ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 783

ਸੂਹੀ ਮਹਲਾ ੫ ॥ ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥ {ਪੰਨਾ 783}

ਪਦਅਰਥ: ਅਬਿਚਲ = ਕਦੇ ਨਾਸ ਨਾਹ ਹੋਣ ਵਾਲੇ ਪਰਮਾਤਮਾ ਦਾ। ਜਪਤ = ਜਪਦਿਆਂ। ਸੁਖੁ = ਆਤਮਕ ਆਨੰਦ। ਮਨ ਇਛੇ = ਮਨ = ਮੰਗੇ, ਜਿਨ੍ਹਾਂ ਦੀ ਇੱਛਾ ਮਨ ਵਿਚ ਕੀਤੀ। ਸੇਈ = ਉਹ (ਸਾਰੇ) ਹੀ। ਕਰਤੈ = ਕਰਤਾਰ ਨੇ। ਨਗਰੁ = (ਸਰੀਰ-) ਸ਼ਹਰ। ਸਰਬ ਸੁਖ = ਸਾਰੇ ਸੁਖ। ਸਿਖ = ਗੁਰੂ ਦੇ ਸਿੱਖ। ਬਿਗਾਸੇ = ਖਿੜ ਗਏ, ਪ੍ਰਸੰਨ = ਚਿੱਤ। ਗਾਵਹਿ = ਗਾਂਦੇ ਹਨ। ਕਾਰਜੁ = ਮਨੁੱਖਾ ਜੀਵਨ ਦਾ ਮਨੋਰਥ। ਆਇਆ ਰਾਸੇ = ਸਿਰੇ ਚੜ੍ਹ ਜਾਂਦਾ ਹੈ। ਰਖਾ = ਰਾਖਾ। ਮਾਇਆ = ਮਾਂ। ਸਤਿਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਜਿਨਿ = ਜਿਸ (ਗੁਰੂ) ਨੇ। ਥਾਨੁ = (ਸਰੀਰ-) ਥਾਂ।

ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ। ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ।

ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ। (ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤਿ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ।੧।

ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥ ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥ ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥ ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥ ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥ ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥ {ਪੰਨਾ 783}

ਪਦਅਰਥ: ਜਿਸੁ ਵਿਚਿ = ਜਿਸ (ਸਰੀਰ = ਨਗਰ) ਵਿਚ। ਘਰ ਮੰਦਰ ਹਟਨਾਲੇ = (ਉਸ ਸਰੀਰ = ਨਗਰ ਦੇ) ਘਰ ਮੰਦਰ ਦੇ ਬਾਜ਼ਾਰ, ਉਸ ਸਰੀਰ ਦੇ ਸਾਰੇ ਗਿਆਨ = ਇੰਦ੍ਰੇ। ਸੋਹੇ = ਸੋਹਣੇ ਬਣ ਜਾਂਦੇ ਹਨ, ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਕਟੀਐ = ਕੱਟੀ ਜਾਂਦੀ ਹੈ। ਪ੍ਰਭਿ = ਪ੍ਰਭੂ ਨੇ। ਸਗਲ ਸਮਗ੍ਰੀ = {सामग्री} ਜਮ ਦੀ ਫਾਹੀ ਕੱਟਣ ਲਈ ਸਾਰੇ ਲੋੜੀਂਦੇ ਆਤਮਕ ਗੁਣ {ਨੋਟ:ਕੜਾਹ ਪ੍ਰਸ਼ਾਦ ਤਿਆਰ ਕਰਨ ਲਈ ਘਿਉ, ਖੰਡ, ਆਟਾ, ਪਾਣੀ, ਅੱਗ = ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਘਿਉ ਖੰਡ ਆਟਾ ਸਮਗ੍ਰੀ ਹੈ। ਜਮ ਦੀ ਫਾਹੀ ਆਤਮਕ ਮੌਤ ਮੁਕਾਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਗਿਆਨ = ਇੰਦ੍ਰੇ ਵਿਕਾਰਾਂ ਵਲੋਂ ਮੂੰਹ ਮੋੜ ਚੁਕੇ ਹੋਣ। ਸਾਰੇ ਆਤਮਕ ਗੁਣਾਂ ਦਾ ਇਕੱਠ ਸਮਗ੍ਰੀ ਹੈ}ਪੂਰਨ = ਮੁਕੰਮਲ। ਸੁਖਿ = ਆਨੰਦ ਵਿਚ (ਟਿਕ ਕੇ) ਰਲੀਆ = ਆਤਮਕ ਆਨੰਦ। ਸਬਦਿ = ਸ਼ਬਦ ਦੀ ਰਾਹੀਂ। ਸਤਿਗੁਰਿ ਪੂਰੇ = ਪੂਰੇ ਗੁਰੂ ਨੇ। ਸਦ = ਸਦਾ। ਬਲਿ ਜਾਸੀ = ਸਦਕੇ ਜਾਂਦਾ ਹਾਂ।੨।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। (ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ। (ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ।

