿਸ਼ਟੀ। ਮਿਥਿਆ = ਝੂਠਾ। ਹੋਇ = ਬਣਿਆ ਰਹੁ। ਜੀਵਤ ਮਰੀਐ = ਜੇ ਜੀਊਂਦੇ ਮਰੇ ਰਹੀਏ, ਜੇ ਸਦਾ ਆਪਾ = ਭਾਵ ਦੂਰ ਕਰੀ ਰੱਖੀਏ। ਭਉਜਲੁ = ਸੰਸਾਰ = ਸਮੁੰਦਰ। ਥੀਵੈ = ਹੋਵੇ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਸੇਵੀਜੈ = ਸਰਨ ਪੈਣਾ ਚਾਹੀਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਜੈ = ਪੀਣਾ ਚਾਹੀਦਾ ਹੈ। ਲਾਵਹਿ = (ਹੇ ਪ੍ਰਭੂ!) ਤੂੰ ਜੋੜਦਾ ਹੈਂ। ਸਹਜਿ = ਆਤਮਕ ਅਡੋਲਤਾ ਵਿਚ। ਜਿਸੁ ਧਿਆਨੋ = ਜਿਸ ਦੀ ਸੁਰਤਿ। ਹਰਿ ਦੁਆਰੈ = ਹਰੀ ਦੇ ਦਰ ਤੇ। ਹਉ = ਮੈਂ, ਹਉਂ। ਸਦ = ਸਦਾ।੩।

ਅਰਥ: ਹੇ ਭਾਵਰੇ! ਨਾਸਵੰਤ ਪਦਾਰਥਾਂ ਦਾ) ਝੂਠਾ ਅਹੰਕਾਰ ਨਹੀਂ ਕਰਨਾ ਚਾਹੀਦਾ। ਹੇ ਬਾਵਰੇ! ਸੁਣ, (ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ) ਸਾਰਾ ਮਾਣ ਤੇ ਗੁਮਾਨ ਭੀ ਮੁੱਕ ਜਾਇਗਾ। ਹੇ ਭਾਈ! ਜਿਸ ਜਗਤ ਨੂੰ ਸਦਾ-ਥਿਰ ਸਮਝਦਾ ਹੈਂ, ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ, ਇਸ ਦਾ ਮਾਣ ਕਰਨਾ ਝੂਠਾ ਕਰਮ ਹੈ। (ਇਥੇ) ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ। ਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ,) ਜੇ (ਪਰਮਾਤਮਾ ਦੀ) ਮਿਹਰ ਨਾਲ (ਮੱਥੇ ਉਤੇ ਲੇਖ) ਲਿਖਿਆ ਹੋਇਆ ਹੋਵੇ। ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕੀਦਾ ਹੈ। (ਪਰ, ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ-ਅੰਮ੍ਰਿਤ ਪੀਂਦਾ ਹੈ,) ਜਿਸ ਦੀ ਸੁਰਤਿ ਤੂੰ ਆਤਮਕ ਅਡੋਲਤਾ ਵਿਚ ਟਿਕਾਂਦਾ ਹੈਂ।

ਹੇ ਹਰੀ! ਤੇਰਾ ਦਾਸ) ਨਾਨਕ ਤੇਰੇ ਦਰ ਤੇ ਤੇਰੀ ਸਰਨ ਆ ਪਿਆ ਹੈ। ਮੈਂ (ਤੈਥੋਂ) ਸਦਾ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।੩।

ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥ ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥ ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥ ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥ {ਪੰਨਾ 777}

ਪਦਅਰਥ: ਮਤੁ ਜਾਣਹਿ = ਮਤਾਂ ਤੂੰ ਇਹ ਖ਼ਿਆਲ ਕਰੇਂ। ਪਾਇਆ = ਲੱਭ ਲਿਆ ਹੈ। ਥੀਉ = ਹੋ ਜਾ। ਰੇਣੁ = ਚਰਨ = ਧੂੜ। ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ ਨੇ। ਪਾਈਐ = ਪ੍ਰਾਪਤ ਹੁੰਦਾ ਹੈ। ਸਦ = ਸਦਾ। ਆਪੁ = ਆਪਾ = ਭਾਵ। ਧਨੁ = {धन्य} ਸਲਾਹੁਣ = ਜੋਗ। ਭਾਗ ਸੁਧਾ = ਸੁੱਧ ਭਾਗ, ਚੰਗੇ ਭਾਗ। ਲਧਾ = ਲੱਧਾ, ਲੱਭ ਲਿਆ। ਹਮ = ਮੈਂ। ਆਪੁ = ਆਪਣਾ ਆਪ। ਪਹਿ = ਪਾਸ, ਕੋਲ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਅਪਨਾਇਆ = ਆਪਣੇ (ਸੇਵਕ) ਦੀ।੪।

ਅਰਥ: ਹੇ (ਮਾਇਆ ਦੇ ਮੋਹ ਵਿਚ) ਝੱਲੇ (ਹੋ ਰਹੇ) ਮਨੁੱਖ (ਜੋ ਕੁਝ ਮੈਂ ਕਹਿ ਰਿਹਾ ਹਾਂ, ਧਿਆਨ ਨਾਲ) ਸੁਣ। ਇਹ ਨਾਹ ਸਮਝ ਕਿ (ਮਾਇਆ ਦੇ ਮਾਣ ਵਿਚ ਰਹਿ ਕੇ ਭੀ) ਮੈਂ (ਭਾਵ, ਤੂੰ) ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਬਾਵਰੇ! ਸੁਣ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, (ਉਹਨਾਂ ਦੇ) ਚਰਨਾਂ ਦੀ ਧੂੜ ਬਣਿਆ ਰਹੁ (ਤਾਂ ਹੀ ਪ੍ਰਭੂ-ਮਿਲਾਪ ਹੁੰਦਾ ਹੈ)

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਵੱਡੇ ਭਾਗਾਂ ਨਾਲ (ਪਰਮਾਤਮਾ ਦਾ) ਦਰਸਨ ਹੁੰਦਾ ਹੈ। ਗਰੀਬੀ ਸੁਭਾਉ ਵਾਲਾ ਬਣਿਆ ਰਿਹਾ ਕਰ, (ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਤੋਂ) ਸਦਾ ਸਦਕੇ ਹੋਇਆ ਕਰ। ਹੇ ਭਾਈ! ਆਪਾ-ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ।

ਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਉਹ ਸਲਾਹੁਣ-ਜੋਗ ਹੋ ਗਿਆ, ਉਸ ਦੇ ਚੰਗੇ ਭਾਗ ਹੋ ਗਏ। ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੱਤਾ ਹੈ।

ਹੇ ਨਾਨਕ! ਆਖ-) ਹੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਮੈਂ ਤੇਰੀ ਸਰਨ ਆਇਆ ਹਾਂ) ਆਪਣੇ ਸੇਵਕ ਦੀ ਲਾਜ ਰੱਖ।੪।੧।

TOP OF PAGE

Sri Guru Granth Darpan, by Professor Sahib Singh