ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 781

ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥ ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥ ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥ ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥ ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥ ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥ {ਪੰਨਾ 781}

ਪਦਅਰਥ: ਕੋਟਿ ਕਰਨ = ਕ੍ਰੋੜਾਂ ਕੰਨ। ਦੀਜਹਿ = ਦਿੱਤੇ ਜਾਣ। ਪ੍ਰਭ = ਹੇ ਪ੍ਰਭੂ! ਸੁਣੀਅਹਿ = ਸੁਣੇ ਜਾ ਸਕਣ। ਸੁਣਿ = ਸੁਣ ਕੇ। ਨਿਰਮਲੁ = ਪਵਿੱਤਰ। ਕਟੀਐ = ਕੱਟੀ ਜਾਏ। ਸਿਮਰਿ = ਸਿਮਰ ਕੇ। ਮੰਗਲ = ਖ਼ੁਸ਼ੀ। ਸੁਗਿਆਨਾ = ਆਤਮਕ ਜੀਵਨ ਦੀ ਚੰਗੀ ਸੂਝ। ਜਪੀਐ = ਜਪਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਕਲਮਲ = ਪਾਪ। ਜਾਰੇ = ਸਾੜੇ ਜਾਂਦੇ ਹਨ। ਚਿਤਾਰੇ = ਚਿੱਤ ਵਿਚ ਵਸਾ ਕੇ। ਦੁਰਮਤਿ = ਖੋਟੀ ਮਤਿ। ਪ੍ਰਭ = ਹੇ ਪ੍ਰਭੂ!੨।

ਅਰਥ: ਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।

ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ। ਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤਿ ਟਿਕੀ ਰਹਿੰਦੀ ਹੈ। ਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।

ਹੇ ਨਾਨਕ! ਆਖ-ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ।੨।

ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥ ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥ ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥ ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥ ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥ {ਪੰਨਾ 781}

ਪਦਅਰਥ: ਹਸਤ = {हस्त} ਹੱਥ। ਕਮਾਵਹਿ = ਕਮਾ ਰਹੇ ਹਨ, ਕਰ ਰਹੇ ਹਨ। ਚਲਹਿ = ਤੁਰ ਰਹੇ ਹਨ। ਮਾਰਗਿ = ਰਸਤੇ ਉੱਤੇ। ਭਵ ਸਾਗਰ = ਸੰਸਾਰ = ਸਮੁੰਦਰ। ਨਾਵ = ਬੇੜੀ। ਸੇਵਾ = ਭਗਤੀ। ਤਿਸੁ = ਉਸ ਨੂੰ। ਤਾਰਗਿ = ਪਾਰ ਲੰਘਾ ਦੇਵੇਗੀ। ਭਵਜਲੁ = ਸੰਸਾਰ = ਸਮੁੰਦਰ। ਸਗਲੇ = ਸਾਰੇ। ਮਨੋਰਥ = ਮੁਰਾਦਾਂ। ਬਾਜੇ = ਵੱਜ ਪਏ। ਅਨਹਦ = ਇਕ-ਰਸ। ਤੂਰੇ = ਵਾਜੇ, ਨਰਸਿੰਘੇ। ਮਨ = ਬਾਂਛਤ = ਮਨ = ਮੰਗੇ। ਕੀਮ = ਕੀਮਤ। ਅਪਾਰਗਿ = ਅਪਾਰ, ਬੇਅੰਤ। ਪ੍ਰਭ = ਹੇ ਪ੍ਰਭੂ! ਤੇਰੈ ਮਾਰਗਿ = ਤੇਰੇ ਰਾਹ ਉਤੇ।੩।

ਅਰਥ: ਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ।

ਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ। (ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ। (ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਹੇ ਨਾਨਕ! ਆਖ-ਹੇ ਪ੍ਰਭੂ! ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ।੩।

ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥ ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥ ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥ ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥ {ਪੰਨਾ 781}

