ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 782

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥ ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥ ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥ ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥ ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥ {ਪੰਨਾ 782}

ਪਦਅਰਥ: ਘਰੁ = (ਸਰੀਰ-) ਘਰ। ਬਨਿਆ = ਸੋਹਣਾ ਬਣ ਗਿਆ ਹੈ। ਬਨੁ = ਬਾਗ਼ (ਸਰੀਰ) ਤਾਲੁ = (ਹਿਰਦਾ-) ਤਾਲਾਬ। ਪ੍ਰਭ ਪਰਸੇ = ਜਦੋਂ ਪ੍ਰਭੂ (ਦੇ ਚਰਨ) ਛੋਹੇ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਸੋਹਿਆ = ਸੋਹਣਾ ਬਣ ਗਿਆ। ਮੀਤ ਸਾਜਨ = ਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨ = ਇੰਦ੍ਰੇ। ਸਰਸੇ = ਆਤਮਕ ਰਸ ਵਾਲੇ ਹੋ ਗਏ ਹਨ, ਆਤਮਕ ਜੀਵਨ ਵਾਲੇ ਬਣ ਗਏ ਹਨ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ।

ਗਾਇ = ਗਾ ਕੇ। ਧਿਆਇ = ਸਿਮਰ ਕੇ। ਸਾਚਾ = ਸਦਾ-ਥਿਰ ਪ੍ਰਭੂ। ਸਗਲ = ਸਾਰੀਆਂ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ। ਮਨਿ = ਮਨ ਵਿਚ। ਵਜੀਆ ਵਾਧਾਈਆ = ਉਤਸ਼ਾਹ ਬਣਿਆ ਰਹਿਣ ਲੱਗ ਪਿਆ। ਕਰੀ = ਕੀਤੀ। ਨਦਰਿ = ਮਿਹਰ ਦੀ ਨਿਗਾਹ। ਸੁਖਹ ਗਾਮੀ = ਸੁਖ ਅਪੜਾਣ ਵਾਲੇ ਨੇ। ਹਲਤੁ = ਇਹ ਲੋਕ। ਪਲਤੁ = ਪਰਲੋਕ। ਜਪੀਐ = ਜਪਣਾ ਚਾਹੀਦਾ ਹੈ। ਜਿਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ।੪।

ਅਰਥ: ਹੇ ਭਾਈ! ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ (ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।

ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।

ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ। ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ।੪।੪।੭।

ਸੂਹੀ ਮਹਲਾ ੫ ॥ ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥ ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥ ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥ ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥ ਦੂਖ ਨ ਭੂਖ ਨ ਰੋਗੁ ਨ ਬਿਆਪੈ ਸੁਖ ਸਾਗਰ ਸਰਣੀ ਪਾਏ ॥ ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ ਮਨ ਕੀ ਚਿੰਤ ਮਿਟਾਏ ॥੧॥ {ਪੰਨਾ 782}

ਪਦਅਰਥ: ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭੈ ਸਾਗਰ = ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ = ਸਮੁੰਦਰ। ਧਿਆਏ = ਧਿਆਏ, ਸਿਮਰ ਕੇ। ਬੋਹਿਥੜਾ = ਸੋਹਣਾ ਜਹਾਜ਼। ਮਿਲਿ = ਗੁਰੂ ਨੂੰ ਮਿਲ ਕੇ।

ਤਰੀਐ = ਪਾਰ ਲੰਘ ਜਾਈਦਾ ਹੈ। ਬਹੁੜਿ = ਮੁੜ। ਨ ਮਰੀਐ = ਆਤਮਕ ਮੌਤ ਨਹੀਂ ਸਹੇੜੀਦੀ। ਚੂਕੈ = ਮੁੱਕ ਜਾਂਦਾ ਹੈ। ਕਰੈ = (ਪਰਮਾਤਮਾ) ਕਰਦਾ ਹੈ। ਭਲ = ਚੰਗਾ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਤਾ = ਤਦੋਂ। ਸਹਜਿ = ਆਤਮਕ ਅਡੋਲਤਾ ਵਿਚ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸੁਖ ਸਾਗਰ ਸਰਣੀ = ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ। ਰੰਗਿ = ਪ੍ਰੇਮ = ਰੰਗ ਵਿਚ।੧।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਅਨੇਕਾਂ ਡਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ। ਪਰਮਾਤਮਾ ਦੇ ਚਰਨ ਸੋਹਣਾ ਜਹਾਜ਼ ਹਨ, (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਹਰਿ-ਚਰਨਾਂ ਦਾ ਆਰਾਧਨ ਕਰਦਾ ਹੈ, (ਗੁਰੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਗੁਰੂ ਦੇ ਸ਼ਬਦ ਦੇ ਪਰਤਾਪ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, ਮੁੜ ਮੁੜ ਆਤਮਕ ਮੌਤ ਨਹੀਂ ਸਹੇੜੀਦੀ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮੈਂ ਉਸ ਨੂੰ ਭਲਾ ਮੰਨਦਾ ਹਾਂ। (ਜਦੋਂ ਇਹ ਰਸਤਾ ਫੜਿਆ ਜਾਏ) ਤਦੋਂ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।

