ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 784

ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥ ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥ ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥ ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥ ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥ ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥ {ਪੰਨਾ 784}

ਪਦਅਰਥ: ਨਵ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ {ਨਵ = ਨੌ। ਨਿਧਿ = ਖ਼ਜ਼ਾਨੇ}ਸਿਧਿ ਰਿਧਿ = ਕਰਾਮਾਤੀ ਤਾਕਤਾਂ। ਦੀਨੇ = ਦੇ ਦਿੱਤੇ। ਕਾਈ = ਰਤਾ ਭਰ ਭੀ। ਬਿਲਛਤ = ਮਾਣਦਿਆਂ। ਦਾਤਿ = (ਨਾਮ ਦੀ) ਬਖ਼ਸ਼ਸ਼। ਸਵਾਈ = ਵਧਦੀ ਜਾਂਦੀ ਹੈ। ਅੰਤਰਜਾਮੀ = (ਹਰੇਕ ਦੇ) ਦਿਲ ਦੀ ਜਾਣਨ ਵਾਲਾ। ਕੋਟਿ ਬਿਘਨ = ਕ੍ਰੋੜਾਂ ਰੁਕਾਵਟਾਂ। ਸਹਜ = ਆਤਮਕ ਅਡੋਲਤਾ। ਘਨੇਰੇ = ਅਨੇਕਾਂ। ਸਬਾਈ = ਸਾਰੀ। ਗਾਵਹਿ = ਗਾਂਦੇ ਹਨ। ਜਿਸੁ ਵਡਿਆਈ = ਜਿਸ ਪਰਮਾਤਮਾ ਦੀ ਵਡਿਆਈ। ਅਚਰਜੁ = ਹੈਰਾਨ ਕਰਨ ਵਾਲਾ ਕੰਮ।੨।

ਅਰਥ: ਹੇ ਭਾਈ! ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤਿ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤਿ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ। ਇਸ ਨਾਮ-ਦਾਤਿ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ। (ਯਕੀਨ ਜਾਣੋ, ਇਹ) ਦਾਤਿ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤਿ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, (ਜ਼ਿੰਦਗੀ ਦੇ ਸਫ਼ਰ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। (ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।

ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ।੨।

ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥ ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥ ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥ ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥ ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥ ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥ {ਪੰਨਾ 784}

ਪਦਅਰਥ: ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ (ਪਰਮਾਤਮਾ) ਦਾ। ਕਾਰਜੁ = ਕੰਮ, (ਜੀਵ ਨੂੰ ਆਪਣੇ ਨਾਲ ਮਿਲਾਣ ਦਾ) ਕੰਮ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ (ਪਰਮਾਤਮਾ) ਨੇ ਹੀ। ਕਿਆ ਵੇਚਾਰਾ = ਕੀਹ ਹੈ ਵਿਚਾਰਾ? ਕੋਈ ਪਾਂਇਆਂ ਨਹੀਂ। ਸੋਹਨਿ = ਸੋਭਦੇ ਹਨ। ਗਾਵਹਿ = ਗਾਂਦੇ ਹਨ। ਕਰਹਿ = ਕਰਦੇ ਹਨ। ਜੈਕਾਰਾ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ। ਗਾਇ = ਗਾ ਕੇ। ਅਨਦ = ਆਨੰਦ। ਸੰਗਿ = ਨਾਲ। ਬਨੀ = ਪ੍ਰੀਤ ਬਣੀ ਰਹਿੰਦੀ ਹੈ। ਜਿਨਿ = ਜਿਸ (ਪ੍ਰਭੂ) ਨੇ। ਤਾਲ ਕੇਰਾ = (ਹਿਰਦੇ-) ਤਾਲ (ਵਿਚ 'ਅੰਮ੍ਰਿਤ ਜਲੁ' ਭਰਨ) ਦਾ। ਕੇਰਾ = ਦਾ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਪਰਮਾਤਮਾ) ਦੀ। ਉਪਮਾ = ਵਡਿਆਈ। ਕਿਆ ਗਨੀ = ਕਿਆ ਗਨੀਂ, ਮੈਂ ਕੀਹ ਗਿਣ ਸਕਦਾ ਹਾਂ? ਮੈਂ ਬਿਆਨ ਨਹੀਂ ਕਰ ਸਕਦਾ। ਅਠਸਠਿ = ਅਠਾਹਠ {ਅਠ = ਸਠਿ}ਨਿਰਮਲ = ਪਵਿੱਤਰ। ਚਾਰਾ = ਸੁੰਦਰ {चारू}ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਬਦ ਅਧਾਰਾ = (ਗੁਰੂ ਦੇ) ਸ਼ਬਦ ਦਾ ਆਸਰਾ (ਦੇ ਕੇ) ੩।

