ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 789

ਪਉੜੀ ॥ ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ {ਪੰਨਾ 789}

ਪਦਅਰਥ: ਸਉਪਿ = ਸੌਂਪ ਕੇ, ਹਵਾਲੇ ਕਰ ਕੇ। ਗਹਿਰ = ਡੂੰਘਾ। ਗੰਭੀਰੁ = ਜਿਗਰੇ ਵਾਲਾ, ਭਾਰਾ = ਗੌਰਾ। ਹੀਰਾ ਹੀਰੁ = ਹੀਰਿਆਂ ਵਿਚੋਂ ਹੀਰਾ, ਸ੍ਰੇਸ਼ਟ ਹੀਰਾ (ਰੂਪ। ਫੀਰੁ = ਫੇਰਾ। ਗੁਣੀ = ਗੁਣਾਂ ਦਾ ਮਾਲਕ। ਗਹੀਰੁ = ਡੂੰਘਾ, ਜਿਗਰੇ ਵਾਲਾ, ਵੱਡੇ ਦਿਲ ਵਾਲਾ।

ਅਰਥ: (ਹੇ ਜੀਵ!) ਤਨ ਮਨ ਸਰੀਰ (ਆਪਣਾ ਆਪ) ਪ੍ਰਭੂ ਦੇ ਹਵਾਲੇ ਕਰ ਕੇ (ਭਾਵ, ਪ੍ਰਭੂ ਦੀ ਪੂਰਨ ਰਜ਼ਾ ਵਿਚ ਰਹਿ ਕੇ) ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ; (ਜਿਸ ਮਨੁੱਖ ਨੇ) ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ, ਉਸ ਨੂੰ) ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ; ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ।

(ਸੋ) ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ।੧੦।

ਸਲੋਕ ਮਃ ੧ ॥ ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ {ਪੰਨਾ 789}

ਪਦਅਰਥ: ਤਨੁ = ਸਰੀਰ, ਸਰੀਰ ਦਾ ਮੋਹ, ਦੇਹ = ਅਧਿਆਸ। ਜਿਨਿ = ਜਿਸ (ਸਰੀਰ) ਨੇ। ਜਲਿਐ = (ਤ੍ਰਿਸ਼ਨਾ = ਅੱਗ ਵਿਚ) ਸੜੇ ਹੋਏ ਨੇ। ਪਰਾਲਿ = ਪਰਾਲੀ, ਪਾਪਾਂ ਦੀ ਪਰਾਲੀ। ਨਿਵੰਧੈ ਤਾਲਿ = ਨੀਵੇਂ ਤਲਾਬ ਵਿਚ, ਗਿਰਾਵਟ ਵਿਚ ਆਏ ਹੋਏ ਹਿਰਦੇ ਵਿਚ। ਅੰਬੜੈ = ਅੱਪੜਦਾ। ਪਉਦੀ ਜਾਇ = ਪੈਂਦੀ ਜਾਂਦੀ ਹੈ। ਤਿਤੁ = ਇਸ ਵਿਚ।

ਅਰਥ: ਹੇ ਨਾਨਕ! ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ 'ਨਾਮ' ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ। (ਤ੍ਰਿਸ਼ਨਾ ਦੇ ਕਾਰਣ) ਗਿਰਾਵਟ ਵਿਚ ਆਏ ਇਸ ਹਿਰਦੇ-ਤਲਾਬ ਵਿਚ (ਪਾਪਾਂ ਦੀ) ਪਰਾਲੀ ਇਕੱਠੀ ਹੋ ਰਹੀ ਹੈ (ਇਸ ਨੂੰ ਕੱਢਣ ਲਈ) ਫਿਰ ਪੇਸ਼ ਨਹੀਂ ਜਾਇਗੀ।੧।

ਮਃ ੧ ॥ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ {ਪੰਨਾ 789}

ਪਦਅਰਥ: ਫਿਟਿਆ = ਫਿਟਕਾਰ = ਜੋਗ, ਮੰਦੇ। ਸਹੰਮ = ਸਹਿਮ, ਫ਼ਿਕਰ। ਕਿਤੀ = ਕਿਤਨੇ। ਲਹਾ = ਮੈਂ ਸਹਾਂਗਾ।

ਅਰਥ: ਹੇ ਨਾਨਕ! ਮੇਰੇ ਮਨ ਦੇ ਤਾਂ ਇਤਨੇ ਮੰਦੇ ਕੰਮ ਹਨ ਕਿ ਗਿਣੇ ਨਹੀਂ ਜਾ ਸਕਦੇ, (ਇਹਨਾਂ ਦੇ ਕਾਰਣ) ਮੈਨੂੰ ਸਹਿਮ ਭੀ ਬੜੇ ਸਹਾਰਨੇ ਪੈ ਰਹੇ ਹਨ, ਜਦੋਂ ਪ੍ਰਭੂ ਆਪ ਬਖ਼ਸ਼ਦਾ ਹੈ ਤਾਂ (ਉਸ ਦੀ ਹਜ਼ੂਰੀ ਵਿਚੋਂ) ਧੱਕਾ ਨਹੀਂ ਮਿਲਦਾ।੨।