ਹੇ ਭਾਈ! ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਰਨ ਪਿਆਂ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ (ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਦੀ ਹਰੇਕ ਚਿੰਤਾ ਮਿਟਾ ਲੈਂਦਾ ਹੈ।੧।

ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ ॥ ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥ ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥ ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ ॥ ਸਾ ਵਡਭਾਗਣਿ ਸਦਾ ਸੋਹਾਗਣਿ ਰਾਮ ਨਾਮ ਗੁਣ ਚੀਨ੍ਹ੍ਹੇ ॥ ਕਹੁ ਨਾਨਕ ਰਵਹਿ ਰੰਗਿ ਰਾਤੇ ਪ੍ਰੇਮ ਮਹਾ ਰਸਿ ਭੀਨੇ ॥੨॥ {ਪੰਨਾ 782}

ਪਦਅਰਥ: ਹਰਿ ਮੰਤ੍ਰੁ = ਹਰਿ = ਨਾਮ ਮੰਤ੍ਰ। ਦ੍ਰਿੜਾਇਆ = (ਜਿਸ ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦਿੱਤਾ। ਵਸਗਤਿ = ਵੱਸ ਵਿਚ। ਆਗੈ ਧਰਿਆ = ਹਵਾਲੇ ਕਰ ਦਿੱਤਾ। ਸਰਬਸੁ = {सर्वस्व। स्व = ਧਨ} ਸਭ ਕੁਝ। ਠਾਕੁਰਿ = ਠਾਕੁਰ ਨੇ।

ਕਰਿ = ਕਰੀ, ਕਰ ਲਈ, ਬਣਾ ਲਈ। ਉਦਾਸੀ = ਬਾਹਰ ਭਟਕਦੇ ਫਿਰਨਾ। ਹਰਿ ਮੰਦਰਿ = ਹਰੀ ਦੇ ਬਣਾਏ (ਸਰੀਰ-) ਘਰ ਵਿਚ। ਥਿਤਿ = ਪੱਕਾ ਟਿਕਾਣਾ। ਅਨਦ ਬਿਨੋਦ = ਆਨੰਦ ਖ਼ੁਸ਼ੀਆਂ। ਸਾਚਾ = ਸਦਾ ਕਾਇਮ ਰਹਿਣ ਵਾਲਾ।

ਸਾ = ਉਹ ਜੀਵ = ਇਸਤ੍ਰੀ। ਵਡਭਾਗਣਿ = ਵੱਡੇ ਭਾਗਾਂ ਵਾਲੀ। ਸੁਹਾਗਣਿ = ਸੁਹਾਗ ਵਾਲੀ, ਖਸਮ ਵਾਲੀ। ਚੀਨ੍ਹ੍ਹੇ = ਪਛਾਣੇ, ਸਾਂਝ ਪਾਈ। ਨਾਨਕ = ਹੇ ਨਾਨਕ! ਰਵਹਿ = (ਜਿਹੜੇ ਮਨੁੱਖ ਹਰਿ = ਨਾਮ) ਸਿਮਰਦੇ ਹਨ। ਰੰਗਿ ਰਾਤੇ = ਪਿਆਰ = ਰੰਗ ਵਿਚ ਰੰਗੇ ਹੋਏ। ਪ੍ਰੇਮ ਰਸਿ = ਪ੍ਰੇਮ ਦੇ ਸੁਆਦ ਵਿਚ। ਭੀਨੇ = ਭਿੱਜੇ ਰਹਿੰਦੇ ਹਨ।੨।