ਹੇ ਭਾਈ! ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ। (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ।੨।

ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥ ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥ ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥ {ਪੰਨਾ 783}

ਪਦਅਰਥ: ਦਾਤਿ = (ਨਾਮ ਸਿਮਰਨ ਦੀ) ਬਖ਼ਸ਼ਸ਼। ਦਾਤਿ ਪੂਰੀ = ਮੁਕੰਮਲ ਬਖ਼ਸ਼ਸ਼। ਚੜੈ ਸਵਾਈ = ਵਧਦੀ ਰਹਿੰਦੀ ਹੈ। ਪਾਰਬ੍ਰਹਮਿ = ਪਰਮਾਤਮਾ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼, ਸਹਾਇਤਾ। ਜਿਸ ਦੀ = {ਸੰਬੰਧਕ 'ਦੀ' ਦੇ ਕਾਰਨ ਲਫ਼ਜ਼ ਜਿਸੁ' ਦਾ ੁ ਉੱਡ ਗਿਆ ਹੈ} ਜਿਸ (ਪਰਮਾਤਮਾ) ਦੀ। ਵਡਿਆਈ = ਸਮਰਥਾ, ਨਾਮਣਾ। ਆਦਿ ਜੁਗਾਦਿ = ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ, ਸਦਾ ਤੋਂ ਹੀ। ਦਇਆਲਾ = ਦਇਆਵਾਨ। ਸਭਿ = ਸਾਰੇ। ਪ੍ਰਭਿ = ਪ੍ਰਭੂ ਨੇ! ਪ੍ਰਤਿਪਾਲਾ = ਪਾਲਣਾ। ਦਹ ਦਿਸ = ਦਸੀ = ਪਾਸੀਂ {ਚਾਰ ਪਾਸੇ, ਚਾਰ ਨੁੱਕਰਾਂ, ਉੱਪਰ, ਹੇਠ} ਸਾਰੇ ਜਗਤ ਵਿਚ। ਪੂਰਿ ਰਹਿਆ = ਖਿਲਰਿਆ ਹੋਇਆ ਹੈ। ਜਸੁ = ਸੋਭਾ, ਵਡਿਆਈ। ਜਿਨਿ = ਜਿਸ ਗੁਰੂ ਨੇ। ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ, ਨਾਮ ਸਿਮਰਨ ਦੀ ਨੀਂਹ।੩।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ, ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ।

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ। ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ। ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ।

ਹੇ ਨਾਨਕ! ਆਖ-ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ੩।

ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜਨੀਐ ॥ ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥ {ਪੰਨਾ 783}

