ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 785 ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥ {ਪੰਨਾ 785} ਪਦਅਰਥ: ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਜੀ = ਹੇ ਭਾਈ! ਸੁ ਘਰੁ = ਉਹ ਘਰੁ, ਉਹ ਟਿਕਾਣਾ। ਨਿਹਚਲੁ = ਕਦੇ ਨਾਸ ਨਾ ਹੋਣ ਵਾਲਾ। ਸਭਿ = ਸਾਰੇ। ਅਧ੍ਰੁਵ = {ਅ = ਧ੍ਰੁਵ} ਸਦਾ ਨਾਹ ਟਿਕੇ ਰਹਿਣ ਵਾਲੇ, ਨਾਸਵੰਤ। ਜੀਉ = ਹੇ ਭਾਈ! ਚਰਨ ਕਮਲ = ਸੋਹਣੇ ਚਰਨਾਂ ਵਿਚ। ਹਉ = ਹਉਂ, ਮੈਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨ ਆਵੈ ਜਾਏ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭਿ = ਸਾਰੇ (ਪਦਾਰਥ) । ਪੂਰਨ = ਭਰਪੂਰ, ਮੌਜੂਦ। ਮਨਿ = ਮਨ ਵਿਚ। ਚਿੰਦੀ ਇਛ = ਚਿਤਵੀ ਹੋਈ ਮੁਰਾਦ। ਪੁਜਾਏ = ਪੂਰੀ ਕਰਦਾ ਹੈ। ਸ੍ਰੁਤਿ = ਵੇਦ। ਗਾਵਹਿ = ਗਾਂਦੇ ਹਨ। ਕਰਤੇ = ਕਰਤਾਰ ਦੇ। ਸਿਧ = ਸਿੱਧ, ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਨਿ ਜਨ = ਸਾਰੇ ਮੁਨੀ ਲੋਕ। ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ।੪। ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਭੀ ਡੋਲਦਾ ਨਹੀਂ। ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ। ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। (ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ। ਹੇ ਭਾਈ! ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ। ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ।੪।੧।੧੧। ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ ਪਉੜੀ ਵਾਰ ਭਾਵ- (੧) ਜਗਤ-ਰੂਪ ਤਖ਼ਤ ਪ੍ਰਭੂ ਨੇ ਆਪ ਬਣਾਇਆ ਹੈ, ਧਰਤੀ ਜੀਵਾਂ ਦੇ ਧਰਮ ਕਮਾਣ ਲਈ ਰਚੀ ਹੈ; ਸਭ ਜੀਵਾਂ ਨੂੰ ਰਿਜ਼ਕ ਆਪ ਹੀ ਅਪੜਾਂਦਾ ਹੈ। (੨) ਆਪਣੇ ਹੁਕਮ ਵਿਚ ਉਸ ਨੇ ਰੰਗਾ ਰੰਗ ਦੀ ਸ੍ਰਿਸ਼ਟੀ ਰਚੀ ਹੈ; ਕਈ ਜੀਵਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਜੋੜੀ ਰੱਖਦਾ ਹੈ, ਉਹਨਾਂ ਨੂੰ ਸੱਚੇ ਵਪਾਰੀ ਜਾਣੋ। (੩) ਸਾਰੇ ਜੀਵ ਪ੍ਰਭੂ ਨੇ ਆਪ ਪੈਦਾ ਕੀਤੇ ਹਨ; ਮਾਇਆ ਦਾ ਮੋਹ-ਰੂਪ ਹਨੇਰਾ ਭੀ ਉਸੇ ਨੇ ਬਣਾਇਆ ਹੈ ਤੇ ਇਸ ਵਿੱਚ ਆਪ ਹੀ ਜੀਵਾਂ ਨੂੰ ਭਟਕਾ ਰਿਹਾ ਹੈ। ਇਸ ਭਟਕਣਾ ਵਿਚ ਪਏ ਮਨਮੁਖ ਸਦਾ ਜੰਮਣ ਮਰਨ ਦੇ ਗੇੜ ਵਿਚ ਰਹਿੰਦੇ ਹਨ। (੪) ਜਗਤ ਦੀ ਅਚਰਜ ਰਚਨਾ ਪ੍ਰਭੂ ਨੇ ਆਪ ਰਚੀ ਹੈ; ਇਸ ਵਿਚ ਮੋਹ, ਝੂਠ ਤੇ ਅਹੰਕਾਰ ਭੀ ਉਸ ਨੇ ਆਪ ਹੀ ਪੈਦਾ ਕੀਤਾ, ਮਨਮੁਖ ਇਸ ਮੋਹ ਵਿਚ ਫਸ ਜਾਂਦਾ ਹੈ; ਪਰ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ 'ਨਾਮ' ਦਾ ਖ਼ਜ਼ਾਨਾ ਬਖ਼ਸ਼ਦਾ ਹੈ। (੫) ਮਨਮੁਖ ਮੋਹ ਵਿਚ ਫਸਣ ਕਰਕੇ "ਮੈਂ, ਮੇਰੀ" ਵਿਚ ਖ਼ੁਆਰ ਹੁੰਦਾ ਹੈ; ਮੌਤ ਨੂੰ ਵਿਸਾਰ ਕੇ ਮਨੁੱਖਾ ਜਨਮ ਨੂੰ ਵਿਕਾਰਾਂ ਵਿਚ ਅਜਾਈਂ ਗਵਾ ਲੈਂਦਾ ਹੈ ਤੇ ਏਸ ਗੇੜ ਵਿਚ ਪਿਆ ਰਹਿੰਦਾ ਹੈ। (੬) ਜੀਵਾਂ ਲਈ ਪ੍ਰਭੂ ਦੀ ਸਭ ਤੋਂ ਉਚੀ ਬਖ਼ਸ਼ਸ਼ ਉਸ ਦਾ 'ਨਾਮ' ਹੈ; ਜਿਸ ਨੂੰ ਗੁਰੂ ਦੀ ਰਾਹੀਂ ਇਹ ਖ਼ਜ਼ਾਨਾ ਮਿਲਦਾ ਹੈ ਉਸ ਨੂੰ ਫਿਰ ਤੋਟ ਨਹੀਂ ਆਉਂਦੀ ਤੇ ਉਸ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ। (੭) ਜਿਨ੍ਹਾਂ ਨੂੰ ਸਤਿਗੁਰੂ ਨੇ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਪ੍ਰਭੂ ਦਾ ਦੀਦਾਰ ਕਰਾ ਦਿੱਤਾ ਹੈ ਉਹਨਾਂ ਦੇ ਮਨ ਤਨ ਵਿਚ ਸਦਾ ਠੰਢ ਵਰਤੀ ਰਹਿੰਦੀ ਹੈ; ਜਿਉਂ ਜਿਉਂ ਉਹ ਗੁਰੂ ਦੇ ਰਾਹ ਤੇ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਹਨ ਤਿਉਂ ਤਿਉਂ ਪ੍ਰਭੂ ਦੀ ਰਜ਼ਾ ਵਿਚ ਪ੍ਰਸੰਨ ਰਹਿੰਦੇ ਹਨ। (੮) ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਤਿਆਗ ਕੇ ਮਨ ਉਹਨਾਂ ਦਾ ਪਵਿਤ੍ਰ ਹੋ ਜਾਂਦਾ ਹੈ। ਪਰ ਮਨਮੁਖ "ਮੈਂ, ਮੇਰੀ" ਵਿਚ ਪੈ ਕੇ ਦਾਤਾਰ ਨੂੰ ਭੁਲਾ ਬੈਠਦੇ ਹਨ। (੯) ਪਰਮਾਤਮਾ ਦੇ ਡਰ ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ; ਤੇ ਇਹ ਡਰ ਤਦੋਂ ਹੀ ਪੈਦਾ ਹੁੰਦਾ ਹੈ ਜੇ ਸਤਿਗੁਰੂ ਦੀ ਸਰਨ ਆਵੀਏ। (੧੦) ਗੁਰ-ਸ਼ਬਦ ਦੀ ਰਾਹੀਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਗੁਰੂ ਦੀ ਰਾਹੀਂ ਹੀ ਤਨ ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ। (੧੧) 'ਬੰਦਗੀ' ਦਾ ਨੇਮ ਪ੍ਰਭੂ ਨੇ ਧੁਰੋਂ ਹੀ ਜੀਵ ਲਈ ਬਣਾ ਦਿੱਤਾ ਹੈ, ਪਰ ਬੰਦਗੀ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ; ਸ਼ਬਦ ਦੀ ਰਾਹੀਂ ਉਸ ਦੇ ਦਰ ਤੇ ਅੱਪੜਨ ਦਾ ਪਰਵਾਨਾ ਮਿਲਦਾ ਹੈ। (੧੨) ਮਨੁੱਖ ਦਾ ਮਨ ਜਗਤ ਦੇ ਧੰਧਿਆਂ ਵਿਚ ਦਸੀਂ ਪਾਸੀਂ ਦੌੜਦਾ ਹੈ, ਜੇ ਇਹ ਕਦੇ ਬੰਦਗੀ ਦੀ ਤਾਂਘ ਭੀ ਕਰੇ ਤਾਂ ਭੀ ਨਹੀਂ ਕਰ ਸਕਦਾ ਕਿਉਂਕਿ ਮਨ ਨਹੀਂ ਟਿਕਦਾ। ਸਤਿਗੁਰੂ ਮਨ ਨੂੰ ਰੋਕਦਾ ਹੈ, ਸੋ ਗੁਰੂ ਦੀ ਮਤਿ ਨਾਲ ਹੀ 'ਨਾਮ' ਮਿਲਦਾ ਹੈ। (੧੩) ਜੋ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਮਾਇਆ ਵਿਚ ਪਿਆਰ ਪਾਂਦੇ ਹਨ ਉਹ 'ਹਉਮੈ' ਵਿਚ ਫਸ ਕੇ ਖ਼ੁਆਰ ਹੁੰਦੇ ਹਨ ਤੇ ਮਨੁੱਖਾ-ਜਨਮ ਅਜਾਈਂ ਗਵਾਂਦੇ ਹਨ। (੧੪) ਭਾਵੇਂ ਮਾਇਆ ਦਾ ਮੋਹ ਝੂਠਾ ਹੈ ਪਰ ਜਗਤ ਇਸ ਵਿਚ ਫਸਿਆ ਪਿਆ ਹੈ ਤੇ "ਹਉਮੈ" ਦੇ ਲੰਮੇ ਗੇੜ ਵਿਚ ਪੈ ਕੇ ਦੁਖੀ ਹੋ ਰਿਹਾ ਹੈ। (੧੫) ਜੋ ਮਨੁੱਖ ਗੁਰੂ ਦੀ ਰਾਹੀਂ ਪ੍ਰਭੂ ਦੇ ਦਰ ਤੇ 'ਨਾਮ' ਦੀ ਦਾਤਿ ਮੰਗਦਾ ਹੈ, ਉਹ ਹਿਰਦੇ ਵਿਚ 'ਨਾਮ' ਪ੍ਰੋ ਕੇ, ਜੋਤਿ ਮਿਲਾ ਕੇ, ਸਿਫ਼ਤਿ-ਸਾਲਾਹ ਦਾ ਇਕ-ਰਸ ਆਨੰਦ ਮਾਣਦਾ ਹੈ। (੧੬) ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਜਨਮ ਸਫਲਾ ਕਰ ਲੈਂਦਾ ਹੈ, ਪ੍ਰਭੂ ਨੂੰ ਹਿਰਦੇ ਵਿਚ ਵਸਾਂਦਾ ਹੈ ਤੇ ਪ੍ਰਭੂ ਦਾ ਦਰ-ਰੂਪ ਨਿਰੋਲ ਆਪਣਾ ਘਰ ਲੱਭ ਲੈਂਦਾ ਹੈ ਜਿਥੋਂ ਕਦੇ ਭਟਕਦਾ ਨਹੀਂ। (੧੭) ਸਿਫ਼ਤਿ-ਸਾਲਾਹ ਕਰਨ ਵਾਲਾ ਅੰਦਰੋਂ 'ਹਉਮੈ' ਦੀ ਮੈਲ ਧੋ ਲੈਂਦਾ ਹੈ, ਜਗ ਵਿਚ ਸੋਭਾ ਪਾਂਦਾ ਹੈ ਤੇ ਚਿਰੀਂ ਵਿਛੁੜੇ ਦਾ ਮਾਲਕ ਨਾਲ ਮੇਲ ਹੋ ਜਾਂਦਾ ਹੈ। (੧੮) ਸਿਫ਼ਤਿ-ਸਾਲਾਹ ਨਾਲ ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ, ਮਨ ਪ੍ਰਭੂ ਵਿਚ ਪਤੀਜ ਜਾਂਦਾ ਹੈ। (੧੯) ਜਿਉਂ ਜਿਉਂ 'ਨਾਮ' ਦਾ ਰਸ ਆਉਂਦਾ ਹੈ। ਤਿਉਂ ਤਿਉਂ ਹੋਰ ਲਗਨ ਵਧਦੀ ਹੈ; ਗੁਰ-ਸ਼ਬਦ ਦੀ ਰਾਹੀਂ 'ਨਾਮ' ਵਿਚ ਹੀ ਜੁੜਿਆ ਰਹਿੰਦਾ ਹੈ। (੨੦) ਆਖ਼ਰ, ਪ੍ਰਭੂ ਤੋਂ ਬਿਨਾ ਹੋਰ ਕੋਈ ਬੇਲੀ ਨਹੀਂ ਜਾਪਦਾ, ਇਕ ਉਹੋ ਹੀ ਰਾਖਾ ਦਿੱਸਦਾ ਹੈ, ਕਿਸੇ ਹੋਰ ਦੀ ਆਸ ਨਹੀਂ ਰਹਿ ਜਾਂਦੀ। ਸਮੁੱਚਾ ਭਾਵ-(੧) ਜਗਤ-ਰੂਪ ਤਖ਼ਤ ਰਚ ਕੇ ਪ੍ਰਭੂ ਨੇ ਇਸ ਵਿਚ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਬਣਾਈ। ਇਸ ਵਿਚ ਮੋਹ ਝੂਠ ਅਹੰਕਾਰ ਆਦਿਕ ਹਨੇਰਾ ਭੀ ਉਸ ਨੇ ਆਪ ਹੀ ਬਣਾਇਆ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ 'ਮੋਹ' ਵਿਚ ਫਸ ਕੇ "ਮੈਂ, ਮੇਰੀ" ਵਿਚ ਖ਼ੁਆਰ ਹੁੰਦਾ ਹੈ ਤੇ ਵਿਕਾਰਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ। (੨) ਸਭ ਤੋਂ ਉੱਚੀ ਦਾਤਿ 'ਨਾਮ' ਹੈ; ਜੋ ਗੁਰੂ ਦੇ ਸਨਮੁਖ ਹੋ ਕੇ ਜਪਦੇ ਹਨ ਉਹਨਾਂ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ, ਉਹਨਾਂ ਦੇ ਤਨ ਮਨ ਵਿਚ ਠੰਢ ਰਹਿੰਦੀ ਹੈ, ਉਹ ਰਜ਼ਾ ਵਿਚ ਪ੍ਰਸੰਨ ਰਹਿੰਦੇ ਹਨ, ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਛੱਡਣ ਕਰਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ। (੩) ਬੰਦਗੀ ਗੁਰੂ ਦੀ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਪ੍ਰਭੂ ਦੇ ਡਰ ਤੋਂ ਬਿਨਾ ਭਗਤੀ ਨਹੀਂ ਹੁੰਦੀ ਤੇ ਇਸ ਡਰ ਦੀ ਸੂਝ ਗੁਰੂ ਤੋਂ ਹੀ ਪੈਂਦੀ ਹੈ, ਗੁਰੂ ਦੀ ਰਾਹੀਂ ਹੀ ਤਨ ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ, ਗੁਰੂ-ਸ਼ਬਦ ਦੀ ਰਾਹੀਂ ਹੀ ਉਸ ਦੇ ਦਰ ਤੇ ਅੱਪੜਨ ਦਾ ਪਰਵਾਨਾ ਮਿਲਦਾ ਹੈ, ਗੁਰੂ ਹੀ ਮਨ ਨੂੰ ਰੋਕਣ ਦੀ ਜਾਚ ਸਿਖਾਂਦਾ ਹੈ ਤੇ ਮਨ ਰੋਕਣ ਤੋਂ ਬਿਨਾ ਭਗਤੀ ਵਿਚ ਲੱਗ ਨਹੀਂ ਸਕੀਦਾ। (੪) 'ਨਾਮ' ਵਿਸਾਰਿਆਂ ਮਾਇਆ ਦੇ ਮੋਹ ਵਿਚ ਫਸੀਦਾ ਹੈ ਤੇ 'ਹਉਮੈ' ਦੇ ਲੰਮੇ ਗੇੜ ਵਿਚ ਪੈ ਕੇ ਖ਼ੁਆਰ ਹੋਈਦਾ ਹੈ। (੫) 'ਨਾਮ' ਸਿਮਰਨ ਵਾਲਾ ਇਕ-ਰਸ ਆਨੰਦ ਵਿਚ ਰਹਿੰਦਾ ਹੈ, ਸ੍ਵੈ-ਸਰੂਪ ਵਿਚ ਟਿਕਦਾ ਹੈ, ਹਉਮੈ ਦੀ ਮੈਲ ਧੋ ਲੈਂਦਾ ਹੈ, ਮਨ ਦੀਆਂ ਵਾਸਨਾ ਮੁੱਕ ਜਾਂਦੀਆਂ ਹਨ, 'ਨਾਮ' ਵਲ ਲਗਨ ਵਧਦੀ ਜਾਂਦੀ ਹੈ, ਆਖ਼ਰ ਪ੍ਰਭੂ ਹੀ ਹਰ ਥਾਂ ਬੇਲੀ ਤੇ ਰਾਖਾ ਜਾਪਦਾ ਹੈ। 'ਵਾਰ' ਦੀ ਬਣਤਰ ਇਸ 'ਵਾਰ' ਦੀਆਂ ੨੦ ਪਉੜੀਆਂ ਹਨ, ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ। ੪੬ ਸਲੋਕ ਹਨ, ਜਿਨ੍ਹਾਂ ਦਾ ਵੇਰਵਾ ਇਉਂ ਹੈ- ਸਲੋਕ ਮਹਲਾ ੩