ਅਰਥ: ਹੇ ਭਾਈ! ਸੰਤ ਜਨਾਂ ਨੇ (ਜਿਸ ਜੀਵ-ਇਸਤ੍ਰੀ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ-ਮੰਤ੍ਰ ਪੱਕਾ ਕਰ ਦਿੱਤਾ, ਪ੍ਰਭੂ ਜੀ ਉਸ ਜੀਵ-ਇਸਤ੍ਰੀ ਦੇ ਪ੍ਰੇਮ-ਵੱਸ ਹੋ ਗਏ। (ਉਸ ਜੀਵ-ਇਸਤ੍ਰੀ ਨੇ) ਆਪਣਾ ਪਿਆਰਾ ਮਨ (ਪ੍ਰਭੂ-ਠਾਕੁਰ ਦੇ) ਅੱਗੇ ਭੇਟ ਕਰ ਦਿੱਤਾ, (ਅੱਗੋਂ) ਠਾਕੁਰ-ਪ੍ਰਭੂ ਨੇ ਸਭ ਕੁਝ (ਉਸ ਜੀਵ-ਇਸਤ੍ਰੀ ਨੂੰ) ਦੇ ਦਿੱਤਾ। ਠਾਕੁਰ-ਪ੍ਰਭੂ ਨੇ ਉਸ ਜੀਵ-ਇਸਤ੍ਰੀ ਨੂੰ ਆਪਣੀ ਦਾਸੀ ਬਣਾ ਲਿਆ, (ਉਸ ਦੇ ਅੰਦਰੋਂ ਮਾਇਆ ਆਦਿਕ ਲਈ) ਭਟਕਣਾ ਮੁੱਕ ਗਈ, ਉਸ ਨੇ ਪਰਮਾਤਮਾ ਦੇ ਬਣਾਏ ਇਸ ਸਰੀਰ-ਮੰਦਰ ਵਿਚ ਹੀ ਟਿਕਾਉ ਹਾਸਲ ਕਰ ਲਿਆ।

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ (ਤੁਹਾਡੇ ਅੰਦਰ) ਆਤਮਕ ਆਨੰਦ ਬਣੇ ਰਹਿਣਗੇ। (ਜਿਹੜੀ ਜੀਵ-ਇਸਤ੍ਰੀ ਹਰਿ-ਨਾਮ ਸਿਮਰਦੀ ਹੈ, ਉਹ ਪ੍ਰਭੂ ਚਰਨਾਂ ਤੋਂ) ਵਿਛੁੜ ਕੇ ਕਦੇ ਭੀ (ਕਿਸੇ ਹੋਰ ਪਾਸੇ) ਨਹੀਂ ਭਟਕਦੀ। ਜਿਸ ਨੇ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਬਣਾ ਲਈ, ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਖਸਮ ਵਾਲੀ ਰਹਿੰਦੀ ਹੈ।

ਹੇ ਨਾਨਕ! ਆਖ-ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰਿ-ਨਾਮ ਸਿਮਰਦੇ ਹਨ, ਉਹ ਮਨੁੱਖ ਪ੍ਰੇਮ ਦੇ ਵੱਡੇ ਸੁਆਦ ਵਿਚ ਭਿੱਜੇ ਰਹਿੰਦੇ ਹਨ।੨।

ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ॥ ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ ॥ ਸਹਜ ਸੁਭਾਇ ਭਏ ਕਿਰਪਾਲਾ ਗੁਣ ਅਵਗਣ ਨ ਬੀਚਾਰਿਆ ॥ ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ ॥ ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥ ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ ॥੩॥ {ਪੰਨਾ 782}