ਪਦਅਰਥ: ਗਿਆਨ = ਡੂੰਘੀ ਸਾਂਝ। ਧਿਆਨ = ਸੁਰਤਿ ਜੋੜਨੀ, ਸਮਾਧੀ। ਕਥਾ = ਸਿਫ਼ਤਿ-ਸਾਲਾਹ। ਨਿਤ = ਸਦਾ। ਸੁਣੀਐ = ਸੁਣੀ ਜਾਂਦੀ ਹੈ। ਭਵ ਭੰਜਨ = ਜਨਮ = ਮਰਨ ਦਾ ਗੇੜ ਨਾਸ ਕਰਨ ਵਾਲਾ। ਭਗਤ ਭਵਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲਾ। ਚੋਜ ਭਗਤ ਭਵ ਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ = ਤਮਾਸ਼ੇ। ਅਨਹਦ = ਇਕ-ਰਸ, ਲਗਾਤਾਰ। ਵਾਜੇ ਧੁਨੀਐ = ਸਿਫ਼ਤਿ-ਸਾਲਾਹ ਦੀ ਪ੍ਰਬਲ ਧੁਨੀ। ਝੁਣਕਾਰੇ = ਕੀਰਤਨ। ਗੋਸਟਿ = ਚਰਚਾ, ਪਰਸਪਰ ਵਿਚਾਰ। ਅਰਾਧਹਿ = ਅਰਾਧਦੇ ਹਨ। ਸਭ = ਸਾਰੀ। ਕਿਲਵਿਖ = ਪਾਪ। ਖੋਵੈ = ਦੂਰ ਕਰ ਦੇਂਦਾ ਹੈ {ਇਕ-ਵਚਨ}ਤਹ = ਉਸ ('ਅਬਿਚਲ ਨਗਰ') ਵਿਚ, ਸੰਤ ਜਨਾਂ ਦੇ ਸਰੀਰ = ਨਗਰ ਵਿਚ। ਬਹੁੜਿ = ਮੁੜ ਮੁੜ। ਨ ਪਾਈਐ ਜਨੀਐ = ਜੂਨ ਵਿਚ ਨਹੀਂ ਪਾਇਆ ਜਾਂਦਾ। ਜਨੀਐ = {ਅੱਖਰ 'ਜ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਜੋਨੀਐ' ਹੈ, ਇਥੇ 'ਜੁਨੀਐ' ਪੜ੍ਹਨਾ ਹੈ}ਜਿਸੁ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਪੁਨੀਐ = ਪੂਰੀ ਹੋ ਜਾਂਦੀ ਹੈ।੪।

ਅਰਥ: ਹੇ ਭਾਈ! ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤਿ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ। (ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ।

ਹੇ ਭਾਈ! ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ। (ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ।

ਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ। ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ।੪।੬।੯।

ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {ਪੰਨਾ 783}

ਪਦਅਰਥ: ਕਾਰਜਿ = ਕੰਮ ਵਿਚ, ਕੰਮ (ਦੀ ਸਫਲਤਾ) ਵਿਚ। ਧਰਤਿ = (ਸੰਤ ਜਨਾਂ ਦੀ ਸਰੀਰ-) ਧਰਤੀ। ਸੁਹਾਵੀ = ਸੋਹਣੀ। ਤਾਲੁ = (ਸੰਤ ਜਨਾਂ ਦਾ ਹਿਰਦਾ-) ਤਾਲਾਬ। ਵਿਚਿ = (ਹਿਰਦੇ = ਤਲਾਬ) ਵਿਚ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਛਾਇਆ = ਛਾ ਗਿਆ, ਪ੍ਰਭਾਵ ਪਾ ਲਿਆ। ਸਾਜੁ = ਉੱਦਮ। ਪੂਰਨ ਸਾਜ ਕਰਾਇਆ = ਸਾਰਾ ਉੱਦਮ ਸਫਲ ਕਰ ਦਿੱਤਾ। ਮਨੋਰਥ = ਮੁਰਾਦਾਂ। ਜੈ ਜੈ ਕਾਰੁ = ਸੋਭਾ, ਵਡਿਆਈ। ਅੰਤਰਿ = ਅੰਦਰ, ਵਿਚ। ਵਿਸੂਰੇ = ਚਿੰਤਾ = ਝੋਰੇ। ਅਚੁਤ ਜਸੁ = ਅਚੁੱਤ ਪ੍ਰਭੂ ਦਾ ਜਸ। ਅਚੁਤ = {च्यु = to fall} ਕਦੇ ਨਾਸ ਨਾਹ ਹੋਣ ਵਾਲਾ। ਵੇਦ = ਵੇਦਾਂ ਨੇ {ਬਹੁ-ਵਚਨ}ਪੁਰਾਣੀ = ਪੁਰਾਣਾਂ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਪਰਮੇਸਰਿ = ਪਰਮੇਸਰ ਨੇ।੧।

ਅਰਥ: ਹੇ ਭਾਈ! ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।

ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। (ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।

ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ। ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।੧।

TOP OF PAGE

Sri Guru Granth Darpan, by Professor Sahib Singh