ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 795

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥ ਤੇਰੇ ਗੁਣ ਗਾਵਾ ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥ ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥ ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥ ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥ ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥ {ਪੰਨਾ 795}

ਪਦਅਰਥ: ਕਹਾ ਹਉ = ਮੈਂ ਆਖਦਾ ਹਾਂ। ਕਵਨ ਵਡਾਈ = ਕੋਈ ਵਡਿਆਈ ਨਹੀਂ। ਕਹਾ = ਮੈਂ ਆਖਦਾ ਹਾਂ।੧।

ਗਾਵਾ = ਮੈਂ ਗਾਵਾਂ। ਬੁਝਾਈ = ਸਮਝ, ਅਕਲ। ਜੈਸੇ = ਜਿਸ ਤਰ੍ਹਾਂ, ਤਾਂ ਜੋ। ਰਹਉ = ਮੈਂ ਟਿਕਿਆ ਰਹਾਂ। ਰਜਾਈ = ਹੇ ਰਜ਼ਾ ਦੇ ਮਾਲਕ = ਪ੍ਰਭੂ!੧।ਰਹਾਉ।

ਤੁਝ ਤੇ = ਤੈਥੋਂ। ਅਸਨਾਈ = ਨਾਈ, ਵਡਿਆਈ {'ਸ੍ਨਾ' ਅਰਬੀ ਲਫ਼ਜ਼ ਹੈ, ਅਰਥ ਹੈ 'ਵਡਿਆਈ'}ਨੋਟ: ਜਦੋਂ ਕਿਸੇ ਲਫ਼ਜ਼ ਦੇ ਸ਼ੁਰੂ ਵਿਚ ਦੋ ਜੁੜਵੇਂ ਅੱਖਰ ਹੋਣ ਜਿਨ੍ਹਾਂ ਵਿਚ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ = ਉਚਾਰਨ ਵਿਚ ਉਹਨਾਂ ਦੋਹਾਂ ਅੱਖਰਾਂ ਨੂੰ ਵਖ ਵਖ ਕਰ ਕੇ 'ਸ' ਦੇ ਪਹਿਲਾਂ 'ਅ' ਵਰਤ ਲਈਦਾ ਹੈ। ਜਾਂ, '' ਉਡਾ ਹੀ ਦੇਈਦਾ ਹੈ; ਜਿਵੇਂ:

(स्थान) ਸਾਨ = ਅਸਥਾਨ, ਥਾਨ
(स्तम्भ) ਸ੍ਤੰਭ = ਅਸਥੰਭ, ਥੰਭ, ਥੰਮ੍ਹ੍ਹ
(स्टेशन) ਸ੍ਟੇਸ਼ਨ = ਅਸਟੇਸ਼ਨ, ਟੇਸ਼ਨ
(स्ना) ਸ੍ਨਾ = ਅਸਨਾਈ, ਨਾਈ {ਅਰਬੀ ਲਫ਼ਜ਼}

ਸਾਹਿਬ = ਹੇ ਸਾਹਿਬ! ਚਤੁਰਾਈ = ਅਕਲ, ਚਲਾਕੀ।੨।

ਹਉ = ਮੈਂ। ਕਥੀ = ਮੈਂ ਬਿਆਨ ਕਰਾਂ। ਕਥੇ ਕਥਿ = ਕਥਿ ਕਥਿ, ਕਥ ਕੇ ਕਥ ਕੇ। ਦੇਖਾ = ਮੈਂ ਵੇਖਦਾ ਹਾਂ। ਅਕਥੁ = ਜਿਸ ਦੇ ਗੁਣ ਕਹੇ ਨ ਜਾ ਸਕਣ। ਤਿਲੁ = ਰਤਾ ਕੁ।੩।

ਏਤੇ = ਇਤਨੇ, ਅਨੇਕਾਂ। ਕੂਕਰ = ਕੁੱਤੇ, ਕਾਮਾਦਿਕ ਵਿਕਾਰ। ਬੇਗਾਨਾ = ਓਪਰਾ। ਭਉਕਾ = ਮੈਂ ਭੌਂਕਦਾ ਹਾਂ। ਇਸੁ ਤਨ ਤਾਈ = ਇਸ ਸਰੀਰ ਨੂੰ ਬਚਾਣ ਵਾਸਤੇ। ਖਸਮੈ ਨਾਉ = ਖਸਮ ਦਾ ਨਾਮ, ਖਸਮ ਦੀ ਬਜ਼ੁਰਗੀ, ਖਸਮ ਦੀ ਵਡਿਆਈ। ਨ ਜਾਈ = ਦੂਰ ਨਹੀਂ ਹੋ ਸਕਦੀ।

ਨੋਟ: ਕੋਈ ਓਪਰਾ ਕੁੱਤਾ ਕਿਸੇ ਪਿੰਡ ਵਿਚ ਚਲਾ ਜਾਏ, ਤਾਂ ਉਥੋਂ ਦੇ ਸਾਰੇ ਕੁੱਤੇ ਰਲ ਕੇ ਉਸ ਨੂੰ ਵੱਢਣ ਪੈਂਦੇ ਹਨ। ਉਹ ਵਿਚਾਰਾ ਆਪਣੇ ਆਪ ਨੂੰ ਉਹਨਾਂ ਤੋਂ ਬਚਾਣ ਲਈ ਮਾੜਾ ਮਾੜਾ ਭੌਂਕਦਾ ਹੈ। ਇਹ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਜੀ ਆਖਦੇ ਹਨ ਕਿ ਇਸ ਓਪਰੇ ਜਗਤ ਵਿਚ ਮੈਂ ਇਕੱਲਾ ਹਾਂ ਤੇ ਕਾਮਾਦਿਕ ਅਨੇਕਾਂ ਕੁੱਤੇ ਮੈਨੂੰ ਵੱਢਣ ਪੈ ਰਹੇ ਹਨ। ਇਹਨਾਂ ਤੋਂ ਬਚਣ ਲਈ ਮੈਂ ਤੇਰੇ ਦਰ ਤੇ ਤਰਲੇ ਲੈ ਰਿਹਾ ਹਾਂ, ਜਿਵੇਂ ਉਹ ਓਪਰਾ ਕੁੱਤਾ ਦੂਜੇ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ।੪।