ਪਦਅਰਥ: ਏਹੋ = ਇਹ ਹੀ। ਵਰੁ = ਬਖ਼ਸ਼ੀਸ਼। ਵਡ ਭਾਗਾ = ਵੱਡੀ ਕਿਸਮਤ। ਰਸ = ਸੁਆਦਲੇ ਪਦਾਰਥ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਕਰਣ = ਜਗਤ। ਠਾਕੁਰ = ਹੇ ਠਾਕੁਰ! ਦੀਨ ਦਇਆਲਾ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮੋਹਿ ਨਿਰਗੁਣ ਮਨੁ = ਮੈਂ ਗੁਣ-ਹੀਨ ਦਾ ਮਨ। ਪ੍ਰੀਤਮ = ਹੇ ਪ੍ਰੀਤਮ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਪ੍ਰਭ = ਹੇ ਪ੍ਰਭੂ!੪।

ਅਰਥ: ਹੇ ਭਾਈ! ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ, (ਜਿਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜੋ ਮਨੁੱਖ ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ, ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ, ਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ।

ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤਿ (ਅਸੀ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ। ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ।

ਹੇ ਨਾਨਕ! ਆਖ-ਹੇ ਪ੍ਰਭੂ! ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ।੪।੩।੬।

ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ {ਪੰਨਾ 781}

ਪਦਅਰਥ: ਹਰਿ ਜਪੇ = ਹਰੀ ਦਾ ਨਾਮ ਜਪਣ ਲਈ। ਮੰਦਰੁ = ਘਰ। ਹਰਿ ਸਾਜਿਆ = ਹਰੀ ਨੇ ਬਣਾਇਆ ਹੈ। ਗਾਵਹਿ = ਗਾਂਦੇ ਹਨ। ਸਿਮਰਿ = ਸਿਮਰ ਕੇ। ਸਗਲੇ = ਸਾਰੇ। ਤਜਾਵਹਿ = ਦੂਰ ਕਰਾ ਲੈਂਦੇ ਹਨ। ਗਾਇ = ਗਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਕਥਾ। ਕਥਾ = ਸਿਫ਼ਤਿ-ਸਾਲਾਹ। ਕਥੀ = (ਸੰਤ ਜਨਾਂ ਨੇ) ਬਿਆਨ ਕੀਤੀ। ਅਕਥ = ਅ = ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਭਲਾ = ਸ਼ੁਭ। ਸੰਜੋਗੁ = ਮਿਲਾਪ (ਦਾ ਸਮਾ) ਮੂਰਤੁ = ਮੁਹੂਰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਅਬਿਚਲ = ਨਾਹ ਹਿੱਲਣ ਵਾਲੀ। ਨੀਵ = ਨੀਂਹ। ਅਬਿਚਲ ਨੀਵ = ਕਦੇ ਨਾਹ ਹਿੱਲਣ ਵਾਲੀ ਨੀਂਹ, ਬਹੁਤ ਹੀ ਪੱਕੀ ਨੀਂਹ, ਸਿਫ਼ਤਿ-ਸਾਲਾਹ ਦੀ ਪੱਕੀ ਨੀਂਹ। ਕਲਾ = ਸੱਤਾ, ਤਾਕਤ।੧।

ਅਰਥ: ਹੇ ਭਾਈ! ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।

ਹੇ ਭਾਈ! ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ। (ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਹੇ ਦਾਸ ਨਾਨਕ! ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ (ਤੇ, ਜਿਸ ਦੇ ਅੰਦਰ ਇਹ ਨੀਂਹ ਰੱਖੀ ਜਾਂਦੀ ਹੈ, ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ।

ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥ ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥ ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥ ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥ ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥ {ਪੰਨਾ 781}

