ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 780 ਸੂਹੀ ਮਹਲਾ ੫ ॥ ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ {ਪੰਨਾ 780} ਪਦਅਰਥ: ਨ ਜਾਣਾ = ਨਾ ਜਾਣਾਂ, ਮੈਂ ਨਹੀਂ ਜਾਣਦਾ। ਸੁਤ = ਪੁੱਤਰ। ਬੰਧਪ = ਸਨਬੰਧੀ। ਜੀਅ = ਜਿੰਦ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਪਰਮਾਤਮਾ) ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਰਬ = ਸਭ ਜੀਵਾਂ ਵਿਚ। ਤਾ ਕੀ = ਉਸ ਪ੍ਰਭੂ ਦੀ। ਕਲਿਆਣਾ = ਸੁਖ, ਆਨੰਦ। ਕਉ = ਨੂੰ, ਤੋਂ। ਸਦ = ਸਦਾ।੧। ਅਰਥ: ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ) । ਹੇ ਭਾਈ! ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ) । ਹੇ ਭਾਈ! ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ। (ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ। ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ। ਹੇ ਨਾਨਕ! ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ।੧। ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥ ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥ ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥ ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥ ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥ ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥ {ਪੰਨਾ 780} ਪਦਅਰਥ: ਵਡਭਾਗੀ = ਵੱਡੇ ਭਾਗਾਂ ਨਾਲ। ਪਾਈਐ = ਮਿਲਦਾ ਹੈ। ਜਿਤੁ = ਜਿਸ ਦੀ ਰਾਹੀਂ। ਜਿਤੁ ਮਿਲਿਐ = ਜਿਸ (ਗੁਰੂ) ਦੇ ਮਿਲਿਆਂ। ਜਾਪੈ = ਸਮਝ ਵਿਚ ਆ ਜਾਂਦਾ ਹੈ। ਕਿਲਵਿਖ = ਪਾਪ (ਸਾਰੇ) । ਉਤਰਹਿ = ਲਹਿ ਜਾਂਦੇ ਹਨ {ਬਹੁ-ਵਚਨ}। ਨਾਪੈ = ਇਸ਼ਨਾਨ ਹੁੰਦਾ ਰਹਿੰਦਾ ਹੈ। ਨਾਈਐ = ਇਸ਼ਨਾਨ ਕਰ ਸਕੀਦਾ ਹੈ। ਧਿਆਈਐ = ਸਿਮਰਿਆ ਜਾ ਸਕਦਾ ਹੈ। ਬਾਹੁੜਿ = ਮੁੜ। ਲਾਗੇ = ਲਾਗਿ, ਲੱਗ ਕੇ। ਮਨਿ ਚਿੰਦਿਆ = ਮਨ ਵਿਚ ਚਿਤਾਰਿਆ ਹੋਇਆ। ਸੋਗੁ = ਗ਼ਮ। ਸੰਤਾਪੈ = ਦੁੱਖ = ਕਲੇਸ਼। ਜੀਅ = ਜਿੰਦ, ਆਤਮਕ ਜੀਵਨ।੨। ਅਰਥ: ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ, ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ। (ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ। ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ।੨। ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥ ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥ ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥ ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥ {ਪੰਨਾ 780} ਪਦਅਰਥ: ਗੁਣਨਿਧੇ = ਗੁਣਾਂ ਦਾ ਖ਼ਜ਼ਾਨਾ। ਕੈ ਵਸਿ = ਦੇ ਵੱਸ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਆਪੁ = ਆਪਾ = ਭਾਵ। ਸਫਲ = ਕਾਮਯਾਬ। ਭਉ = (ਹਰੇਕ) ਡਰ। ਭੇਟਿਆ = ਮਿਲਿਆ। ਮੁਰਾਰੀ = {ਮੁਰ = ਅਰਿ। ਅਰਿ = ਵੈਰੀ} ਪਰਮਾਤਮਾ। ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਾ = ਸੀ, ਪੈਦਾ ਕੀਤਾ ਸੀ। ਤਿਨ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਤਿਨਿ ਹੀ, ਉਸ ਨੇ ਹੀ। ਨਾਮੁ ਨਿਰੰਜਨ = ਨਿਰੰਜਨ ਦਾ ਨਾਮ। ਨਿਰੰਜਨ = {ਨਿਰ = ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਮਿਲਿ = ਮਿਲ ਕੇ।੩। ਅਰਥ: ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ। ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ। ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ। ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ। ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ। ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ।੩। ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥ ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥ ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥ ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥ ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥ {ਪੰਨਾ 780} ਪਦਅਰਥ: ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਸਿਫ਼ਤਿ-ਸਾਲਾਹ ਦਾ ਗੀਤ। ਹਰਿ ਜਨਹੁ = ਹੇ ਸੰਤ ਜਨੋ! ਪੁੰਨੀ = ਪੂਰੀ ਹੋ ਜਾਂਦੀ ਹੈ। ਇਛ = ਇੱਛਾ, ਲੋੜ। ਸਬਾਈ = ਸਾਰੀ। ਰੰਗਿ = ਪ੍ਰੇਮ = ਰੰਗ ਵਿਚ। ਸੇਤੀ = ਨਾਲ। ਨ ਆਵੈ ਜਾਈ = (ਜੋ) ਜੰਮਦਾ ਮਰਦਾ ਨਹੀਂ। ਅਬਿਨਾਸੀ = ਨਾਸ = ਰਹਿਤ। ਸਗਲ = ਸਾਰੇ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਪੂਰਿ ਰਹਿਆ = ਵਿਆਪਕ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਨ ਵਿਚ। ਸਾਈ = ਉਹ (ਪ੍ਰਭੂ) ਹੀ। ਲਾਈ = ਲਾਇ, ਲਾ ਕੇ।੪। ਅਰਥ: ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ। ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ। ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ, (ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।੪।੨।੫। ਸੂਹੀ ਮਹਲਾ ੫ ॥ ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥ ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥ ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥ ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥ ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥ {ਪੰਨਾ 780} ਪਦਅਰਥ: ਪ੍ਰੀਤਮ = ਹੇ ਪ੍ਰੀਤਮ! ਦੇਖਹਿ = ਵੇਖਦੇ ਰਹਿਣ। ਜਿਹਵਾ = ਜੀਭ। ਪਿਆਰੇ = ਹੇ ਪਿਆਰੇ! ਆਰਾਧੇ = ਜਪਦਾ ਰਹੇ। ਜਮ ਪੰਥੁ = ਜਮਰਾਜ ਦਾ ਰਸਤਾ। ਸਾਧੇ = ਜਿੱਤ ਲਏ। ਨ ਵਿਆਪੈ = ਜ਼ੋਰ ਨ ਪਾ ਸਕੇ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਤ = ਜਿੱਧਰ। ਦੇਖਾ = ਦੇਖਾਂ, ਮੈਂ ਵੇਖਾਂ। ਤਤ = ਉਧਰ।੧। ਅਰਥ: ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ। ਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ। (ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ। ਹੇ ਭਾਈ! ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ। ਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ।੧। |
![]() |
![]() |
![]() |
![]() |
Sri Guru Granth Darpan, by Professor Sahib Singh |