ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 788

ਸਲੋਕ ਮਹਲਾ ੨ ॥ ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥ ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥ {ਪੰਨਾ 788}

ਪਦਅਰਥ: ਮੁਚੁ = ਬਹੁਤਾ। ਪਟੰਤਰਾ = ਨਿਰਣਾ, ਨਿਬੇੜਾ। ਦੀਬਾਣਿ = ਦੀਵਾਨ ਵਿਚ, ਹਜ਼ੂਰੀ ਵਿਚ। ਤਿਤੁ ਦੀਬਾਣਿ = ਉਸ (ਰੱਬੀ) ਹਜ਼ੂਰੀ ਵਿਚ।

ਅਰਥ: ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ) , (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ। ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ੧।

ਮਃ ੨ ॥ ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥ {ਪੰਨਾ 788}

ਪਦਅਰਥ: ਜੀਵਤਾ = ਜੀਉਂਦੇ ਦਿਲ ਵਾਲਾ, ਜ਼ਿੰਦਾ = ਦਿਲ। ਮੂਆ = ਮੁਰਦਲ, ਮੁਰਦਾ = ਦਿਲ। ਜਿਨਿ = ਜਿਸ (ਪ੍ਰਭੂ) ਨੇ। ਉਡਤਾ = ਉੱਡਣ ਵਾਲਾ, ਪੰਛੀ। ਮਿਲੈ = ਸਾਥ ਕਰਦਾ ਹੈ।

ਅਰਥ: (ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ। ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)

ਹੇ ਨਾਨਕ! ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ) ੨।

ਪਉੜੀ ॥ ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥ ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥ ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥ ਜਿਨ੍ਹ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥ ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥ {ਪੰਨਾ 788}

ਪਦਅਰਥ: ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਬਦਿ = ਸਬਦ ਦੀ ਰਾਹੀਂ। ਉਰਿ = ਹਿਰਦੇ ਵਿਚ। ਮੰਡਪ = ਵੱਡੇ ਕਮਰੇ। ਮਾੜੀਆ = ਮਹਲ। ਗੁਬਾਰੀ = ਹਨੇਰੇ ਵਿਚ।

ਅਰਥ: ਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ; ਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।

ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ, ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ।੮।

ਸਲੋਕ ਮਃ ੩ ॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ {ਪੰਨਾ 788}

ਪਦਅਰਥ: ਕਾਮਣਿ = ਹੇ ਇਸਤ੍ਰੀ! ਤਉ = ਤਦੋਂ। ਮਤੁ = ਮਤਾ। ਬਿਰਥਾ = ਵਿਅਰਥ। ਪਿਰ ਮਨੁ = ਖਸਮ ਦਾ ਮਨ। ਕੀਆ = (ਸਿੰਗਾਰ) ਕੀਤਾ ਹੋਇਆ। ਤਬੋਲ = ਪਾਨ। ਭਾਉ = ਪਿਆਰ।

ਅਰਥ: ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ। ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ, ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।

ਹੇ ਨਾਨਕ! ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ।੧।

ਮਃ ੩ ॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ {ਪੰਨਾ 788}

ਪਦਅਰਥ: ਕਾਜਲ = ਸੁਰਮਾ। ਧਨ = ਇਸਤ੍ਰੀ ਨੇ। ਵਿਕਾਰੁ = ਮੰਦਾ ਕੰਮ। ਏਵੈ = ਐਵੇਂ, ਸਗੋਂ।

ਅਰਥ: ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ, (ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ੨।

ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ {ਪੰਨਾ 788}

ਪਦਅਰਥ: ਏਹਿ = {ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ, 'ਇਕ-ਵਚਨ' "ਏਹੁ" ਹੈ}ਮੂਰਤੀ = ਜਿਸਮ।

ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।੩।

ਪਉੜੀ ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥ {ਪੰਨਾ 788}

ਪਦਅਰਥ: ਨਾਮਿ = ਨਾਮ ਵਿਚ। ਭਾਇ = ਭਾਉ ਦੀ ਰਾਹੀਂ, 'ਪ੍ਰੇਮ' ਨਾਲ। ਭੇਟਿਆ = ਮਿਲਿਆ। ਮੁਰਾਰੀ = {ਮੁਰ+ਅਰਿ} 'ਮੁਰ' ਦੈਂਤ ਦਾ ਵੈਰੀ, ਕ੍ਰਿਸ਼ਨ, ਭਾਵ, ਪ੍ਰਭੂ।

ਅਰਥ: ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ) ; ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।

(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ; ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।

ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ।੯।

ਸਲੋਕ ਮਃ ੧ ॥ ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥ ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥ ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥ ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥ {ਪੰਨਾ 788}

ਪਦਅਰਥ: ਵਾਹੁ = ਧੰਨ, ਅਸਚਰਜ। ਹਮ ਕੀਏ = ਅਸਾਨੂੰ ਬਣਾਇਆ। ਵੇਲਿ = (ਹਰੀ) ਵੇਲ। ਵਰਸ = ਵਰਖਾ। ਵਰਾਹੁ = ਬੱਦਲ। ਆਪੀਣੈ = ਆਪ ਹੀ ਨੈ, ਤੂੰ ਆਪ ਹੀ। ਆਪਾਹੁ = ਨਿਰਲੇਪ, ਪਾਹ ਤੋਂ ਬਿਨਾ। ਉਨਮਨਿ = ਉਨਮਨ ਵਿਚ, ਉਤਸ਼ਾਹ ਨਾਲ। ਮਸਕਤਿ = ਮੁਸ਼ੱਕਤਿ, ਮਿਹਨਤ ਕਰ ਕੇ। ਦਰਾਹੁ = ਦਰ ਤੋਂ। ਪੁਰ = ਭਰੇ ਹੋਏ। ਵੇਪਰਵਾਹ = ਹੇ ਵੇਪਰਵਾਹ ਪ੍ਰਭੂ! ਦਰਿ = ਦਰ ਤੇ। ਊਣਾ = ਸੱਖਣਾ।

ਅਰਥ: ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ। ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ-(ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)

ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ) ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ।

ਹੇ ਨਾਨਕ! ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ।੧।

ਮਹਲਾ ੧ ॥ ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥ {ਪੰਨਾ 788}

ਪਦਅਰਥ: ਉਜਲ = ਚਿੱਟੇ, ਸਾਫ਼। ਮੋਤੀ = ਭਾਵ, ਦੰਦ। ਰਤਨੁ = ਭਾਵ, ਅੱਖਾਂ। ਜਰੁ = ਬੁਢੇਪਾ। ਥੀਇ = ਹੋ ਕੇ। ਤਿਨ = ਉਹਨਾਂ (ਸਰੀਰਾਂ) ਦਾ। ਜੁੜੰਨਿ = ਸੋਭ ਰਹੇ ਹਨ।

ਅਰਥ: ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ, ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ।੨।

TOP OF PAGE

Sri Guru Granth Darpan, by Professor Sahib Singh