--- ੧੪ 'ਵਾਰ' ਗੁਰੂ ਅਮਰਦਾਸ ਜੀ ਦੀ ਬਣਾਈ ਹੋਈ ਹੈ, ਪਰ ਉਹਨਾਂ ਦੇ ਆਪਣੇ ਸ਼ਲੋਕ ਸਿਰਫ਼ ਹੇਠ-ਲਿਖੀਆਂ ੬ ਪਉੜੀਆਂ ਦੇ ਨਾਲ ਹਨ-੧, ੨, ੩, ੫, ੬, ੯। ਪਉੜੀ ਨੰ: ੬ ਦੇ ਨਾਲ ੩ ਸ਼ਲੋਕ ਹਨ, ਬਾਕੀ ਪਉੜੀਆਂ ਨਾਲ ਦੋ ਦੋ। ਪਉੜੀ ਨੰ: ੪ ਨਾਲ ਭੀ ਗੁਰੂ ਅਮਰਦਾਸ ਜੀ ਦਾ ੧ ਸ਼ਲੋਕ ਹੈ, ਦੂਜਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ। ਬਾਕੀ ੧੩ ਪਉੜੀਆਂ ਨਾਲ ਗੁਰੂ ਅਮਰਦਾਸ ਜੀ ਦਾ ਕੋਈ ਸ਼ਲੋਕ ਨਹੀਂ ਹੈ। ਜੇ ਗੁਰੂ ਅਮਰਦਾਸ ਜੀ ਇਹ 'ਵਾਰ' ਸ਼ਲੋਕਾਂ-ਸਮੇਤ ਉਚਾਰਦੇ, ਤਾਂ ਜਿਵੇਂ ਪਉੜੀਆਂ ਦੀ ਬਣਤਰ ਪੱਧਰੀ ਹੈ, ਸ਼ਲੋਕ ਭੀ ਹਰੇਕ ਪਉੜੀ ਦੇ ਨਾਲ ਉਚਾਰਦੇ ਤੇ ਗਿਣਤੀ ਇਕੋ ਜਿਹੀ ਰੱਖਦੇ। ਪਰ ੨੦ ਪਉੜੀਆਂ ਵਿਚੋਂ ਸਿਰਫ਼ ੫ ਪਉੜੀਆਂ ਨਾਲ ਦੋ ਦੋ ਸ਼ਲੋਕ; ੧ ਪਉੜੀ ਨਾਲ ੩ ਸਲੋਕ, ਤੇ ਇਕ ਪਉੜੀ ਨਾਲ ਸਿਰਫ਼ ੧ ਸਲੋਕ, ਬਾਕੀ ੧੩ ਪਉੜੀਆਂ ਨਾਲ ਕੋਈ ਭੀ ਸਲੋਕ ਨਾਹ-ਇਹ ਗੱਲ ਸਾਫ਼ ਇਸ ਸਿੱਟੇ ਤੇ ਅਪੜਾਂਦੀ ਹੈ ਕਿ "ਵਾਰ" ਸਿਰਫ਼ ਪਉੜੀਆਂ ਸੀ। ਗੁਰੂ ਅਮਰਦਾਸ ਜੀ ਨੇ 'ਵਾਰ' ਲਿਖਣ ਵੇਲੇ ਕੋਈ ਸਲੋਕ ਨਹੀਂ ਉਚਾਰਿਆ; ਇਹ ਸਲੋਕ ਉਹਨਾਂ ਦੇ ਸੰਗ੍ਰਹ ਵਿਚੋਂ ਗੁਰੂ ਅਰਜਨ ਸਾਹਿਬ ਨੇ 'ਬੀੜ' ਤਿਆਰ ਕਰਨ ਵੇਲੇ ਦਰਜ ਕੀਤੇ ਸਨ ਤੇ ਸਾਰੀਆਂ ਵਾਰਾਂ ਨਾਲ ਦਰਜ ਕਰਨ ਪਿਛੋਂ ਜੋ ਵਧ ਰਹੇ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਵਿਚ ਇਕੱਠੇ "ਸਲੋਕ ਵਾਰਾਂ ਤੇ ਵਧੀਕ" ਦੇ ਸਿਰ-ਲੇਖ ਹੇਠ ਦਰਜ ਕਰ ਦਿੱਤੇ। ਵਿਆਕਰਣ ਦੇ ਖ਼ਿਆਲ ਤੋਂ ਗੁਰੂ ਅਮਰਦਾਸ ਜੀ ਦੀ ਇਸ 'ਰਚਨਾ' ਵਿਚ ਇਕ ਸੁਆਦਲੀ ਗੱਲ ਮਿਲਦੀ ਹੈ। ੨੦ ਪਉੜੀਆਂ ਵਿਚੋਂ ੧੦ ਐਸੀਆਂ ਹਨ ਜਿਨ੍ਹਾਂ ਵਿਚ 'ਭੂਤ ਕਾਲ' (Past Tense) ਦਾ ਇਕ ਖ਼ਾਸ ਰੂਪ ਮਿਲਦਾ ਹੈ ਜਿਸ ਦੇ ਨਾਲ ਹੀ ਉਸ ਦਾ 'ਕਰਤਾ' (Subject) ਭੀ ਮਿਲਿਆ ਹੋਇਆ ਹੈ; ਵੇਖੋ- ਪਉੜੀ
