ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 778

ਸੂਹੀ ਮਹਲਾ ੫ ॥ ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ {ਪੰਨਾ 778}

ਪਦਅਰਥ: ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਟੇਕ = ਸਹਾਰਾ। ਸਤਿਗੁਰਿ = ਗੁਰੂ ਨੇ। ਤੁਸਿ ਕੈ = ਪ੍ਰਸੰਨ ਹੋ ਕੇ। ਬਲਿਰਾਮ ਜੀਉ = (ਮੈਂ) ਪ੍ਰਭੂ ਜੀ ਤੋਂ ਸਦਕੇ ਹਾਂ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਨਾਲ। ਭੰਡਾਰ = ਖ਼ਜ਼ਾਨੇ। ਸਭੁ ਕਿਛੁ = ਹਰੇਕ ਪਦਾਰਥ। ਘਰਿ ਤਿਸ ਕੈ = ਉਸ (ਪ੍ਰਭੂ) ਦੇ ਘਰ ਵਿਚ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਬਾਬੁਲੁ = ਪਿਤਾ = ਪ੍ਰਭੂ। ਸਮਰਥਾ = ਤਾਕਤਾਂ ਦਾ ਮਾਲਕ। ਕਰਣ ਕਾਰਣ ਹਾਰਾ = ਕਾਰਣ ਕਰਣਹਾਰਾ, ਹਰੇਕ ਸਬਬ ਬਣਾ ਸਕਣ ਵਾਲਾ। ਸਿਮਰਤ = ਸਿਮਰਦਿਆਂ। ਭਉਜਲੁ = ਸੰਸਾਰ = ਸਮੁੰਦਰ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਉਸਤਤਿ = ਵਡਿਆਈ। ਕਰਿ = ਕਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਹਾ ਰਸੁ = ਸਭ ਰਸਾਂ ਨਾਲੋਂ ਵੱਡਾ ਰਸ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}ਮਨਿ = ਮਨ ਨਾਲ। ਤਨਿ = ਤਨ ਨਾਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।੧।

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ। ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ। (ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ।੧।

ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥ ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥ ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥ {ਪੰਨਾ 778}

ਪਦਅਰਥ: ਆਪੇ = ਆਪ ਹੀ। ਥੀਵਈ = ਹੋ ਸਕਦਾ ਹੈ, ਥੀਵੈ। ਕਿਉ ਥੀਵਈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਕਾਰਨ ਉੱਡ ਗਿਆ ਹੈ}ਸਦ = ਸਦਾ। ਜੀਵਈ = ਜੀਵੈ, ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਤੁਝੈ ਤੇ = ਤੁਝ ਤੇ ਹੀ, ਤੇਰੇ ਪਾਸੋਂ ਹੀ। ਪਾਈ = ਮਿਲਦੀ ਹੈ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਰੈਨਿ = ਰਾਤ। ਸਫਲੁ = ਹਰੇਕ ਫਲ ਦੇਣ ਵਾਲਾ, ਹਰੇਕ ਮੁਰਾਦ ਪੂਰੀ ਕਰਨ ਵਾਲਾ। ਭੇਟਿਆ = ਮਿਲਿਆ। ਬਲਿਹਾਰੀ = ਕੁਰਬਾਨ।੨।

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ। ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ। ਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ। ਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ।੨।

ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥ ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥ ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥ {ਪੰਨਾ 778}

ਪਦਅਰਥ: ਸੰਮ੍ਹ੍ਹਲਿਆ = ਸੰਭਾਲਿਆ, ਮੱਲਿਆ। ਸਚੁ ਥਾਨੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ = ਦਰ। ਮਹਤੁ = ਮਹੱਤਤਾ, ਵਡਿਆਈ। ਸਚੁ = ਸਦਾ-ਥਿਰ ਹਰੀ। ਬਲਿ ਰਾਮ ਜੀਉ = ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਦਇਆਲੁ = ਦਇਆ ਦਾ ਘਰ। ਗਾਉ = ਗਾਇਆ ਕਰੋ। ਨਿਤ ਨਿਤ = ਸਦਾ ਹੀ। ਸੁਭ = ਭਲੇ। ਦਿਵਸ = ਦਿਹਾੜੇ। ਗਹਿ = ਫੜ ਕੇ। ਕੰਠਿ = ਗਲ ਨਾਲ। ਅੰਤਰਜਾਮੀਆ = ਸਭ ਦੇ ਦਿਲ ਦੀ ਜਾਣਨ ਵਾਲਾ। ਸਤੁ = ਉੱਚਾ ਆਚਰਨ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਵਜਹਿ ਵਾਜੇ = ਵਾਜੇ ਵੱਜਦੇ ਹਨ (ਜਿਵੇਂ ਕਿਤੇ ਵਾਜੇ ਵੱਜਦੇ ਹੋਣ ਤਾਂ ਉਥੇ ਸਾਧਾਰਨ ਆਵਾਜ਼ ਨਾਲ ਕੀਤੀ ਗੱਲ ਨਹੀਂ ਸੁਣੀ ਜਾਂਦੀ, ਤਿਵੇਂ ਹਿਰਦੇ ਵਿਚ ਵਿਕਾਰਾਂ ਦੀ ਪ੍ਰੇਰਨਾ ਨਹੀਂ ਸੁਣੀ ਜਾਂਦੀ) ਅਨਹਦਾ = ਇਕ-ਰਸ, ਲਗਾਤਾਰ। ਝੁਣਕਾਰੇ = ਮਿੱਠੀ ਸੁਰ। ਸੁਣਿ = ਸੁਣ ਕੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਕਰਣੈਹਾਰੇ = ਸਭ ਕੁਝ ਕਰਨ ਦੀ ਸਮਰਥਾ ਵਾਲੇ ਦੇ।੩।