ਪਦਅਰਥ: ਨਿਤ = ਸਦਾ। ਵਜਹਿ = ਵੱਜਦੇ ਰਹਿੰਦੇ ਹਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠਾ = ਆ ਵੱਸਦਾ ਹੈ। ਗੁਰਮੁਖੇ = ਗੁਰੂ ਦੇ ਸਨਮੁਖ ਰਹਿ ਕੇ। ਸਚੁ = ਸਦਾ-ਥਿਰ ਹਰਿ = ਨਾਮ ਦਾ ਸਿਮਰਨ। ਸਾਰੀ = ਸ਼੍ਰੇਸ਼ਟ। ਕਰਣੀ = ਕਰਤੱਬ। ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}ਅਨਹਦ = ਇਕ-ਰਸ। ਵਖਾਣੀ = ਉਚਾਰੀ, ਉਚਾਰਦਾ ਹੈ। ਜਸੁ = ਸਿਫ਼ਤਿ-ਸਾਲਾਹ। ਸੁਣਿ = ਸੁਣ ਕੇ। ਹਰਿਆ = ਹਰਾ = ਭਰਾ, ਆਤਮਕ ਜੀਵਨ ਵਾਲਾ। ਤਿਸ ਹੀ = {ਕ੍ਰਿਆ = ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਪ੍ਰਭਿ = ਪ੍ਰਭੂ ਨੇ। ਨਵ ਨਿਧਿ = ਨੌ ਖ਼ਜ਼ਾਨੇ, ਧਰਤੀ ਦੇ ਸਾਰੇ ਖ਼ਜ਼ਾਨੇ। ਨਾਮਿ = ਨਾਮ ਵਿਚ। ਰੰਗੁ = ਪਿਆਰ। ਜਾ ਕੇ = ਜਿਸ ਜਨ ਦੇ।੨।

ਅਰਥ: ਹੇ ਭਾਈ! ਸਿਫ਼ਤਿ-ਸਾਲਾਹ ਦੀ 'ਅਬਿਚਲ ਨੀਵ' ਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ, (ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾ) ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।

ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ।੨।

ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥ ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥ {ਪੰਨਾ 781-782}

ਪਦਅਰਥ: ਛਾਇਆ = ਛਾਂ। ਪ੍ਰਭਿ = ਪ੍ਰਭੂ ਨੇ। ਛਤ੍ਰਪਤਿ = ਪਾਤਿਸ਼ਾਹ। ਪ੍ਰਭਿ ਛਤ੍ਰਪਤਿ = ਪ੍ਰਭੂ ਪਾਤਿਸ਼ਾਹ ਨੇ। ਸਗਲੀ = ਸਾਰੀ। ਤਪਤਿ = ਤਪਸ਼, ਸੜਨ। ਢਾਠਾ = ਢਹਿ ਗਿਆ। ਕਾਰਜੁ = ਜੀਵਨ = ਮਨੋਰਥ। ਆਇਆ ਰਾਸੀ = ਕਾਮਯਾਬ ਹੋ ਗਿਆ। ਸਾਚੁ ਧਰਮੁ = ਸਦਾ-ਥਿਰ ਹਰਿ = ਨਾਮ ਸਿਮਰਨ (ਵਾਲਾ) ਧਰਮ। ਸਾਚੁ ਪੁੰਨੁ = ਸਦਾ-ਥਿਰ ਹਰਿ = ਨਾਮ ਸਿਮਰਨ (ਵਾਲਾ) ਨੇਕ ਕਰਮ। ਫਲਿਆ = ਵਧਣਾ ਸ਼ੁਰੂ ਹੋਇਆ।

ਧਿਆਈਐ = ਸਿਮਰਨਾ ਚਾਹੀਦਾ ਹੈ। ਸੋਵਤ ਬੈਸਤ ਖਲਿਆ = ਸੁੱਤਿਆਂ, ਬੈਠਿਆਂ, ਖਲੋਤਿਆਂ। ਨਿਧਾਨ = ਖ਼ਜ਼ਾਨਾ। ਸਾਗਰੁ = ਸਮੁੰਦਰ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।੩।

ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ, (ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ। ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।

ਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਦਾਸ ਨਾਨਕ! (ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰ) ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ) , ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ।੩।

TOP OF PAGE

Sri Guru Granth Darpan, by Professor Sahib Singh