ਪਦਅਰਥ: ਬਿਨੋਦ {विनोद Pleasure, happiness} ਖ਼ੁਸ਼ੀ, ਆਨੰਦ। ਸਖੀਏ = ਹੇ ਸਹੇਲੀਏ! ਮੰਗਲ = ਖ਼ੁਸ਼ੀ, ਚਾਉ। ਪ੍ਰਭਿ = ਪ੍ਰਭੂ ਨੇ। ਆਪਨੜੈ ਪ੍ਰਭਿ = ਆਪਣੇ ਪਿਆਰੇ ਪ੍ਰਭੂ ਨੇ। ਸੀਗਾਰੀ = ਸਿੰਗਾਰ ਦਿੱਤੀ, ਸੋਹਣੇ ਜੀਵਨ ਵਾਲੀ ਬਣਾ ਦਿੱਤੀ। ਸਹਜ = ਆਤਮਕ ਅਡੋਲਤਾ। ਸੁਭਾਇ = ਪਿਆਰ ਨਾਲ। ਸਹਜ ਸੁਭਾਇ = ਆਤਮਕ ਅਡੋਲਤਾ ਵਾਲੇ ਪਿਆਰ ਨਾਲ। ਹਮਾਰੈ = ਮੇਰੇ ਹਿਰਦੇ ਵਿਚ। ਕੰਠਿ = ਗਲ ਨਾਲ। ਉਰਿ = ਹਿਰਦੇ ਵਿਚ। ਸਗਲ ਬਿਆਪੀ = ਜਿਨ੍ਹਾਂ ਵਿਚ ਸਾਰੀ ਸ੍ਰਿਸ਼ਟੀ ਫਸੀ ਹੋਈ ਹੈ। ਕਰਿ = ਕਰਕੇ। ਨਿਵਾਰੇ = ਦੂਰ ਕਰ ਦਿੱਤੇ। ਭੈ ਸਾਗਰੁ = ਭਿਆਨਕ ਸੰਸਾਰ = ਸਮੁੰਦਰ।੩।

ਅਰਥ: ਹੇ ਸਹੇਲੀਏ! ਹੁਣ ਮੇਰੇ ਹਿਰਦੇ-ਘਰ ਵਿਚ ਸਦਾ ਹੀ ਆਨੰਦ ਖ਼ੁਸ਼ੀਆਂ ਚਾਉ ਬਣੇ ਰਹਿੰਦੇ ਹਨ, (ਕਿਉਂਕਿ) ਮੇਰੇ ਆਪਣੇ ਪਿਆਰੇ ਪ੍ਰਭੂ ਨੇ ਆਪ ਮੇਰੀ ਜ਼ਿੰਦਗੀ ਸੋਹਣੀ ਬਣਾ ਦਿੱਤੀ ਹੈ, ਮੈਨੂੰ ਸੋਭਾ ਵਾਲੀ ਜੀਵ-ਇਸਤ੍ਰੀ ਬਣਾ ਦਿੱਤਾ ਹੈ।

ਹੇ ਸਹੇਲੀਏ! ਪ੍ਰਭੂ ਜੀ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਲੈਂਦੇ ਹਨ, (ਉਹਨਾਂ ਦੇ) ਹਿਰਦੇ ਵਿਚ ਆਪਣਾ ਨਾਮ ਵਸਾ ਦੇਂਦੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਦੇ ਗੁਣਾਂ ਔਗੁਣਾਂ ਵਲ ਧਿਆਨ ਨਹੀਂ ਦੇਂਦੇ, ਆਪਣੇ ਆਤਮਕ ਅਡੋਲਤਾ ਵਾਲੇ ਪਿਆਰ ਦੇ ਕਾਰਨ ਹੀ {ਸਹਜ-सह जायते इति सहजं} ਆਪਣੇ ਸੇਵਕਾਂ ਉਤੇ ਦਇਆਵਾਨ ਹੋ ਜਾਂਦੇ ਹਨ।

ਹੇ ਨਾਨਕ! ਆਖ-ਹੇ ਸਹੇਲੀਏ! ਅਹੰਕਾਰ, ਮਾਇਆ ਦਾ ਮੋਹ, ਮਾਇਆ ਦਾ ਨਸ਼ਾ ਜਿਹੜੇ ਸਾਰੀ ਸ੍ਰਿਸ਼ਟੀ ਉਤੇ ਭਾਰੂ ਹੋ ਰਹੇ ਹਨ (ਪ੍ਰਭੂ ਜੀ ਨੇ ਮੇਰੇ ਉਤੇ) ਮਿਹਰ ਕਰ ਕੇ (ਮੇਰੇ ਅੰਦਰੋਂ) ਆਪ ਹੀ ਦੂਰ ਕਰ ਦਿੱਤੇ ਹਨ। (ਉਸ ਦੀ ਮਿਹਰ ਨਾਲ ਇਸ) ਭਿਆਨਕ ਸੰਸਾਰ-ਸਮੁੰਦਰ ਤੋਂ ਮੈਂ ਪਾਰ ਲੰਘ ਰਿਹਾ ਹਾਂ, ਮੇਰੇ ਸਾਰੇ ਕੰਮ (ਭੀ) ਸਿਰੇ ਚੜ੍ਹ ਰਹੇ ਹਨ।੩।