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਪ੍ਰਭੂ ਦੀ ਮਿਹਰ ਨਾਲ ਜਿਸ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ।

ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ, (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ। (ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ।੩।

ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥ ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ {ਪੰਨਾ 778}

ਪਦਅਰਥ: ਉਪਜਿਆ = ਪੈਦਾ ਹੋ ਜਾਂਦਾ ਹੈ। ਤਤੁ = ਨਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ ਗਿਆਨੁ = ਆਤਮਕ ਜੀਵਨ ਦੀ ਅਸਲ ਸੂਝ। ਸਾਹੁਰੈ = ਪਰਲੋਕ ਵਿਚ। ਪੇਈਐ = ਇਸ ਲੋਕ ਵਿਚ, ਪੇਕੇ ਘਰ ਵਿਚ। ਬ੍ਰਹਮੈ ਬ੍ਰਹਮੁ ਮਿਲਿਆ = ਜੀਵਾਤਮਾ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ। ਭਿੰਨ = ਵੱਖਰਾ। ਬਿਸਮੁ = ਅਸਚਰਜ = ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ = ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ। ਜਿਸ ਤੇ = {ਸੰਬੰਧਕ 'ਤੇ', 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}ਮਾਹਿ = ਵਿਚ। ਚਲਤ = ਕੌਤਕ, ਚੋਜ = ਤਮਾਸ਼ੇ। ਨ ਜਾਹੀ ਲਖਣੇ = ਬਿਆਨ ਨਹੀਂ ਕੀਤੇ ਜਾ ਸਕਦੇ। ਤਿਸਹਿ = {ਤਿਸ ਹੀ} ਉਸ (ਪ੍ਰਭੂ) ਨੂੰ ਹੀ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ।੪।

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ। ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ। (ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ)

ਹੇ ਨਾਨਕ! ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ, (ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ, ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ, (ਕਿਉਂਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ।੪।੨।

ਰਾਗੁ ਸੂਹੀ ਛੰਤ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਗੋਬਿੰਦ ਗੁਣ ਗਾਵਣ ਲਾਗੇ ॥ ਹਰਿ ਰੰਗਿ ਅਨਦਿਨੁ ਜਾਗੇ ॥ ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥ ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥ ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥ {ਪੰਨਾ 778}

ਪਦਅਰਥ: ਰੰਗਿ = ਪ੍ਰੇਮ = ਰੰਗ ਵਿਚ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਸੰਤ = ਗੁਰੂ। ਭਰਮ = ਭਟਕਣਾ। ਸਗਲ = ਸਾਰੇ। ਸੁਣਿ = ਸੁਣ ਕੇ। ਸ੍ਰਵਨ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ। ਜਪਿ = ਜਪ ਕੇ। ਵਡ ਭਾਗੈ = ਵੱਡੀ ਕਿਸਮਤ ਨਾਲ। ਜੀਉ = ਜਿੰਦ। ਪਿੰਡੁ = ਸਰੀਰ।੧।

ਅਰਥ: ਹੇ ਭਾਈ! ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ।

ਨਾਨਕ ਬੇਨਤੀ ਕਰਦਾ ਹੈ-ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ, ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ੧।

ਅਨਹਤ ਸਬਦੁ ਸੁਹਾਵਾ ॥ ਸਚੁ ਮੰਗਲੁ ਹਰਿ ਜਸੁ ਗਾਵਾ ॥ ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥ ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥ ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥ ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥ {ਪੰਨਾ 778-779}

ਪਦਅਰਥ: ਅਨਹਤ = ਇਕ-ਰਸ, ਲਗਾਤਾਰ, ਹਰ ਵੇਲੇ। ਸੁਹਾਵਾ = (ਕੰਨਾਂ ਨੂੰ) ਸੁਖ ਦੇਣ ਵਾਲਾ। ਸਚੁ = ਸਦਾ-ਥਿਰ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਜਸੁ = ਸਿਫ਼ਤਿ-ਸਾਲਾਹ। ਗਾਵਾ = (ਜਿਨ੍ਹਾਂ ਨੇ) ਗਾਇਆ। ਗਾਇ = ਗਾ ਕੇ। ਰਹਸੁ = ਖ਼ੁਸ਼ੀ। ਮਨਿ = ਮਨ ਵਿਚ। ਘਣਾ = ਬਹੁਤ। ਤੰਨੁ = ਤਨ {ਪਾਠ ਵਿਚ ਇਕ ਮਾਤ੍ਰਾ ਵਧਾਣ ਲਈ ਲਫ਼ਜ਼ 'ਤਨੁ' ਤੋਂ 'ਤੰਨੁ'}ਦੇਖਿ = ਵੇਖ ਕੇ। ਮੁਖਿ = ਮੂੰਹ ਨਾਲ। ਭਣਾ = (ਜਿਨ੍ਹਾਂ ਨੇ) ਉਚਾਰਿਆ। ਪ੍ਰਭ ਭਾਵਾ = ਪ੍ਰਭੂ ਨੂੰ ਪਿਆਰੇ ਲੱਗੇ। ਗਾਵਾ = ਮੈਂ ਗਾਂਦਾ ਰਹਾਂ, ਗਾਵਾਂ। ਰੇਣ = ਚਰਨ = ਧੂੜ। ਸਾਧੂ = ਗੁਰੂ।੨।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ, ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ। ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ। ਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ। ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ।

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ।੨।

TOP OF PAGE

Sri Guru Granth Darpan, by Professor Sahib Singh