ਅਰਥ: ਹੇ ਰਜ਼ਾ ਦੇ ਮਾਲਕ-ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਮੈਨੂੰ (ਅਜੇਹੀ) ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ (ਚਰਨਾਂ) ਵਿਚ ਟਿਕਿਆ ਰਹਿ ਸਕਾਂ।੧।ਰਹਾਉ।

ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ, (ਇਹ ਤਾਂ ਇਉਂ ਹੀ ਹੈ ਕਿ) ਤੂੰ ਬਾਦਸ਼ਾਹ ਹੈਂ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ। (ਪਰ ਇਤਨੀ ਕੁ ਸਿਫ਼ਤਿ-ਸਾਲਾਹ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ) ਹੇ ਮਾਲਕ-ਪ੍ਰਭੂ! ਸਿਫ਼ਤਿ-ਸਾਲਾਹ ਕਰਨ ਦਾ) ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ।੧।

ਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ। ਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ (ਤੁੱਛ-ਅਕਲ ਹਾਂ) ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ (ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ।੨।

ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ (ਭਾਵ, ਜਿਤਨੀ ਕੁ ਤੂੰ ਬਿਆਨ ਕਰਨ ਲਈ ਆਪ ਹੀ ਸਮਝ ਦੇਂਦਾ ਹੈਂ) ੩।

(ਹੇ ਪ੍ਰਭੂ! ਇਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ) । (ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸੱਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ) ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ) ੪।੧।

ਬਿਲਾਵਲੁ ਮਹਲਾ ੧ ॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥ ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ ਮੰਦਿਰ ਛਾਵਾ ਤੇਰੇ ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥ {ਪੰਨਾ 795}

ਪਦਅਰਥ: ਮੰਦਰੁ = ਦੇਵਤੇ ਦਾ ਅਸਥਾਨ। ਤਨੁ = ਸਰੀਰ (ਭਾਵ, ਗਿਆਨ = ਇੰਦ੍ਰੇ) ਵੇਸ ਕਲੰਦਰੁ = ਫ਼ਕੀਰੀ ਪਹਿਰਾਵੇ ਵਾਲਾ। ਕਲੰਦਰ = ਫ਼ਕੀਰ, ਰਮਤਾ ਫ਼ਕੀਰ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ। ਤੀਰਥਿ = ਤੀਰਥ ਉਤੇ। ਨਾਵਾ = ਮੈਂ ਨ੍ਹਾਉਂਦਾ ਹਾਂ। ਏਕੁ ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਮੇਰੈ ਪ੍ਰਾਨਿ = ਮੇਰੀ ਜਿੰਦ ਵਿਚ। ਜਨਮਿ = ਜਨਮ ਵਿਚ। ਬਾਹੁੜਿ = ਮੁੜ, ਫਿਰ। ਆਵਾ = ਆਵਾਂਗਾ।੧।

ਬੇਧਿਆ = ਵਿੱਝ ਗਿਆ ਹੈ। ਸੇਤੀ = ਨਾਲ। ਮੇਰੀ ਮਾਈ = ਹੇ ਮੇਰੀ ਮਾਂ! ਕਉਣੁ ਜਾਣੈ = ਹੋਰ ਕੋਈ ਨਹੀਂ ਜਾਣਦਾ। ਪੀਰ = ਪੀੜ। ਚਿੰਤ ਪਰਾਈ = ਕਿਸੇ ਹੋਰ ਦੀ ਆਸ।੧।ਰਹਾਉ।

ਅਗਮ = ਹੇ ਅਗੰਮ! ਹੇ ਅਪਹੁੰਚ! ਅਗੋਚਰੁ = ਅ = ਗੋ = ਚਰ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਲਖ = ਅਦ੍ਰਿਸ਼ਟ। ਚਿੰਤਾ = ਫ਼ਿਕਰ, ਧਿਆਨ, ਸੰਭਾਲ। ਕਰਹੁ = ਤੁਸੀ ਕਰਦੇ ਹੋ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ = ਭਰਪੂਰ, ਨਕਾ ਨਕ। ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ।੨।

ਸਿਖ = ਸਿੱਖਿਆ। ਮਤਿ = ਅਕਲ। ਮੰਦਿਰ = ਜੀਵਾਂ ਦੇ ਮਨ (ਰੂਪ ਮੰਦਰ) ਛਾਵਾ = ਸਰੀਰ। ਜਾਣਾ = ਮੈਂ ਜਾਣਦਾ। ਗਾਵਾ = ਮੈਂ ਗਾਂਦਾ ਹਾਂ।੩।

ਸਭਿ = ਸਾਰੇ। ਚਿੰਤ = ਫ਼ਿਕਰ, ਸੰਭਾਲ। ਤੁਧੁ ਪਾਸੇ = ਤੇਰੇ ਪਾਸ, ਤੈਨੂੰ ਹੀ।੪।

ਅਰਥ: ਹੇ ਮੇਰੀ ਮਾਂ! ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ। ਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।੧।ਰਹਾਉ।

ਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ) , ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ।੧।

ਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ। ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ।੨।

ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ। ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ।੩।

ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ। ਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ) ੪।੨।

TOP OF PAGE

Sri Guru Granth Darpan, by Professor Sahib Singh