ਗੁਣ ਗੋਪਾਲ ਗਾਵਹੁ ਨਿਤ ਸਖੀਹੋ ਸਗਲ ਮਨੋਰਥ ਪਾਏ ਰਾਮ ॥ ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ ॥ ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲਿ ਛਾਇਆ ॥ ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥ ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥ ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥ {ਪੰਨਾ 782}

ਪਦਅਰਥ: ਗੋਪਾਲ = ਸ੍ਰਿਸ਼ਟੀ ਦਾ ਪਾਲਣਹਾਰ। ਸਖੀਹੋ = ਹੇ ਸਹੇਲੀਓ! ਮਨੋਰਥ = ਮੁਰਾਦਾਂ। ਸਫਲ = ਕਾਮਯਾਬ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਏਕੰਕਾਰੁ = ਵਿਆਪਕ ਪ੍ਰਭੂ। ਧਿਆਏ = ਧਿਆਇ, ਸਿਮਰ ਕੇ।

ਜਪਿ = ਜਪ ਕੇ। ਰਵਿਆ = ਵਿਆਪਕ, ਮੌਜੂਦ। ਮੰਡਲਿ = ਮੰਡਲ ਵਿਚ, ਜਗਤ ਵਿਚ। ਛਾਇਆ = ਵਿਆਪਕ। ਬ੍ਰਹਮੋ ਪਸਾਰਾ = (ਇਹ ਸਾਰਾ) ਜਗਤ = ਖਿਲਾਰਾ ਪਰਮਾਤਮਾ ਹੀ ਹੈ। ਬ੍ਰਹਮੁ ਪਸਰਿਆ = ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ। ਸਭੁ = ਹਰ ਥਾਂ। ਦ੍ਰਿਸਟੀ ਆਇਆ = ਦਿੱਸਦਾ ਹੈ।

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਾਏ = ਥਾਂ। ਪੇਖਿ = ਵੇਖ ਕੇ। ਬਿਗਸੇ = ਖਿੜ ਗਏ, ਪ੍ਰਸੰਨ = ਚਿੱਤ ਹੋ ਗਏ।੪।

ਅਰਥ: ਹੇ ਸਹੇਲੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ, ਉਹ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਂਦਾ ਹੈ। ਗੁਰੂ ਨੂੰ ਮਿਲ ਕੇ ਸਰਬ-ਵਿਆਪਕ ਪ੍ਰਭੂ ਦਾ ਨਾਮ ਸਿਮਰਿਆਂ ਜੀਵਨ ਕਾਮਯਾਬ ਹੋ ਜਾਂਦਾ ਹੈ।

ਹੇ ਸਹੇਲੀਓ! ਉਹ ਇੱਕ ਪਰਮਾਤਮਾ ਅਨੇਕਾਂ ਵਿਚ ਵਿਆਪਕ ਹੈ, ਸਾਰੇ ਜਗਤ ਵਿਚ ਵਿਆਪਕ ਹੈ, ਇਹ ਸਾਰਾ ਜਗਤ-ਖਿਲਾਰਾ ਪ੍ਰਭੂ ਆਪ ਹੀ ਹੈ, (ਸਾਰੇ ਜਗਤ ਵਿਚ) ਪਰਮਾਤਮਾ (ਆਪਣੇ ਆਪ ਦਾ) ਪਰਕਾਸ਼ ਕਰ ਰਿਹਾ ਹੈ, (ਉਸ ਦਾ ਨਾਮ) ਜਪ ਕੇ ਹਰ ਥਾਂ ਉਹ ਪ੍ਰਭੂ ਹੀ ਦਿੱਸਣ ਲੱਗ ਪੈਂਦਾ ਹੈ।

ਹੇ ਸਹੇਲੀਓ! ਉਸ ਪਰਮਾਤਮਾ ਤੋਂ ਖ਼ਾਲੀ ਕੋਈ ਭੀ ਥਾਂ ਨਹੀਂ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਉਹ ਮੌਜੂਦ ਹੈ। ਹੇ ਨਾਨਕ! ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ।੪।੫।੮।

TOP OF PAGE

Sri Guru Granth Darpan, by Professor Sahib Singh