ਪਉੜੀ ॥ ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ {ਪੰਨਾ 789}

ਪਦਅਰਥ: ਸਚੁ ਫੁਰਮਾਣੁ = ਨਾਮ ਸਿਮਰਨ = ਰੂਪ ਹੁਕਮ। ਸਚਾ = ਅਟੱਲ। ਸੁਜਾਣੁ = ਸਿਆਣਾ। ਨੀਸਾਣੁ = ਨਿਸ਼ਾਨਾ, ਜੀਵਨ ਦਾ ਆਦਰਸ਼। ਥਾਟੁ = ਬਣਤਰ, ਸਿਮਰਨ = ਰੂਪ ਬਣਤਰ।

ਅਰਥ: ਨਾਮ ਸਿਮਰਨ ਦਾ ਨੇਮ ਬਣਾ ਕੇ ਪ੍ਰਭੂ ਨੇ ਇਹ ਅਟੱਲ ਹੁਕਮ ਚਲਾ ਦਿੱਤਾ ਹੈ। ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ (ਹਰੇਕ ਦੀ ਭਲਾਈ ਨੂੰ) ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ ਤੇ ਹਰ ਥਾਂ ਮੌਜੂਦ ਹੈ।

ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ; ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਜਿਸ ਵਿਚ ਕੋਈ ਊਣਤਾ ਨਹੀਂ) ; (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ।

ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ।੧੧।

ਸਲੋਕ ਮਃ ੧ ॥ ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ {ਪੰਨਾ 789}

ਪਦਅਰਥ: ਬਦਰਾ = ਥੈਲੀ। ਮਾਲ ਕਾ ਬਦਰਾ = ਰੁਪਇਆਂ ਦੀ ਥੈਲੀ, ਕੀਤੇ ਕਰਮਾਂ ਦਾ ਇਕੱਠ। ਆਣਿ = ਲਿਆ ਕੇ। ਪਰਖੀਅਨਿ = ਪਰਖੇ ਜਾਂਦੇ ਹਨ। ਦੀਬਾਣਿ = ਹਜ਼ੂਰੀ ਵਿਚ।

ਅਰਥ: ਹੇ ਨਾਨਕ! ਕਿਸੇ ਮਾਲਕ ਦਾ ਨੌਕਰ) ਰੁਪਇਆਂ ਦੀ ਥੈਲੀ (ਕਮਾ ਕੇ) ਅੰਦਰ ਲਿਆ ਰੱਖਦਾ ਹੈ, ਮਾਲਕ ਦੇ ਸਾਹਮਣੇ ਖੋਟੇ ਤੇ ਖਰੇ ਰੁਪਏ ਪਰਖੇ ਜਾਂਦੇ ਹਨ (ਏਸੇ ਤਰ੍ਹਾਂ ਇਹ ਜੀਵ-ਵਣਜਾਰਾ ਸ਼ਾਹ-ਪ੍ਰਭੂ ਦਾ ਭੇਜਿਆ ਹੋਇਆ ਏਥੇ ਵਣਜ ਕਰ ਕੇ ਚੰਗੇ ਮੰਦੇ ਕੰਮਾਂ ਦੇ ਸੰਸਕਾਰ ਇਕੱਠੇ ਕਰਦਾ ਰਹਿੰਦਾ ਹੈ, ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਨਿਤਾਰਾ ਹੋ ਜਾਂਦਾ ਹੈ ਕਿ ਏਥੇ ਖੋਟ ਹੀ ਕਮਾ ਰਿਹਾ ਹੈ ਜਾਂ ਭਲਾਈ ਭੀ) ੧।

ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥

ਪਦਅਰਥ: ਮਨਿ ਖੋਟੈ = ਖੋਟੇ ਮਨ ਨਾਲ। ਤਨਿ = ਸਰੀਰ ਵਿਚ। ਚੋਰ = ਕਾਮਾਦਿਕ ਚੋਰ। ਇਕੁ ਭਾਉ = ਇੱਕ ਹਿੱਸਾ। ਲਥੀ = (ਮੈਲ) ਲਹਿ ਗਈ। ਦੁਇ ਭਾ = ਦੋ ਹਿੱਸੇ। ਹੋਰ = ਹੋਰ ਮੈਲ। ਤੂੰਮੜੀ = ਤੁੰਮੀ। ਵਿਸੁ = ਜ਼ਹਿਰ। ਨਿਕੋਰ = ਨਿਰੋਲ।

ਅਰਥ: ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ, (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।

ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ।੨।

ਪਉੜੀ ॥ ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ {ਪੰਨਾ 789}

ਪਦਅਰਥ: ਦਹਦਿਸ = ਦਸੀਂ ਪਾਸੀਂ। ਗੁਰਿ = ਗੁਰੂ ਨੇ। ਸਭ = ਸਾਰੀ ਲੋਕਾਈ।

ਅਰਥ: ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਜਗਤ ਨੂੰ ਉਸ ਨੇ ਆਪ ਹੀ ਮਾਇਕ ਧੰਧੇ ਵਿਚ ਲਾ ਰੱਖਿਆ ਹੈ, ਜਿਨ੍ਹਾਂ ਨੂੰ ਉਸ ਨੇ ਆਪ ਹੀ (ਨਾਮ ਵਿਚ) ਜੋੜ ਰੱਖਿਆ ਹੈ ਉਹਨਾਂ ਨੇ ਗੁਰੂ ਦੀ ਸਰਨ ਪੈ ਕੇ ਸੁਖ ਹਾਸਲ ਕੀਤਾ ਹੈ।

ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ, (ਸਰਨ ਆਏ ਮਨੁੱਖ ਦਾ ਮਨ) ਗੁਰੂ ਨੇ (ਹੀ) ਰੋਕ ਕੇ ਰੱਖਿਆ ਹੈ; ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ, ਪਰ ਮਿਲਦਾ ਗੁਰੂ ਦੀ ਮਤਿ ਲਿਆਂ ਹੀ ਹੈ।

(ਗੁਰੂ ਦਾ ਮਿਲਣਾ ਭੀ ਭਾਗਾਂ ਦੀ ਗੱਲ ਹੈ, ਤੇ) ਜੋ ਲੇਖ ਪ੍ਰਭੂ ਨੇ ਮੁੱਢ ਤੋਂ ਬੰਦੇ ਦੇ ਮੱਥੇ ਲਿਖ ਦਿੱਤਾ ਹੈ ਉਹ ਮਿਟਾਇਆ ਨਹੀਂ ਜਾ ਸਕਦਾ।੧੨।

ਸਲੋਕ ਮਃ ੧ ॥ ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ {ਪੰਨਾ 789}

ਪਦਅਰਥ: ਦੁਇ = ਦੋਵੇਂ, ਚੰਦ ਤੇ ਸੂਰਜ। ਚਉਦਹ = ਚੌਦਾਂ ਲੋਕ। ਹਟਨਾਲੇ = ਬਾਜ਼ਾਰ। ਲਾਹਾ = ਨਫ਼ਾ। ਘਰਿ = ਘਰ ਵਿਚ, ਭਟਕਣ ਤੋਂ ਹਟ ਕੇ ਪ੍ਰਭੂ ਦੇ ਦਰ ਤੇ। ਵਧਾਈ ਵਜੀ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਬਣਦੀ ਹੈ।

ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ, ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ) , ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।

(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ) , ਹੇ ਨਾਨਕ! ਸ਼ਾਹ-ਪ੍ਰਭੂ ਦੇ ਹੱਟ ਤੇ) 'ਨਾਮ' ਨਫ਼ਾ ਹੀ ਕਬੂਲ ਹੁੰਦਾ ਹੈ। ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ।੧।

ਮਃ ੧ ॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ {ਪੰਨਾ 789}

ਪਦਅਰਥ: ਸੇ ਵੰਨ = ਉਹੀ ਰੰਗ। ਸੁਪੇਦਾ = ਸਫ਼ੈਦ ਚੀਜ਼ਾਂ ਦਾ। ਦਿਹੁ = ਦਿਨ। ਬਗਾ = ਚਿੱਟਾ। ਘਣਾ = ਬਹੁਤ। ਵੰਨ = ਰੰਗ। ਅੰਧ ਗਿਆਨੁ = ਅੰਨ੍ਹੀ ਮਤਿ।

ਅਰਥ: ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ) , ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈ, ਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ) । (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ; ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ ('ਨਾਮ' ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ।੨।

ਪਉੜੀ ॥ ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ {ਪੰਨਾ 789}

ਪਦਅਰਥ: ਕੋਟੁ = ਕਿਲ੍ਹਾ। ਆਪੇ = ਆਪ ਹੀ। ਇਕਿ = ਕਈ ਜੀਵ। ਖੁਆਇਅਨੁ = ਖੁੰਝਾਏ ਹਨ ਉਸ ਨੇ। ਵਿਆਪੇ = ਫਸੇ ਹੋਏ। ਸਾ = ਸੀ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ। ਥਾਪੇ = ਥਾਪਣਾ ਦੇਵੇ।

ਅਰਥ: ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ, (ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।

ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ; (ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।

(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ) ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ।੧੩।

TOP OF PAGE

Sri Guru Granth Darpan, by Professor Sahib Singh