ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 787 ਸਲੋਕੁ ਮਃ ੩ ॥ ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥ ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥ ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥ ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥ ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥ ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥ {ਪੰਨਾ 787} ਪਦਅਰਥ: ਸੂਹਵੀਏ = ਹੇ ਕਸੁੰਭੇ ਰੰਗ ਨਾਲ ਪਿਆਰ ਕਰਨ ਵਾਲੀਏ! ਸੂਹਾ ਵੇਸੁ = ਚੁਹਚੁਹੇ ਰੰਗ ਵਾਲਾ ਵੇਸ, ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਚਾਉ। ਦਝਿ = ਸੜ ਕੇ। ਗਾਵਾਰਿ = ਗਵਾਰਨ। ਗੁਣ ਸਾਰਿ = ਪ੍ਰਭੂ ਦੇ ਗੁਣ ਚੇਤੇ ਕਰ ਕੇ। ਕਰਮੀ = ਪ੍ਰਭੂ ਦੀ ਮਿਹਰ ਨਾਲ। ਉਰ = ਹਿਰਦਾ। ਅਰਥ: ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ; ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ। ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।੧। ਮਃ ੩ ॥ ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥ ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥ ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥ ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥ {ਪੰਨਾ 787} ਪਦਅਰਥ: ਮੁੰਧੇ = ਹੇ ਇਸਤ੍ਰੀਏ! ਪਰਹਰਹੁ = ਛੱਡ ਦੇਹ। ਘਰਿ = ਹਿਰਦੇ ਵਿਚ। ਸਹਜਿ = ਸਹਿਜ ਅਵਸਥਾ ਦੇ ਕਾਰਣ। ਸਾਧਨ = ਇਸਤ੍ਰੀ। ਰਾਵੀਐ = ਮਾਣੀਦੀ ਹੈ। ਰਾਵਣਹਾਰੁ = ਚੋਜੀ, ਅਨੰਦੀ ਪ੍ਰਭੂ। ਅਰਥ: ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ; ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ। ਹੇ ਨਾਨਕ! ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ, ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।੨। ਪਉੜੀ ॥ ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥ ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥ ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥ ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥ ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥ {ਪੰਨਾ 787} ਪਦਅਰਥ: ਮੁਗਧੁ = ਮੂਰਖ। ਕੁਟੰਬੁ = (ਭਾਵ,) ਘਰ ਦਾ ਜੰਜਾਲ। ਜਮਕਾਲਿ = ਜਮਕਾਲ ਨੇ। ਪਾਇਓਨੁ = ਪਾਇਆ ਉਸ (ਪ੍ਰਭੂ) ਨੇ। ਕਮਿਤਾ = ਕਰਦਾ ਹੈ। ਅਰਥ: (ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ; "ਮੈਂ, ਮੇਰੀ" ਵਿਚ (ਭਾਵ, "ਮੈਂ ਵੱਡਾ ਹਾਂ", "ਇਹ ਧਨ ਪਦਾਰਥ ਮੇਰਾ ਹੈ" ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ। ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ, ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ। (ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ।੫। ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ {ਪੰਨਾ 787} ਪਦਅਰਥ: ਸਤੀ = ਉਹ ਇਸਤ੍ਰੀ ਜੋ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਖਾ ਵਿਚ ਸੜ ਮਰਦੀ ਸੀ। ਆਖੀਅਨਿ = ਆਖੀਆਂ ਜਾਂਦੀਆਂ ਹਨ। ਮੜ = ਲੋਥ, ਲਾਸ਼। ਬਿਰਹਾ = ਵਿਛੋੜਾ। ਏਹਿ = (ਬਹੁ-ਵਚਨ) ਅਜੇਹੀਆਂ ਇਸਤ੍ਰੀਆਂ। ਜਿ = ਜੋ। ਅਰਥ: ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ। ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ।੧। ਮਃ ੩ ॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥ {ਪੰਨਾ 787} ਪਦਅਰਥ: ਸੀਲ = ਸੁੱਚਾ ਆਚਰਨ। ਸੀਲ ਸੰਤੋਖਿ = ਸੁੱਚੇ ਆਚਰਜ = ਰੂਪ ਸੰਤੋਖ ਵਿਚ। ਸੇਵਨਿ = ਸੇਵਾ ਕਰਦੀਆਂ ਹਨ। ਉਠਿ = ਉੱਠ ਕੇ, ਭਾਵ, ਉੱਦਮ ਨਾਲ। ਅਰਥ: ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ, ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ।੨। ਮਃ ੩ ॥ ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥ ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥ ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥ ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥ {ਪੰਨਾ 787} ਪਦਅਰਥ: ਮਹੇਲੀਆ = ਇਸਤ੍ਰੀਆਂ। ਕੰਤਾ ਨਾਲਿ = ਜੀਉਂਦੇ ਖਸਮਾਂ ਨਾਲ {ਨੋਟ:ਜੀਵ = ਆਤਮਾ ਦੇ ਸਰੀਰ ਵਿਚੋਂ ਨਿਕਲ ਜਾਣ ਤੇ ਨਿਰਾ ਸਰੀਰ ਹੀ ਕਿਸੇ ਇਸਤ੍ਰੀ ਦਾ 'ਕੰਤ' ਨਹੀਂ ਕਹਾ ਸਕਦਾ। "ਕੰਤ" ਜੀਉਂਦਾ ਮਨੁੱਖ ਹੀ ਹੋ ਸਕਦਾ ਹੈ; ਮਰੇ ਮਨੁੱਖ ਦੇ ਸਰੀਰ ਵਾਸਤੇ ਲਫ਼ਜ਼ "ਮੜ" ਵਰਤਿਆ ਹੈ; ਵੇਖੋ ਸਲੋਕੁ ਨੰ: ੧}। ਸੇਤੀ = ਨਾਲ। ਸੇਤੀ ਅਗਿ ਜਲਾਹਿ = ਅੱਗ ਨਾਲ ਸੜਦੀਆਂ ਹਨ, ਦੁੱਖ ਸਹਾਰਦੀਆਂ ਹਨ; ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ। ਕੈ = ਭਾਵੇਂ। ਭਾਵੈ ਜੀਵਉ ਕੈ ਮਰਉ = ਚਾਹੇ ਜੀਵੇ ਚਾਹੇ ਮਰੇ, ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ! {ਜੀਵਉ, ਮਰਉ = ਹੁਕਮੀ ਭਵਿੱਖਤ ਅੱਨ ਪੁਰਖ, ਇਕ-ਵਚਨ; ਵੇਖੋ 'ਗੁਰਬਾਣੀ ਵਿਆਕਰਣ'}। ਅਰਥ: (ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਪਤੀ ਨੂੰ "ਆਪਣਾ" ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ। ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ? ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ।੩। ਪਉੜੀ ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥ ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥ ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥ ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥ ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥ {ਪੰਨਾ 787} ਅਰਥ: ਹੇ ਕਰਤਾਰ! ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ। ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ; 'ਨਾਮ' ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ 'ਨਾਮ' ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ। ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ।੬। ਸਲੋਕੁ ਮਃ ੨ ॥ ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥ {ਪੰਨਾ 787} ਅਰਥ: ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ; ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ।੧। ਮਃ ੨ ॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥ {ਪੰਨਾ 787} ਅਰਥ: ਹੇ ਨਾਨਕ! ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ, (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ।੨। ਮਃ ੨ ॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥ {ਪੰਨਾ 787} ਪਦਅਰਥ: ਗੁਣੁ = (ਆਪਣੇ ਆਪ ਨੂੰ) ਲਾਭ। ਉਪਕਾਰੁ = (ਕਿਸੇ ਹੋਰ ਨੂੰ) ਲਾਭ। ਸੇਤੀ ਖੁਸੀ = ਖ਼ੁਸ਼ੀ ਨਾਲ। ਸਾਰੁ = ਚੰਗਾ। ਅਰਥ: ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ। ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।੩। ਮਃ ੨ ॥ ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥ {ਪੰਨਾ 787} ਪਦਅਰਥ: ਹਠਿ = ਹਠ ਨਾਲ। ਜਿਪਈ = ਜਿੱਤਿਆ ਜਾਂਦਾ। ਜਿਣੈ = ਜਿੱਤਦਾ ਹੈ। ਸਤ ਭਾਉ = ਚੰਗੀ ਭਾਵਨਾ, ਨੇਕ ਨੀਅਤ। ਦੇ = ਦੇ ਕੇ। ਤਰਫ = (ਰੱਬ ਵਾਲਾ) ਪਾਸਾ। ਅਰਥ: ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ; ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ।੪। ਪਉੜੀ ॥ ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥ ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥ ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥ {ਪੰਨਾ 787-788} ਪਦਅਰਥ: ਕਾਰਣੁ = ਜਗਤ। ਗੋਈ = ਨਾਸ ਕੀਤੀ। ਫੁਨਿ = ਫਿਰ, ਮੁੜ। ਜੁਗ ਚਾਰੇ = ਚਹੁ ਜੁਗਾਂ ਵਿਚ। ਭਵਿ = ਭਉਂ ਕੇ। ਕਿਨਿ = ਕਿਸ ਪਾਸੋਂ? ਅਰਥ: ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ; ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ। ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ। ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ; ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।੭। |
![]() |
![]() |
![]() |
![]() |
Sri Guru Granth Darpan, by Professor Sahib Singh |