ਅਰਥ: ਹੇ ਭਾਈ! ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ। (ਉਸੇ ਦੀ ਮਿਹਰ ਨਾਲ ਉਸ ਦੇ) ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ। ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ। ਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ।

ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ। ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ।੩।

ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥ ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥ ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥ ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥ ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥ ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥ {ਪੰਨਾ 784}

ਪਦਅਰਥ: ਗੁਣ ਨਿਧਾਨ = ਸਾਰੇ ਗੁਣਾਂ ਦਾ ਖ਼ਜ਼ਾਨਾ। ਕਰਤਾ = ਕਰਤਾਰ। ਉਸਤਤਿ = ਵਡਿਆਈ। ਕਉਨੁ = ਕਿਹੜਾ (ਮਨੁੱਖ) ? ਕਰੀਜੈ = ਕੀਤੀ ਜਾ ਸਕਦੀ ਹੈ। ਸੁਆਮੀ = ਹੇ ਸੁਆਮੀ! ਮਹਾ ਰਸੁ ਨਾਮੁ = ਬੇਅੰਤ ਸੁਆਦਲਾ ਹਰਿ = ਨਾਮ। ਦੀਜੈ = ਦਿਹ। ਦਾਨੁ = ਬਖ਼ਸ਼ਸ਼। ਕੀਜੈ = ਕਰ। ਖਿਨੋ = ਖਿਨ ਭਰ ਭੀ। ਉਚਰੁ = ਉਚਾਰਿਆ ਕਰ। ਰਸਨਾ = ਜੀਭ (ਨਾਲ) ਗਾਈਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਅਨਦਿਨੋ = {अनुदिनं} ਹਰ ਰੋਜ਼, ਹਰ ਵੇਲੇ। ਸੇਤੀ = ਨਾਲ। ਅੰਮ੍ਰਿਤ ਭੀਜੈ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਨਾਲ ਭਿੱਜ ਜਾਂਦਾ ਹੈ। ਪੁੰਨੀ = ਪੂਰੀ ਹੋ ਜਾਂਦੀ ਹੈ। ਪੇਖਿ = ਵੇਖ ਕੇ। ਜੀਜੈ = ਆਤਮਕ ਜੀਵਨ ਮਿਲ ਜਾਂਦਾ ਹੈ।੪।

ਅਰਥ: ਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ। (ਉਸ ਦੇ) ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ; ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।

ਹੇ ਭਾਈ! ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ। ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।੪।੭।੧੦।

ਰਾਗੁ ਸੂਹੀ ਮਹਲਾ ੫ ਛੰਤ    ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ {ਪੰਨਾ 784}

ਪਦਅਰਥ: ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ। ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ) ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ। ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ। ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।੧।

ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।

ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।

ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।੧।

ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥ {ਪੰਨਾ 784}

ਪਦਅਰਥ: ਹਉ = ਹਉਂ, ਮੈਂ। ਬਿਸਮੁ = ਹੈਰਾਨ। ਜੀ = ਹੇ ਜੀਉ! ਦੇਖਿ = ਦੇਖ ਕੇ। ਅਪਾਰਾ ਦਰਸਨੁ = ਬੇਅੰਤ ਦਾ ਦਰਸਨ। ਚਰਨ ਕਮਲ ਪਗ ਛਾਰਾ = ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ। ਪਗ = ਪੈਰ, ਚਰਨ।