ਨੰ: ੧ ---- ਰਚਾਇਓਨੁ, ਸਾਜੀਅਨੁ ੨੦ ਪਉੜੀਆਂ ਵਿਚ ਇਹ ਕ੍ਰਿਆ-ਰੂਪ ੧੬ ਵਾਰੀ ਆਇਆ ਹੈ; ਐਸਾ ਪ੍ਰਤੀਤ ਹੁੰਦਾ ਹੈ ਕਿ ਇਹ 'ਕ੍ਰਿਆ-ਰੂਪ' ਵਰਤਣ ਦਾ ਉਹਨਾਂ ਨੂੰ ਖ਼ਾਸ ਸ਼ੌਕ ਸੀ। ੴ ਸਤਿਗੁਰ ਪ੍ਰਸਾਦਿ ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ ਸਲੋਕੁ ਮਃ ੩ ॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥ ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥ ਆਗਿਆਕਾਰੀ ਸਦਾ ਸਹਾਗਣਿ ਆਪਿ ਮੇਲੀ ਕਰਤਾਰਿ ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸਹਾਗਣਿ ਨਾਰਿ ॥੧॥ {ਪੰਨਾ 785} ਪਦਅਰਥ: ਸੂਹਾ = ਚੁਹਚੁਹਾ ਰੰਗ ਜਿਵੇਂ ਕਸੁੰਭੇ ਦਾ ਹੁੰਦਾ ਹੈ। ਵੇਸਿ = ਵੇਸ ਵਿਚ। ਸੂਹੈ ਵੇਸਿ = ਸੂਹੇ ਵੇਸ ਵਿਚ। ਰਾਵਣ ਜਾਇ = ਭੋਗਣ ਜਾਂਦੀ ਹੈ। ਮੋਹੀ = ਠੱਗੀ ਗਈ, ਲੁੱਟੀ ਗਈ। ਮਿਠਾ ਕਰਿ ਕੈ = ਸੁਆਦਲਾ ਜਾਣ ਕੇ। ਸੁਧੁ = ਖ਼ਾਲਸ, ਨਿਰੋਲ ਆਪਣਾ। ਪਲਟਿਆ = ਪਰਤਿਆ। ਸਾਜਿ ਸੀਗਾਰਿ = ਸਜਾ ਬਣਾ ਕੇ। ਸਹਜਿ = ਸਹਜ ਅਵਸਥਾ ਵਿਚ। ਉਰ = ਹਿਰਦਾ। ਸਹਾਗਣਿ = ਅੱਖਰ 'ਸ' ਦੀਆਂ ਲਗਾਂ (ੋ) ਤੇ (ੁ) ਵਿਚੋਂ ਏਥੋਂ (ੁ) ਪੜ੍ਹਨਾ ਹੈ। ਕਰਤਾਰਿ = ਕਰਤਾਰ ਨੇ। ਦੋਹਾਗਣਿ = ਮੰਦੇ ਭਾਗਾਂ ਵਾਲੀ, ਰੰਡੀ। ਅਰਥ: ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ, ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ। (ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ, (ਭਾਵ) , ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ। ਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ। ਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ। ਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ।੧। ਮਃ ੩ ॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥ {ਪੰਨਾ 785} ਪਦਅਰਥ: ਸੂਹਵੀਏ = ਹੇ ਸੂਹੇ ਵੇਸ ਵਾਲੀਏ! ਹੇ ਚੁਹਚਹੇ ਕਸੁੰਭੇ = ਰੰਗ ਨਾਲ ਪਿਆਰ ਕਰਨ ਵਾਲੀਏ! ਨਿਮਾਣੀਏ = ਹੇ ਵਿਚਾਰੀਏ! ਅਰਥ: ਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ। ਹੇ ਨਾਨਕ! ਆਖ ਕਿ ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ।੨। ਪਉੜੀ ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥ {ਪੰਨਾ 785} ਪਦਅਰਥ: ਰਚਾਇਓਨੁ = ਰਚਾਇਆ ਉਸ ਨੇ। ਸਾਜੀਅਨੁ = ਸਾਜੀ ਉਸ ਨੇ। ਧਰਮਸਾਲਾ = ਧਰਮ ਕਮਾਣ ਦੀ ਥਾਂ। ਉਪਾਇ = ਪੈਦਾ ਕਰ ਕੇ। ਸੰਬਾਹਿਦਾ = ਅਪੜਾਂਦਾ। ਅਰਥ: ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ, ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ। ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ। (ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ, ਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ।੧। ਸਲੋਕੁ ਮਃ ੩ ॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥ {ਪੰਨਾ 785} ਪਦਅਰਥ: ਸੂਹਬ = ਹੇ ਸੂਹੇ ਵੇਸ ਵਾਲੀਏ! ਅਗਲਾ = ਬਹੁਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ। ਚਿਹਨੁ = ਲੱਛਣ। ਅਰਥ: ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ। ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ। (ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ। ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ।੧। ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ {ਪੰਨਾ 785} ਅਰਥ: ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ; ਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ। ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ। (ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ।੨। |
![]() |
![]() |
![]() |
![]() |
Sri Guru Granth Darpan, by Professor Sahib Singh |