ਪੇਖਤ = ਵੇਖਦਿਆਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦੀ ਹਾਂ। ਠੰਢੀ = ਸ਼ਾਂਤ = ਚਿੱਤ। ਥੀਵਾ = ਥੀਵਾਂ ਮੈਂ ਹੋ ਜਾਂਦੀ ਹਾਂ। ਤਿਸੁ ਜੇਵਡੁ = ਉਸ ਜੇਡਾ ਵੱਡਾ, ਉਸ ਦੇ ਬਰਾਬਰ ਦਾ। ਆਦਿ = ਜਗਤ ਦੇ ਸ਼ੁਰੂ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਮਧਿ = ਹੁਣ ਜਗਤ ਦੀ ਹੋਂਦ ਦੇ ਵਿਚਕਾਰ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਸੋਈ = ਉਹੀ ਪ੍ਰਭੂ। ਜਪਿ = ਜਪ ਕੇ। ਸਾਗਰੁ = ਸੰਸਾਰ = ਸਮੁੰਦਰ। ਭਵਜਲ = ਸੰਸਾਰ = ਸਮੁੰਦਰ ਤੋਂ। ਪਰਮੇਸੁਰ = ਹੇ ਪਰਮੇਸਰ! ਪਾਰਾਵਾਰਾ = ਪਾਰ = ਅਵਾਰ, ਪਾਰਲਾ ਉਰਲਾ ਬੰਨਾ।੨।

ਅਰਥ: ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ। ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।

ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।

ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ। ਹੇ ਨਾਨਕ! ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ।੨।

ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥ {ਪੰਨਾ 784-785}

ਪਦਅਰਥ: ਹਉ = ਹਉਂ, ਮੈਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਛੋਡਾ = ਛੋਡਾਂ, ਮੈਂ ਛੱਡਦਾ। ਪ੍ਰਾਨ ਅਧਾਰੋ = ਪ੍ਰਾਨਾਂ ਦਾ ਆਸਰਾ, ਜਿੰਦ ਦਾ ਆਸਰਾ। ਗੁਰਿ ਸਤਿਗੁਰ = ਸਤਿਗੁਰ ਗੁਰੂ ਨੇ। ਜੀ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਗਮ ਬੀਚਾਰੋ = ਅਪਹੁੰਚ ਪਰਮਾਤਮਾ ਬਾਰੇ ਵਿਚਾਰ ਦੀ ਗੱਲ।

ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੀਨਾ = (ਗੁਰੂ ਨੇ ਨਾਮ ਦੀ ਦਾਤਿ) ਦਿੱਤੀ। ਤਾ = ਤਦੋਂ। ਲੀਨਾ = ਜਪਿਆ ਜਾ ਸਕਦਾ ਹੈ। ਨਾਠੇ = ਨੱਸ ਜਾਂਦੇ ਹਨ। ਸਹਜ ਸੂਖ = ਆਤਮਕ ਅਡੋਲਤਾ ਦੇ ਸੁਖ। ਬਿਨਠੀ = ਨਾਸ ਹੋ ਜਾਂਦੀ ਹੈ। ਗਾਠੇ = ਗੰਢ।

ਕੈ ਮਧਿ = ਦੇ ਵਿਚ। ਤੇ = ਤੋਂ। ਰਾਗ = ਮੋਹ। ਨਿਆਰੋ = ਵੱਖਰਾ, ਨਿਰਲੇਪ। ਦੋਖ = ਈਰਖਾ। ਮਨਹਿ ਸਧਾਰੋ = ਮਨ ਨੂੰ ਆਸਰਾ ਦੇਣ ਵਾਲਾ।੩।

ਅਰਥ: ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ-ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ।

ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।

ਹੇ ਨਾਨਕ! ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ। ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ੩।

TOP OF PAGE

Sri Guru Granth Darpan, by Professor Sahib Singh